ਗੁਰਦਾਸਪੁਰ, 4 ਨਵੰਬਰ 2026 (ਮੰਨਨ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਵਿੱਚ ਖੇਤਾਂ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਹੇਠ ਪੁਲਿਸ ਨੇ ਥਾਣਾ ਕਲਾਨੌਰ, ਥਾਣਾ ਘੁੰਮਣ ਕਲਾਂ ਅਤੇ ਥਾਣਾ ਕਾਹਨੂੰਵਾਨ ਵਿੱਚ ਤਿੰਨ ਮੁਕੱਦਮੇ ਦਰਜ ਕੀਤੇ ਹਨ। ਇਹ ਮੁਕੱਦਮੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਦਰਜ ਹੋਏ ਹਨ।
ਥਾਣਾ ਕਲਾਨੌਰ (ਪਿੰਡ ਉਪਲ)
ਥਾਣਾ ਕਲਾਨੌਰ ਦੇ ਏ.ਐਸ.ਆਈ. ਕੁਲਦੀਪ ਸਿੰਘ ਅਨੁਸਾਰ ਕਲੱਸਟਰ ਅਫ਼ਸਰ ਸਟੱਬਲ ਬਰਨਿੰਗ ਬਲਾਕ ਕਲਾਨੌਰ ਵੱਲੋਂ 3 ਨਵੰਬਰ 2026 ਦਾ ਇੱਕ ਪੱਤਰ (ਨੰਬਰ ਐਸ.ਪੀ.-617) ਥਾਣੇ ਨੂੰ ਪ੍ਰਾਪਤ ਹੋਇਆ। ਪੱਤਰ ਮੁਤਾਬਕ 3 ਨਵੰਬਰ ਨੂੰ ਪੀ.ਆਰ.ਐਸ.ਸੀ. ਤੋਂ ਮਿਲੀ ਲੋਕੇਸ਼ਨ ਦੇ ਆਧਾਰ ‘ਤੇ ਅੱਗ ਲੱਗਣ ਦਾ ਪਤਾ ਲੱਗਾ ਸੀ। ਇਸ ਮਗਰੋਂ ਨੋਡਲ ਅਫ਼ਸਰ-ਕਮ-ਕਲੱਸਟਰ ਅਫ਼ਸਰ ਸ੍ਰੀ ਕੇਵਲ ਕਿਸ਼ਨ ਨੇ ਪਟਵਾਰੀ ਸਮੇਤ ਮੌਕੇ ‘ਤੇ ਜਾ ਕੇ ਦੇਖਿਆ ਤਾਂ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਰਿਪੋਰਟ ਅਨੁਸਾਰ ਪਿੰਡ ਉਪਲ ਦੇ ਵਾਸੀ ਕਿਸਾਨ ਜੋਗਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 149 ਮਿਤੀ 3 ਨਵੰਬਰ 2026 ਨੂੰ ਧਾਰਾ 223 ਬੀ.ਐਨ.ਐਸ. ਤਹਿਤ ਦਰਜ ਕੀਤਾ ਹੈ।
ਥਾਣਾ ਘੁੰਮਣ ਕਲਾਂ (ਪਿੰਡ ਪਨਿਆੜ)
ਥਾਣਾ ਘੁੰਮਣ ਕਲਾਂ ਵਿੱਚ ਮੁਕੱਦਮਾ ਨੰਬਰ 98 ਮਿਤੀ 3 ਨਵੰਬਰ 2026 ਨੂੰ ਧਾਰਾ 223 ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ। ਇਹ ਮੁਕੱਦਮਾ ਕਲੱਸਟਰ ਅਫ਼ਸਰ ਸਟੱਬਲ ਬਰਨਿੰਗ ਕਲਾਨੌਰ ਵੱਲੋਂ 3 ਨਵੰਬਰ ਨੂੰ ਭੇਜੇ ਪੱਤਰ (ਨੰਬਰ ਐਸ.ਪੀ.ਐਲ.-1) ਦੇ ਆਧਾਰ ‘ਤੇ ਹੋਇਆ ਹੈ। ਪੱਤਰ ਮੁਤਾਬਕ ਪਿੰਡ ਪਨਿਆੜ ਵਿੱਚ 30 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ। ਇਸ ਸਬੰਧੀ ਪਿੰਡ ਵਿਰਕ ਦੇ ਵਾਸੀ ਮੇਜਰ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਏ.ਐਸ.ਆਈ. ਗੁਰਦੀਪ ਸਿੰਘ ਕਰ ਰਹੇ ਹਨ।
ਥਾਣਾ ਕਾਹਨੂੰਵਾਨ (ਪਿੰਡ ਘੁਕਲਾ)
ਥਾਣਾ ਕਾਹਨੂੰਵਾਨ ਵਿੱਚ ਮੁਕੱਦਮਾ ਨੰਬਰ 145 ਮਿਤੀ 3 ਨਵੰਬਰ 2026 ਨੂੰ ਧਾਰਾ 223 ਬੀ.ਐਨ.ਐਸ. ਤਹਿਤ ਦਰਜ ਹੋਇਆ ਹੈ। ਇਹ ਕਾਰਵਾਈ ਕਲੱਸਟਰ ਅਫ਼ਸਰ ਸਟੱਬਲ ਬਰਨਿੰਗ ਬਲਾਕ ਗੁਰਦਾਸਪੁਰ ਵੱਲੋਂ 31 ਅਕਤੂਬਰ 2026 ਨੂੰ ਭੇਜੇ ਪੱਤਰ (ਨੰਬਰ ਐਸ.ਪੀ.ਐਲ.-01) ਦੇ ਆਧਾਰ ‘ਤੇ ਹੋਈ। ਪੱਤਰ ਅਨੁਸਾਰ 30 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ 4 ਵਜੇ ਦੇ ਵਿਚਕਾਰ ਪਿੰਡ ਘੁਕਲਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ। ਪੁਲਿਸ ਨੇ ਕੋਟਲੀ ਹਰਚੰਦਾ (ਥਾਣਾ ਭੈਣੀ ਮੀਆਂ ਖਾਂ) ਦੀ ਵਾਸੀ ਸਤਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਨੂੰ ਮੁਲਜ਼ਮ ਬਣਾਇਆ ਹੈ। ਇਹ ਮੁਕੱਦਮਾ ਸਬ-ਇੰਸਪੈਕਟਰ ਅਮਰਜੀਤ ਸਿੰਘ ਵੱਲੋਂ ਦਰਜ ਕੀਤਾ ਗਿਆ।
ਤਿੰਨੋਂ ਮਾਮਲਿਆਂ ਵਿੱਚ ਪੁਲਿਸ ਨੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਹੇਠ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਹਨ।