Close

Recent Posts

Punjab PUNJAB FLOODS

24 ਘੰਟੇ ਦੌਰਾਨ 267 ਲੋਕ ਆਪਣੇ ਘਰਾਂ ਨੂੰ ਪਰਤੇ, ਰਾਹਤ ਕੈਂਪਾਂ ਦੀ ਗਿਣਤੀ ਘਟਾ ਕੇ 35 ਕੀਤੀ: ਹਰਦੀਪ ਸਿੰਘ ਮੁੰਡੀਆਂ

24 ਘੰਟੇ ਦੌਰਾਨ 267 ਲੋਕ ਆਪਣੇ ਘਰਾਂ ਨੂੰ ਪਰਤੇ, ਰਾਹਤ ਕੈਂਪਾਂ ਦੀ ਗਿਣਤੀ ਘਟਾ ਕੇ 35 ਕੀਤੀ: ਹਰਦੀਪ ਸਿੰਘ ਮੁੰਡੀਆਂ
  • PublishedSeptember 19, 2025

ਹੜ੍ਹ ਪ੍ਰਭਾਵਿਤ ਖੇਤਰ ਆਮ ਵਰਗੇ ਹਾਲਾਤ ਵੱਲ ਵਧੇ”

ਚੰਡੀਗੜ੍ਹ, 19 ਸਤੰਬਰ 2025 (ਦੀ ਪੰਜਾਬ ਵਾਇਰ)–  ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਰਾਹਤ ਕੈਂਪਾਂ ਦੀ ਗਿਣਤੀ ਘਟ ਕੇ 35 ਰਹਿ ਗਈ ਹੈ ਅਤੇ ਇੱਥੇ ਬਸੇਰਾ ਕਰ ਰਹੇ ਵਿਅਕਤੀਆਂ ਦਾ ਅੰਕੜਾ ਘਟ ਕੇ ਸਿਰਫ਼ 894 ਰਹਿ ਗਿਆ ਹੈ।

ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰ ਹੌਲੀ-ਹੌਲੀ ਆਪਣੇ ਘਰਾਂ ਨੂੰ ਪਰਤ ਰਹੇ ਹਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਵਿੱਢੇ ਗਏ ਰਾਹਤ ਕਾਰਜਾਂ ਤਹਿਤ ਹੁਣ ਤੱਕ ਕੁੱਲ 23,340 ਵਿਅਕਤੀਆਂ ਨੂੰ ਪਾਣੀ ਚੋਂ ਸੁਰੱਖਿਅਤ ਕੱਢਿਆ ਗਿਆ ਹੈ ਅਤੇ ਸੂਬਾ ਆਮ ਵਰਗੇ ਹਾਲਾਤ ਵੱਲ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੀ ਗਿਣਤੀ 2490 ਤੋਂ ਵਧ ਕੇ 2539 ਹੋ ਗਈ ਹੈ ਜਦੋਂ ਕਿ ਪ੍ਰਭਾਵਿਤ ਕੁੱਲ ਆਬਾਦੀ 3,89,373 ਤੋਂ ਵਧ ਕੇ 3,89,387 ਹੋ ਗਈ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਸ. ਮੁੰਡੀਆਂ ਨੇ ਕਿਹਾ ਕਿ ਫ਼ਾਜ਼ਿਲਕਾ ਦੇ ਰਾਹਤ ਕੈਂਪਾਂ ਵਿੱਚੋਂ 245 ਵਿਅਕਤੀ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਹਨ ਜਦਕਿ ਪਠਾਨਕੋਟ ਵਿੱਚ ਇਹ ਗਿਣਤੀ 28 ਤੋਂ ਤੇਜ਼ੀ ਨਾਲ ਘੱਟ ਕੇ ਸਿਰਫ਼ 6 ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਆਪਣੇ ਘਰਾਂ ਨੂੰ ਪਰਤਣਾ ਪ੍ਰਭਾਵਸ਼ਾਲੀ ਤਰੀਕੇ ਨਾਲ ਚੱਲ ਰਹੇ ਮੁੜ-ਵਸੇਬੇ ਦੇ ਕਾਰਜਾਂ ਦੀ ਗਵਾਹੀ ਭਰਦਾ ਹੈ।

ਮਾਲ ਮੰਤਰੀ ਨੇ ਦੱਸਿਆ ਕਿ ਮਾਨਸਾ ਵਿੱਚ ਹੋਰ ਫ਼ਸਲੀ ਰਕਬਾ ਪ੍ਰਭਾਵਿਤ ਹੋਇਆ ਹੈ। ਇਸ ਤਰ੍ਹਾਂ  ਤਾਜ਼ਾ ਰਿਪੋਰਟਾਂ ਵਿੱਚ ਪ੍ਰਭਾਵਿਤ ਹੋਇਆ ਫ਼ਸਲੀ ਰਕਬਾ 1,99,678 ਹੈਕਟੇਅਰ ਤੋਂ ਵੱਧ ਕੇ 1,99,766 ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਸਥਿਤੀ ਸਥਿਰ ਬਣੀ ਹੋਈ ਹੈ ਅਤੇ ਹੋਰ ਜ਼ਿਲ੍ਹਿਆਂ ਵਿੱਚ ਕੋਈ ਫ਼ਸਲੀ ਰਕਬਾ ਪ੍ਰਭਾਵਿਤ ਨਹੀਂ ਹੋਇਆ।

Written By
The Punjab Wire