Close

Recent Posts

ਕ੍ਰਾਇਮ ਗੁਰਦਾਸਪੁਰ

ਬਟਾਲਾ ਪੁਲਿਸ ਵੱਲੋਂ ਸਾਜਨ ਉਰਫ਼ ਲੋਂਡਾ ਸਮੇਤ 3 ਮੁਲਜ਼ਮ ਕਪੂਰਥਲਾ ਤੋਂ ਕਾਬੂ, 5 ਪਿਸਤੌਲ ਤੇ 13 ਰੌਂਦ ਬਰਾਮਦ

ਬਟਾਲਾ ਪੁਲਿਸ ਵੱਲੋਂ ਸਾਜਨ ਉਰਫ਼ ਲੋਂਡਾ ਸਮੇਤ 3 ਮੁਲਜ਼ਮ ਕਪੂਰਥਲਾ ਤੋਂ ਕਾਬੂ, 5 ਪਿਸਤੌਲ ਤੇ 13 ਰੌਂਦ ਬਰਾਮਦ
  • PublishedNovember 12, 2026

ਗੁਰਦਾਸਪੁਰ, 12 ਨਵੰਬਰ 2026 (ਮੰਨਨ ਸੈਣੀ)। ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋਂ ਚਲਾਈ ਗਈ “ਵਾਰ ਆਫ਼ ਗੈਂਗਸਟਰ ਜ਼ੀਰੋ ਟੋਲਰੈਂਸ” ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਟਾਲਾ ਪੁਲਿਸ ਨੇ ਸਾਜਨ ਉਰਫ਼ ਲੋਂਡਾ ਸਮੇਤ ਤਿੰਨ ਮੁਲਜ਼ਮਾਂ ਨੂੰ ਜ਼ਿਲ੍ਹਾ ਕਪੂਰਥਲਾ ਤੋਂ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਤੌਲ ਅਤੇ 13 ਰੌਂਦ ਬਰਾਮਦ ਕੀਤੇ ਹਨ। ਇਹ ਮੁਲਜ਼ਮ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਦਰਜ ਮੁਕੱਦਮਾ ਨੰਬਰ 288 ਮਿਤੀ 19-9-2026 ਵਿੱਚ ਲੋੜੀਂਦੇ ਸਨ।

ਇਹ ਜਾਣਕਾਰੀ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਨੇ ਪ੍ਰੈਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਪੀ.ਪੀ.ਐਸ., ਐਸ.ਪੀ.-ਪੀ.ਬੀ.ਆਈ. ਦੀ ਨਿਗਰਾਨੀ ਹੇਠ ਡੀ.ਐਸ.ਪੀ. ਸਬ-ਡਵੀਜ਼ਨ ਸਿਟੀ ਬਟਾਲਾ ਸੁਖਇੰਦਰ ਸਿੰਘ ਪੀ.ਪੀ.ਐਸ., ਇੰਚਾਰਜ ਸੀ.ਆਈ.ਏ. ਸਟਾਫ਼ ਬਟਾਲਾ ਇੰਸਪੈਕਟਰ ਸੁਖਰਾਜ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਬਟਾਲਾ ਲਖਵਿੰਦਰ ਸਿੰਘ ਵੱਲੋਂ ਇਹ ਕਾਰਵਾਈ ਕੀਤੀ ਗਈ।

ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਸਾਜਨ ਉਰਫ਼ ਲੋਂਡਾ ਪੁੱਤਰ ਸੋਨੂੰ ਵਾਸੀ ਵਾਰਡ ਨੰਬਰ 7 ਗਾਂਧੀ ਕੈਂਪ ਬਟਾਲਾ, ਲਵ ਉਰਫ਼ ਬੀਡਾਂ ਪੁੱਤਰ ਰਾਕੇਸ਼ ਕੁਮਾਰ ਵਾਸੀ ਗਾਂਧੀ ਕੈਂਪ ਬਟਾਲਾ ਅਤੇ ਸਾਵਰ ਉਰਫ਼ ਸਾਬਰ ਪੁੱਤਰ ਰਾਕੇਸ਼ ਕੁਮਾਰ ਵਾਸੀ ਗਾਂਧੀ ਕੈਂਪ ਬਟਾਲਾ ਸ਼ਾਮਲ ਹਨ। ਆਈ.ਜੀ. ਅਨੁਸਾਰ ਇਨ੍ਹਾਂ ਨੂੰ ਕਾਬੂ ਕਰਕੇ ਅਤੇ ਇਨ੍ਹਾਂ ਪਾਸੋਂ 5 ਪਿਸਤੌਲ ਬਰਾਮਦ ਕਰਕੇ ਪੁਲਿਸ ਨੇ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਆਈ.ਜੀ. ਭੁੱਲਰ ਨੇ ਦੱਸਿਆ ਕਿ 19 ਸਤੰਬਰ 2026 ਦੀ ਦਰਮਿਆਨੀ ਰਾਤ ਕਰੀਬ 2:20 ਵਜੇ ਸਾਜਨ ਉਰਫ਼ ਲੋਂਡਾ ਨੇ ਆਪਣੇ ਭਰਾ ਵਿਸ਼ਾਲ ਉਰਫ਼ ਸ਼ਾਲੂ ਪੁੱਤਰ ਸੋਨੂੰ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਗਗਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 7 ਗਾਂਧੀ ਕੈਂਪ ਬਟਾਲਾ ਦੇ ਘਰ ਦੇ ਗੇਟ ‘ਤੇ ਕਾਫ਼ੀ ਫਾਇਰ ਕੀਤੇ ਸਨ। ਇੱਕ ਫਾਇਰ ਗਗਨਦੀਪ ਦੀ ਪਤਨੀ ਕੋਮਲਪ੍ਰੀਤ ਦੇ ਲੱਗਾ, ਜੋ ਕਾਫ਼ੀ ਜ਼ਖ਼ਮੀ ਹੋ ਗਈ ਸੀ। ਸਾਜਨ ਲੋਂਡਾ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਭੱਜ ਗਿਆ ਸੀ। ਗਗਨਦੀਪ ਸਿੰਘ ਦੇ ਬਿਆਨ ‘ਤੇ ਮੁਕੱਦਮਾ ਨੰਬਰ 288 ਮਿਤੀ 19-9-2026 ਜੁਰਮ 109, 125, 191(3), 190 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਤਹਿਤ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਦਰਜ ਕੀਤਾ ਗਿਆ ਸੀ। ਸਾਜਨ ਦੇ ਭਰਾ ਵਿਸ਼ਾਲ ਉਰਫ਼ ਸ਼ਾਲੂ ਨੂੰ ਇਸ ਮੁਕੱਦਮੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਸਾਜਨ ਲੋਂਡਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।

ਆਈ.ਜੀ. ਅਨੁਸਾਰ 11 ਨਵੰਬਰ 2026 ਨੂੰ ਟੈਕਨੀਕਲ ਅਤੇ ਹਿਊਮਨ ਸੋਰਸਾਂ ਰਾਹੀਂ ਬਟਾਲਾ ਪੁਲਿਸ ਦੀ ਟੀਮ ਨੇ ਤਿੰਨਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਕਪੂਰਥਲਾ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਦਈ ਗਗਨਦੀਪ ਸਿੰਘ ਅਤੇ ਸਾਜਨ ਉਰਫ਼ ਲੋਂਡਾ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਹਨ ਅਤੇ ਇੱਕ ਦੂਜੇ ਨਾਲ ਪੁਰਾਣੀ ਰੰਜਿਸ਼ ਰੱਖਦੇ ਹਨ। ਇਸ ਤੋਂ ਇਲਾਵਾ ਸਾਜਨ ਲੋਂਡਾ ਨੇ 3 ਜੁਲਾਈ 2026 ਦੀ ਰਾਤ ਕਰੀਬ 11:20 ਵਜੇ ਰਾਹੁਲ ਦਾਤਰ ਦੇ ਘਰ ‘ਤੇ ਵੀ ਗੋਲੀਆਂ ਚਲਾਈਆਂ ਸਨ। ਰਾਹੁਲ ਦਾਤਰ ਮੁਦਈ ਗਗਨਦੀਪ ਦਾ ਜੀਜਾ ਹੈ ਅਤੇ ਸਾਜਨ ਉਸ ਨਾਲ ਵੀ ਰੰਜਿਸ਼ ਰੱਖਦਾ ਹੈ। ਇਸ ਸਬੰਧੀ ਮੁਕੱਦਮਾ ਨੰਬਰ 200 ਮਿਤੀ 4-7-2026 ਜੁਰਮ 125, 351(3), 3(5) ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਤਹਿਤ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਸਾਜਨ ਲੋਂਡਾ ਖ਼ਿਲਾਫ਼ ਦਰਜ ਹੈ।

ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਸਾਜਨ ਲੋਂਡਾ ਅਤੇ ਲਵ ਉਰਫ਼ ਬੀਡਾਂ ਨੇ ਦੱਸਿਆ ਕਿ ਦੀਵਾਲੀ ਦੀ ਰਾਤ 9 ਨਵੰਬਰ 2026 ਨੂੰ 3:20 ਵਜੇ ਉਨ੍ਹਾਂ ਨੇ ਗਗਨਦੀਪ ਸਿੰਘ ਦੀ ਭੈਣ ਲਵਲੀ ਕੁਮਾਰ ਪਤਨੀ ਲੇਟ ਰਵੀਦਾਸ, ਵਾਸੀ ਚੋਰਾਵਾਲੀ (ਹਾਲ ਨੇੜੇ ਪੀਰਾਂ ਦੀ ਗਲੀ, ਅੱਚਲੀ ਗੇਟ) ਦੇ ਘਰ ਜਬਰਦਸਤੀ ਵੜ ਕੇ ਸਮਾਨ ਦੀ ਭੰਨਤੋੜ ਕੀਤੀ ਅਤੇ ਘਰ ਦੇ ਅੰਦਰ ਪਿਸਤੌਲ ਕੱਢ ਕੇ ਹਵਾਈ ਫਾਇਰ ਵੀ ਕੀਤੇ। ਇਸ ਸਬੰਧੀ ਮੁਕੱਦਮਾ ਨੰਬਰ 245 ਮਿਤੀ 11-11-2026 ਜੁਰਮ 125, 331(6), 351(2), 324(4) ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਤਹਿਤ ਥਾਣਾ ਸਿਟੀ ਬਟਾਲਾ ਵਿੱਚ ਦਰਜ ਕੀਤਾ ਗਿਆ ਹੈ।

ਬਰਾਮਦ ਹਥਿਆਰਾਂ ਵਿੱਚ 9 ਐਮ.ਐਮ. ਬੇਰੇਟਾ, 9 ਐਮ.ਐਮ. ਨੋਰਿੰਕੋ, .30 ਬੋਰ ਪੀ.ਐਕਸ.5, .30 ਬੋਰ ਐਕਸ ਸ਼ਾਟ ਅਤੇ .32 ਬੋਰ ਕੰਟਰੀ ਮੇਡ ਇੱਕ-ਇੱਕ ਪਿਸਤੌਲ ਸ਼ਾਮਲ ਹੈ। ਇਨ੍ਹਾਂ ਦੇ ਨਾਲ 9 ਐਮ.ਐਮ. ਦੇ 7, .30 ਬੋਰ ਦੇ 4 ਅਤੇ .32 ਬੋਰ ਦੇ 2 ਜ਼ਿੰਦਾ ਰੌਂਦ ਵੀ ਬਰਾਮਦ ਹੋਏ ਹਨ।

ਪੁਲਿਸ ਨੇ ਦੱਸਿਆ ਕਿ ਸਾਜਨ ਉਰਫ਼ ਲੋਂਡਾ ਖ਼ਿਲਾਫ਼ ਪਹਿਲਾਂ ਤੋਂ ਹੀ ਐਨ.ਡੀ.ਪੀ.ਐਸ. ਐਕਟ, ਅਸਲਾ ਐਕਟ ਅਤੇ ਲੜਾਈ-ਝਗੜੇ ਦੇ ਕਾਫ਼ੀ ਮੁਕੱਦਮੇ ਦਰਜ ਹਨ ਅਤੇ ਉਹ ਇੱਕ ਕ੍ਰਿਮੀਨਲ ਟਾਈਪ ਦਾ ਹੈ। ਉਸ ਦੇ ਸਬੰਧ ਇਨਾਮੀ ਗੈਂਗਸਟਰਾਂ ਨਾਲ ਵੀ ਹਨ। ਉਸ ਨੇ ਆਪਣੀ ਵੱਖਰੀ ਗੈਂਗ ਬਣਾਈ ਹੋਈ ਹੈ, ਜੋ ਉਸ ਨਾਲ ਰਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੀ ਹੈ। ਲਵ ਉਰਫ਼ ਬੀਡਾਂ ਅਤੇ ਸਾਵਰ ਉਰਫ਼ ਸਾਬਰ ਦੋਵੇਂ ਸਕੇ ਭਰਾ ਹਨ ਅਤੇ ਸਾਜਨ ਲੋਂਡਾ ਨਾਲ ਰਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸਾਜਨ ਖ਼ਿਲਾਫ਼ ਕੁੱਲ 14 ਮੁਕੱਦਮੇ ਦਰਜ ਹਨ, ਜਦਕਿ ਲਵ ਉਰਫ਼ ਬੀਡਾਂ ਖ਼ਿਲਾਫ਼ 6 ਅਤੇ ਸਾਵਰ ਉਰਫ਼ ਸਾਬਰ ਖ਼ਿਲਾਫ਼ 6 ਮੁਕੱਦਮੇ ਦਰਜ ਹਨ। ਇਨ੍ਹਾਂ ਦੋਵਾਂ ਖ਼ਿਲਾਫ਼ ਵੀ ਐਨ.ਡੀ.ਪੀ.ਐਸ. ਐਕਟ ਅਤੇ ਲੜਾਈ-ਝਗੜੇ ਦੇ ਮੁਕੱਦਮੇ ਦਰਜ ਹਨ।

ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Written By
The Punjab Wire