Close

Recent Posts

ਸਿਹਤ ਗੁਰਦਾਸਪੁਰ

ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਮੌਕੇ ਸਰਕਾਰੀ ਕਾਲਜ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ

ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਮੌਕੇ ਸਰਕਾਰੀ ਕਾਲਜ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ
  • PublishedJuly 17, 2025

ਨਵੇਂ ਕੋਰਸ ਸ਼ੁਰੂ ਹੋਣ ਨਾਲ ਕਾਲਜ ਵਿੱਚ ਦਾਖ਼ਲਿਆਂ ਦੀ ਗਿਣਤੀ ਵਧੀ – ਰਮਨ ਬਹਿਲ


ਜ਼ਿੰਦਗੀ ਵਿੱਚ ਕਾਮਯਾਬ ਹੋਣ ਮਿਹਨਤ ਤੋਂ ਬਿਨਾਂ ਹੋਰ ਕੋਈ ਸ਼ਾਰਟਕੱਟ ਨਹੀਂ – ਹਰਪ੍ਰੀਤ ਸਿੰਘ


ਗੁਰਦਾਸਪੁਰ, 17 ਜੁਲਾਈ 2025 (ਦੀ ਪੰਜਾਬ ਵਾਇਰ) – ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਨਵੇਂ ਅਕਾਦਮਿਕ ਵਰ੍ਹੇ 2025-26 ਦੀ ਸ਼ੁਰੂਆਤ ਮੌਕੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਯੋਗ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਅਕਾਲ ਪੁਰਖ ਦਾ ਓਟ ਆਸਰਾ ਲਿਆ ਗਿਆ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੇ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਕਾਲਜ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਆਪਣੀਆਂ ਸ਼ੁਭ ਇੱਛਾਵਾਂ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਸਰਹੱਦੀ ਜ਼ਿਲ੍ਹੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਇਸ ਕਾਲਜ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਦਿਆਂ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਚਾਰ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਬੀ.ਕਾਮ (ਟੈਕਸ ਪਲੈਨਿੰਗ ਐਂਡ ਮੈਨੇਜਮੈਂਟ), ਬੀ.ਬੀ.ਏ. (ਬੈਂਕਿੰਗ, ਫਾਈਨਾਂਸ ਸਰਵਿਸਿਜ਼ ਐਂਡ ਇੰਸ਼ੋਰੈਂਸ), ਐੱਮ ਕਾਮ ਅਤੇ ਐੱਮ.ਏ. ਪੰਜਾਬੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਇਹ ਨਵੇਂ ਕੋਰਸ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੀ ਹੈ ਅਤੇ ਇਸ ਸਾਲ ਕਾਲਜ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਦਾਖ਼ਲੇ ਹੋਏ ਹਨ। ਇਸ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਕਾਮਯਾਬ ਭਵਿੱਖ ਦੀ ਕਾਮਨਾ ਕੀਤੀ।

ਇਸ ਉਪਰੰਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੇ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਜ਼ਿੰਦਗੀ ਵਿੱਚ ਕਾਮਯਾਬ ਹੋਣ ਮਿਹਨਤ ਤੋਂ ਬਿਨਾਂ ਹੋਰ ਕੋਈ ਸ਼ਾਰਟਕੱਟ ਨਹੀਂ ਹੈ।  

ਇਸ ਤੋਂ ਬਾਅਦ ਮੁੱਖ ਮਹਿਮਾਨ ਡਾ. ਅਮਨਦੀਪ ਸਿੰਘ ਡਾਇਰੈਕਟਰ, ਯੁਵਕ ਭਲਾਈ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਚੜ੍ਹਦੀਕਲਾ, ਚੰਗੀ ਪੜ੍ਹਾਈ, ਨਿਰੋਈ ਸਿਹਤ ਲਈ ਅਰਦਾਸ ਕੀਤੀ। ਪ੍ਰਿੰਸੀਪਲ ਸਾਹਿਬ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।

Written By
The Punjab Wire