“ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਨਾ ਕਰਨ ਕਾਰਨ ਬਣੇ ਹਨ ਇਹ ਹਾਲਾਤ” – ਚੁੱਘ
“ਹੈਲੀਕਾਪਟਰ ਦੇਣਾ ਸਰਕਾਰ ਦਾ ਸਿਆਸੀ ਸਟੰਟ, ਅਸਲ ਵਿੱਚ ਰਾਹਤ ਨਹੀਂ ਪਹੁੰਚੀ”-ਚੁੱਘ
ਦੀਨਾਨਗਰ (ਗੁਰਦਾਸਪੁਰ), 31 ਅਗਸਤ 2025 (ਮੰਨਨ ਸੈਣੀ)। ਭਾਜਪਾ ਦੇ ਆਲ ਇੰਡੀਆ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਐਤਵਾਰ ਨੂੰ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ।
ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਧੁੱਸੀ ਬੰਨ੍ਹਾਂ ਨੂੰ ਪੱਕਾ ਕੀਤਾ ਹੁੰਦਾ ਅਤੇ ਨਹਿਰਾਂ ਦੇ ਕਿਨਾਰਿਆਂ ਦੀ ਮੁਰੰਮਤ ਕਰਵਾਈ ਹੁੰਦੀ ਤਾਂ ਅੱਜ ਹੜ੍ਹ ਵਰਗੇ ਹਾਲਾਤ ਪੈਦਾ ਨਾ ਹੁੰਦੇ। ਚੁੱਘ ਨੇ ਦੋਸ਼ ਲਗਾਇਆ ਕਿ ਸਰਕਾਰ ਦੀ ਲਾਪਰਵਾਹੀ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ।

ਤਰੁਣ ਚੁੱਘ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ “ਜਦੋਂ ਪੰਜਾਬ ਡੁੱਬ ਰਿਹਾ ਸੀ, ਮੁੱਖ ਮੰਤਰੀ ਚੇਨਈ ਵਿੱਚ ਇਡਲੀ-ਡੋਸੇ ਖਾਣ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਛੱਡਿਆ ਗਿਆ ਹੈਲੀਕਾਪਟਰ ਸਿਰਫ਼ ਸਿਆਸੀ ਸਟੰਟ ਸੀ, ਕਿਉਂਕਿ ਰਾਸ਼ਨ ਜਾਂ ਹੋਰ ਸਹਾਇਤਾ ਲੋਕਾਂ ਤੱਕ ਨਹੀਂ ਪਹੁੰਚੀ।”
ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਗੁਰਦੁਆਰੇ ਸਾਹਿਬ, ਮੰਦਰ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਦੇਸ਼ ਦੀ ਆਰਮੀ ਤੇ ਬੀਐਸਐਫ ਲੋਕਾਂ ਦੇ ਅਸਲ ਸਹਾਰੇ ਬਣੇ ਹਨ। ਚੁੱਘ ਨੇ ਫੌਜ ਅਤੇ ਸਮਾਜ ਸੇਵੀਆਂ ਦਾ ਧੰਨਵਾਦ ਵੀ ਕੀਤਾ।
ਭਾਜਪਾ ਨੇਤਾ ਨੇ ਦੱਸਿਆ ਕਿ ਜਦੋਂ ਤੋਂ ਹੜ ਵਰਗੇ ਹਾਲਾਤ ਬਣੇ ਹਨ, ਉਸੇ ਦਿਨ ਤੋਂ ਭਾਜਪਾ ਦੀ ਗੁਰਦਾਸਪੁਰ ਜ਼ਿਲ੍ਹਾ ਲੀਡਰਸ਼ਿਪ ਲੋਕਾਂ ਦੀ ਸਹਾਇਤਾ ਲਈ ਮੈਦਾਨ ਵਿੱਚ ਹੈ।
ਤਰੁਣ ਚੁੱਘ ਨੇ ਕਿਹਾ ਕਿ ਉਹ ਖ਼ੁਦ ਹੜ ਪ੍ਰਭਾਵਿਤ ਇਲਾਕਿਆਂ ਦੀ ਸਾਰੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜਣਗੇ ਅਤੇ ਕੇਂਦਰ ਵੱਲੋਂ ਹੜ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਇਸ ਮੌਕੇ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਵੱਲੋਂ ਲੋਕਾਂ ਦੀਆਂ ਮੰਗਾ ਭਾਜਪਾ ਦੇ ਆਲ ਇੰਡੀਆ ਜਨਰਲ ਸਕੱਤਰ ਤਰੁਣ ਚੁੱਘ ਦੇ ਸਾਹਮਣੇ ਰੱਖਿਆਂ ਅਤੇ ਸਾਰੇ ਹਾਲਾਤਾਂ ਦੀ ਦਾਸਤਾਂ ਆਪਣੇ ਆਗੂ ਅੱਗੇ ਰੱਖੀ।
ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦਾਸਪੁਰ ਜ਼ਿਲ੍ਹਾ ਪ੍ਰਭਾਰੀ ਸੂਰਜ ਭਾਰਦਵਾਜ, ਦੀਨਾਨਗਰ ਹਲਕਾ ਇੰਚਾਰਜ ਰੇਨੂੰ ਕਸ਼ਯਪ, ਦੋਰਾਂਗਲਾ ਸਰਕਲ ਪ੍ਰਧਾਨ ਪਰਮਜੀਤ ਸਿੰਘ, ਯਸ਼ਪਾਲ ਕੁੰਡਲ, ਉਮੇਸਵਰ ਮਹਾਜਾਨ, ਰਕੇਸ ਨਡਾਲਾ, ਗੁਰਮੀਤ ਕੌਰ, ਰਣਬੀਰ ਸਿੰਘ ਬਾਨੂੰ, ਪਰਸੋਤਮ ਸਿੰਘ, ਸਨਦੀਪ ਠਾਕੁਰ, ਸੈਪੀ ਸੋਹਲ, ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।