ਕਲਾਨੌਰ (ਗੁਰਦਾਸਪੁਰ), 28 ਅਗਸਤ 2025 (ਮੰਨਨ ਸੈਣੀ)। ਭਾਰੀ ਬਾਰਸ਼ਾਂ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਸਬ ਡਵੀਜ਼ਨ ਕਲਾਨੌਰ ਦੇ ਕਈ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਬਣ ਗਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਵੱਡੇ ਪੱਧਰ ‘ਤੇ ਵਲਨਰੇਬਲ ਪਿੰਡਾਂ ਦੀ ਪਛਾਣ ਕਰਕੇ ਉਥੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਤਾਇਨਾਤ ਕਰ ਦਿੱਤੀਆਂ ਹਨ।
ਐਸ.ਡੀ.ਐਮ. ਕਲਾਨੌਰ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਜੇਕਰ ਕਿਸੇ ਪਿੰਡ ਵਿੱਚ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਸੰਬੰਧਤ ਅਧਿਕਾਰੀ ਓਵਰਆਲ ਇੰਚਾਰਜ ਹੋਣਗੇ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰੈਸਕਿਊ ਕਰਕੇ ਫਲੱਡ ਰਲੀਫ ਕੈਂਪਾਂ ਵਿੱਚ ਪਹੁੰਚਾਇਆ ਜਾਵੇ।
ਪ੍ਰਸ਼ਾਸਨ ਨੇ ਮੌਜੂਦਾ ਮਸ਼ੀਨਰੀ ਅਤੇ ਮੈਨਪਾਵਰ ਦੀ ਵੰਡ ਵੀ ਕਰ ਦਿੱਤੀ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਰਾਹਤ ਤੇ ਬਚਾਵ ਕਾਰਜ ਸੁਚਾਰੂ ਤਰੀਕੇ ਨਾਲ ਹੋ ਸਕਣ।
ਇਸ ਮੰਤਵ ਲਈ ਵੱਖ-ਵੱਖ ਅਧਿਕਾਰੀਆਂ, ਪਟਵਾਰੀਆਂ ਅਤੇ ਕਰਮਚਾਰੀਆਂ ਦੀਆਂ ਰੈਸਕਿਊ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਖ਼ਾਸ ਪਿੰਡ ਅਲਾਟ ਕੀਤੇ ਗਏ ਹਨ। ਹਰ ਟੀਮ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਖੇਤਰ ਵਿੱਚ ਸਥਿਤੀ ਉੱਤੇ ਲਗਾਤਾਰ ਨਿਗਰਾਨੀ ਰੱਖਣ ਅਤੇ ਜ਼ਰੂਰੀ ਕਾਰਵਾਈ ਨੂੰ ਤੁਰੰਤ ਅਮਲ ਵਿਚ ਲਿਆਂਦੇ।
ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਨਤਾ ਨੂੰ ਪੂਰੀ ਤਰ੍ਹਾਂ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ ਹੜ੍ਹ ਨਾਲ ਨਜਿੱਠਣ ਲਈ ਹਰ ਵੇਲੇ ਸਰਕਾਰੀ ਤੰਤਰ ਤਿਆਰ ਹੈ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਰਾਹਤ ਮੁਹੱਈਆ ਕਰਵਾਈ ਜਾਵੇਗੀ।

