ਬੀਐਸਐਫ ਨੂੰ ਮਿਲੀ ਵੱਡੀ ਕਾਮਯਾਬੀ, 11 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਸ਼ੱਕੀ ਵਿਅਕਤੀ ਕਾਬੂ
ਗੁਰਦਾਸਪੁਰ, 15 ਨਵੰਬਰ 2025 (ਮੰਨਨ ਸੈਣੀ)—ਬੀਐਸਐਫ ਗੁਰਦਾਸਪੁਰ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ, ਜਦੋਂ ਇੱਕ ਸ਼ੱਕੀ ਨੂੰ 11.08 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਮੈਗਜ਼ੀਨਾਂ ਸਮੇਤ ਇੱਕ ਪਿਸਤੌਲ, ਇੱਕ ਜ਼ਿੰਦਾ ਕਾਰਤੂਸ, ਇੱਕ ਮੋਬਾਈਲ ਫੋਨ ਅਤੇ 4,210 ਰੂਪਏ ਨਕਦੀ ਬਰਾਮਦ ਕੀਤੀ ਗਈ।

ਜਾਣਕਾਰੀ ਅਨੁਸਾਰ ਬੀਐਸਐਫ ਗੁਰਦਾਸਪੁਰ ਦੀ ਖੁਫੀਆ ਸ਼ਾਖਾ ਨੂੰ ਡੇਰਾ ਬਾਬਾ ਨਾਨਕ ਰੋਡ ਖੇਤਰ ਵਿੱਚ ਸ਼ੱਕੀ ਗਤੀਵਿਧੀਆਂ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ। ਇਸ ਜਾਣਕਾਰੀ ਦੇ ਆਧਾਰ ‘ਤੇ, ਖੂਫੀਆ ਸਟਾਫ ਨੇ ਪੱਖੋਕੇ ਮਹਿਮਾਰਾ ਪਿੰਡ ਦੇ ਨੇੜੇ ਸ਼ੱਕੀ ਢੰਗ ਨਾਲ ਘੁੰਮ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਪੁੱਛਗਿੱਛ ਕਰਨ ‘ਤੇ ਇਹ ਖੁਲਾਸਾ ਹੋਇਆ ਕਿ ਉਹ ਵਿਅਕਤੀ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸੀ। ਤਲਾਸ਼ੀ ਦੌਰਾਨ, ਉਸ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, ਇੱਕ ਜ਼ਿੰਦਾ ਕਾਰਤੂਸ, ਇੱਕ ਮੋਬਾਈਲ ਫੋਨ ਅਤੇ 4,210 ਰੁਪਏ ਨਕਦ ਬਰਾਮਦ ਕੀਤੇ ਗਏ। ਹੋਰ ਪੁੱਛਗਿੱਛ ਕਰਨ ‘ਤੇ, ਸ਼ੱਕੀ ਨੇ ਇੱਕ ਸਥਾਨ ਬਾਰੇ ਜਾਣਕਾਰੀ ਦਿੱਤੀ, ਜਿੱਥੇ ਬੀਐਸਐਫ ਕਰਮਚਾਰੀਆਂ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਇੱਕ ਮੋਟਰਸਾਈਕਲ ਅਤੇ ਹੈਰੋਇਨ ਦੇ ਚਾਰ ਵੱਡੇ ਪੈਕੇਟ ਬਰਾਮਦ ਹੋਏ। ਜਿਨ੍ਹਾਂ ਦਾ ਕੁੱਲ ਵਜ਼ਨ 11.08 ਕਿਲੋਗ੍ਰਾਮ ਸੀ। ਪੈਕੇਟਾਂ ਨੂੰ ਚਮਕਦਾਰ ਪੀਲੇ ਚਿਪਕਣ ਵਾਲੇ ਟੇਪ ਵਿੱਚ ਲਪੇਟਿਆ ਗਿਆ ਸੀ ਅਤੇ ਨਾਈਲੋਨ ਰੱਸੀ ਅਤੇ ਹੁੱਕ ਨਾਲ ਬੰਨ੍ਹਿਆ ਹੋਇਆ ਸੀ।