ਗੁਰਦਾਸਪੁਰ

‘ਸਾਡੇ ਬਜ਼ੁਰਗ-ਸਾਡਾ ਮਾਣ’ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਮੈਡੀਕਲ ਤੇ ਜਾਗਰੂਕਤਾ ਕੈਂਪ

‘ਸਾਡੇ ਬਜ਼ੁਰਗ-ਸਾਡਾ ਮਾਣ’ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਮੈਡੀਕਲ ਤੇ ਜਾਗਰੂਕਤਾ ਕੈਂਪ
  • PublishedNovember 13, 2026

ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ- ਰਮਨ ਬਹਿਲ

‘ਬਜ਼ੁਰਗ ਜੜ੍ਹਾਂ ਆਸਾਡੀਆਂ’ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ

ਗੁਰਦਾਸਪੁਰ, 13 ਨਵੰਬਰ 2026 (ਮੰਨਨ ਸੈਣੀ )। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ‘ਸਾਡੇ ਬਜ਼ੁਰਗ- ਸਾਡਾ ਮਾਣ’ ਅਭਿਆਨ ਤਹਿਤ ਹੋਲਿਸਟਿਕ ਵੈਲ-ਬਿਇੰਗ ਜ਼ਿਲ੍ਹਾ ਪੱਧਰੀ ਮੈਡੀਕਲ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲੋਕ ਕਲਾ ਮੰਚ ਮਜੀਠਾ ਵਲੋਂ ਗੁਰਮੇਲ ਸਿੰਘ ਸ਼ਾਮਪੁਰ ਦੀ ਟੀਮ ਵਲੋਂ ‘ਬਜ਼ੁਰਗ ਜੜ੍ਹਾਂ ਆਸਾਡੀਆਂ’ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਇਸ ਕੈਂਪ ਦੌਰਾਨ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਤਜਰਬੇਕਾਰ ਤੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਜਾਂਚ, ਗੈਰ- ਸੰਕਰਾਮਕ ਬਿਮਾਰੀਆਂ ਦੀ ਜਾਂਚ, ਮਨੋਵਿਗਿਆਨਕ ਸਲਾਹ ਆਦਿ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਕਾਨੂੰਨੀ ਸਹਾਇਤਾ ਸਬੰਧੀ ਵੀ ਜਾਗਰੂਕ ਕੀਤਾ ਗਿਆ।

ਇਸ ਤੋਂ ਇਲਾਵਾ ਕੈਂਪ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਦ ਮੈਨਟੇਨੈਂਸ ਆਫ ਸੀਨੀਅਰ ਸਿਟੀਜਨ ਐਕਟ ਸਬੰਧੀ ਜਾਗਰੂਕਤਾ ਫੈਲਾਈ ਗਈ। ਜਿਲ੍ਹਾ ਲੀਡ ਮੈਨੇਜਰ ਦਫਤਰ ਰਾਹੀਂ ਬੈਂਕਾਂ ਵਿੱਚ ਹੁੰਦੇ ਫਰੋਡ ਤੋ ਸਤਰਕ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ।

ਸੀਨੀਅਰ ਸਿਟੀਜਨ ਔਰਤਾਂ ਦੁਆਰਾ ਚਲਾਏ ਜਾ ਰਹੇ ਸੈਲਫ ਹੈਲਪ ਗਰੁੱਪਾਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਅਤੇ ਇੰਟਰ ਜਨਰੇਸ਼ਨਲ ਬੋਂਡਿੰਗ ਗਤੀਵਿਧੀਆਂ ਵੀ ਕਰਵਾਈਆਂ ਗਈਆਂ।

ਇਸ ਤੋਂ ਇਲਾਵਾ ਰਮਨ ਬਹਿਲ ਵੱਲੋਂ “ਇੱਕ ਰੁੱਖ ਮਾਂ ਦੇ ਨਾਮ” ਮੁਹਿੰਮ ਅਧੀਨ 250 ਬੂਟਿਆਂ ਦੀ ਵੰਡ ਕੀਤੀ ਗਈ।

ਇਸ ਮੌਕੇ ਸੰਗਠਨ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਹਿਤੇਸ਼ ਮਹਾਜਨ, ਸੈਕਟਰੀ ਜਗਜੀਤ ਸਿੰਘ ਪਿੰਟਾ, ਹਲਕਾ ਸਿੱਖਿਆ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਸਰਪੰਚ ਰਾਜੇਸ਼ ਭੰਗਵਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਕਿਰਤਪ੍ਰੀਤ ਕੌਰ, ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਮੈਡਮ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

Written By
The Punjab Wire