ਗੁਰਦਾਸਪੁਰ

ਸ਼ੰਕਰਾਚਾਰੀਆ ਗੁਰਦਾਸਪੁਰ ਵਿੱਚ ਗਊ ਮਾਤਾ ਲਈ ਆਉਣਗੇਂ- – ਹਰਵਿੰਦਰ ਸੋਨੀ

ਸ਼ੰਕਰਾਚਾਰੀਆ ਗੁਰਦਾਸਪੁਰ ਵਿੱਚ ਗਊ ਮਾਤਾ ਲਈ ਆਉਣਗੇਂ- – ਹਰਵਿੰਦਰ ਸੋਨੀ
  • PublishedAugust 1, 2025

ਗੁਰਦਾਸਪੁਰ ਅੰਦਰ ਹੋ ਰਹੀ ਗਊ ਹਤਿੱਆ ਨੂੰ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਦ ਕਰਵਾਇਆ ਜਾਏਗਾ- ਹਰਵਿੰਦਰ ਸੋਨੀ

ਗੁਰਦਾਸਪੁਰ, 1 ਅਗਸਤ 2025 (ਮੰਨਨ ਸੈਣੀ)। ਸ਼ਿਵ ਸੈਨਾ ਦੇ ਆਗੂ ਅਤੇ ਗਊਸਾਂਸਦ ਹਰਵਿੰਦਰ ਸੋਨੀ ਨੇ ਮੀਡੀਆ ਨੂੰ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਜਗਦਗੁਰੂ ਆਦਿ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਜੀ ਮਹਾਰਾਜ ਜਲਦੀ ਹੀ ਗੁਰਦਾਸਪੁਰ ਆ ਰਹੇ ਹਨ। ਉਹ ਇੱਥੇ ਗਊ ਹੱਤਿਆ ਅਤੇ ਤਸਕਰੀ ਨੂੰ ਬੰਦ ਕਰਵਾਉਣ ਲਈ ਇੱਕ ਵੱਡਾ ਅੰਦੋਲਨ ਸ਼ੁਰੂ ਕਰਨਗੇ। ਉਨ੍ਹਾਂ ਦੋਸ਼ ਲਗਾਉਦੇਂ ਹੋਏ ਕਿਹਾ ਕਿ ਜ਼ਿਲ੍ਹੇ ਦੇ ਕਈ ਇਲਾਕਿਆਂ ਜਿਵੇਂ ਕਿ ਮਦੋਵਾਲ, ਸਾਧੂਚੱਕ, ਦਾਊਵਾਲ ਅਤੇ ਹੋਰ ਪਿੰਡਾਂ ਵਿੱਚ ਗਊਆਂ ਦੀ ਖੁੱਲ੍ਹੇਆਮ ਹੱਤਿਆ ਅਤੇ ਤਸਕਰੀ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਹੋ ਰਿਹਾ ਹੈ। ਹਾਲਾਂਕਿ ਇਹ ਸੱਭ ਦੋਸ਼ ਹੀ ਹਨ, ਜੋ ਸੋਨੀ ਵੱਲੋਂ ਲਗਾਏ ਗਏ ਹਨ।


ਪ੍ਰਸ਼ਾਸਨ ‘ਤੇ ਲੱਗੇ ਦੋਸ਼

ਸੋਨੀ ਨੇ ਕਿਹਾ ਕਿ ਐਸ.ਐਸ.ਪੀ. ਸਖ਼ਤ ਹਨ, ਪਰ ਹੇਠਲੇ ਕੁਝ ਅਧਿਕਾਰੀ ਇਸ ਮਾਮਲੇ ‘ਤੇ ਗੰਭੀਰਤਾ ਨਹੀਂ ਦਿਖਾ ਰਹੇ। ਉਨ੍ਹਾਂ ਪਿਛਲੇ ਦਿਨੀਂ ਪੁਲਿਸ ਦੁਆਰਾ ਪੈਟਰੋਲ ਟੈਂਕਰ ਵਿੱਚੋਂ 14 ਗਾਵਾਂ ਨੂੰ ਬਚਾਉਣ ਦੀ ਘਟਨਾ ਦਾ ਹਵਾਲਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਮਦੋਵਾਲ ਤੋਂ ਇਲਾਵਾ ਅੰਮ੍ਰਿਤਸਰ ਅਤੇ ਫਗਵਾੜਾ ਵਿੱਚ ਵੀ ਗਊ ਮਾਸ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ, ਜੋ ਕਿ ਪੰਜਾਬ ਵਿੱਚ ਗਊ ਹੱਤਿਆ ਦੇ ਵੱਡੇ ਪੱਧਰ ‘ਤੇ ਹੋਣ ਦਾ ਸਬੂਤ ਹੈ।


ਮਦੋਵਾਲ ਦੀ ਹੱਡਾ ਰੋੜੀ ਮੁੱਖ ਮੁੱਦਾ

ਹਰਵਿੰਦਰ ਸੋਨੀ ਨੇ ਮਦੋਵਾਲ ਵਿੱਚ ਚੱਲ ਰਹੀ ਹੱਡਾ ਰੋੜੀ ਨੂੰ ਮੁੱਖ ਮੁੱਦਾ ਬਣਾਇਆ। ਉਨ੍ਹਾਂ ਕਿਹਾ ਕਿ ਇਹ ਹੱਡਾ ਰੋੜੀ ਇੱਕ ਸਕੂਲ ਅਤੇ ਹਾਈਵੇਅ ਦੇ ਨੇੜੇ ਨਿਯਮਾਂ ਦੇ ਉਲਟ ਚੱਲ ਰਹੀ ਹੈ। ਇੱਥੋਂ ਦੀ ਬਦਬੂ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਮਾਸਾਹਾਰੀ ਕੁੱਤੇ ਲੋਕਾਂ ‘ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 2019 ਵਿੱਚ ਵੀ ਪਿੰਡ ਦੀ ਪੰਚਾਇਤ ਨੇ ਇਸ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।

ਸੋਨੀ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜਾਂ ਤਾਂ ਉਹ ਇਸ ਹੱਡਾ ਰੋੜੀ ਨੂੰ ਤੁਰੰਤ ਬੰਦ ਕਰਵਾਉਣ, ਜਾਂ ਫਿਰ ਅਧਿਕਾਰਤ ਤੌਰ ‘ਤੇ ਇਹ ਸਪੱਸ਼ਟ ਕਰਨ ਕਿ ਇਹ ਨਿਯਮਾਂ ਅਨੁਸਾਰ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ 17 ਮਾਰਚ ਨੂੰ ਹੋਏ ਗਊ ਸੰਘਾਰ ਦੀ ਵੀ ਜਾਂਚ ਕੀਤੀ ਜਾਵੇ।

Written By
The Punjab Wire