Close

Recent Posts

ਗੁਰਦਾਸਪੁਰ ਪੰਜਾਬ

ਬਮਿਆਲ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਬੀਐਸਐਫ਼ ਨੇ ਪਾਕਿਸਤਾਨ ਵੱਲੋਂ ਆਇਆ ਘੁਸਪੈਠੀਆ ਮਾਰ ਮੁਕਾਇਆ

ਬਮਿਆਲ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਬੀਐਸਐਫ਼ ਨੇ ਪਾਕਿਸਤਾਨ ਵੱਲੋਂ ਆਇਆ ਘੁਸਪੈਠੀਆ ਮਾਰ ਮੁਕਾਇਆ
  • PublishedNovember 27, 2026

ਪਹਾੜੀਪੁਰ ਬੀਓਪੀ ਨੇੜੇ ਤੜਕੇ 3 ਵਜੇ ਵਾਪਰੀ ਘਟਨਾ; ਮੌਕੇ ‘ਤੇ ਪੁੱਜੀਆਂ ਸੁਰੱਖਿਆ ਏਜੰਸੀਆਂ ਤੇ ਫੋਰੈਂਸਿਕ ਟੀਮ, ਸਰਹੱਦੀ ਇਲਾਕੇ ‘ਚ ਚੌਕਸੀ ਵਧਾਈ

ਪਠਾਨਕੋਟ, 27 ਨਵੰਬਰ 2026 (ਸੂਰਜ)। ਜ਼ਿਲ੍ਹਾ ਪਠਾਨਕੋਟ ਦੇ ਬਮਿਆਲ ਬਾਰਡਰ ‘ਤੇ ਸ਼ੁੱਕਰਵਾਰ ਤੜਕੇ ਬੀਐਸਐਫ਼ ਦੇ ਜਵਾਨਾਂ ਨੇ ਭਾਰਤੀ ਸਰਹੱਦ ਅੰਦਰ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਘੁਸਪੈਠੀਏ ਨੂੰ ਮਾਰ ਮੁਕਾਇਆ। ਇਹ ਘਟਨਾ ਪਹਾੜੀਪੁਰ ਬੀਓਪੀ ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਤੜਕੇ ਕਰੀਬ 3 ਵਜੇ ਪਾਕਿਸਤਾਨ ਵੱਲੋਂ ਇੱਕ ਵਿਅਕਤੀ ਭਾਰਤੀ ਸਰਹੱਦ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਰਹੱਦ ‘ਤੇ ਤਾਇਨਾਤ ਬੀਐਸਐਫ਼ ਜਵਾਨਾਂ ਨੇ ਉਸ ਦੀ ਸ਼ੱਕੀ ਹਰਕਤ ਵੇਖ ਕੇ ਕਾਰਵਾਈ ਕੀਤੀ, ਜਿਸ ਦੌਰਾਨ ਘੁਸਪੈਠੀਆ ਮਾਰਿਆ ਗਿਆ। ਘਟਨਾ ਤੋਂ ਬਾਅਦ ਸਾਰੇ ਸਰਹੱਦੀ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਅਤੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਮੌਕੇ ‘ਤੇ ਬੀਐਸਐਫ਼, ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਪਹੁੰਚੇ ਹੋਏ ਹਨ। ਫੋਰੈਂਸਿਕ ਟੀਮ ਨੇ ਵੀ ਘਟਨਾ ਵਾਲੀ ਥਾਂ ਪਹੁੰਚ ਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਏਜੰਸੀਆਂ ਘੁਸਪੈਠੀਏ ਦੀ ਪਛਾਣ, ਉਸ ਦੇ ਭਾਰਤ ਅੰਦਰ ਵੜਨ ਦੇ ਮਕਸਦ ਅਤੇ ਘਟਨਾ ਨਾਲ ਜੁੜੇ ਹੋਰ ਪੱਖਾਂ ਦੀ ਪੜਤਾਲ ਕਰ ਰਹੀਆਂ ਹਨ।

ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਦਲਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਐਸਐਫ਼ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਆ ਮਾਰ ਮੁਕਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਵੱਖ-ਵੱਖ ਏਜੰਸੀਆਂ ਜਾਂਚ ਕਰ ਰਹੀਆਂ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਰਹੱਦੀ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।

Written By
The Punjab Wire