Close

Recent Posts

ਗੁਰਦਾਸਪੁਰ

ਬਾਬਾ ਸ੍ਰੀ ਚੰਦ ਜੀ ਦੇ ਨਾਮ ’ਤੇ ਬਣੇਗਾ ਗੁਰਦਾਸਪੁਰ ਦਾ ਸੁੰਦਰ ਐਂਟਰੀ ਗੇਟ, ਰਮਨ ਬਹਿਲ ਨੇ ਰੱਖਿਆ ਨੀਂਹ ਪੱਥਰ

ਬਾਬਾ ਸ੍ਰੀ ਚੰਦ ਜੀ ਦੇ ਨਾਮ ’ਤੇ ਬਣੇਗਾ ਗੁਰਦਾਸਪੁਰ ਦਾ ਸੁੰਦਰ ਐਂਟਰੀ ਗੇਟ, ਰਮਨ ਬਹਿਲ ਨੇ ਰੱਖਿਆ ਨੀਂਹ ਪੱਥਰ
  • PublishedOctober 27, 2026

ਹਲਕਾ ਇੰਚਾਰਜ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਸ਼ੁਰੂ ਕਰਵਾਇਆ ਨਿਰਮਾਣ ਕਾਰਜ

ਹਲਕਾ ਗੁਰਦਾਸਪੁਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਜਾਰੀ, ਤਿੰਨ ਮਹੀਨਿਆਂ ਵਿੱਚ ਮੁਕੰਮਲ ਹੋਵੇਗਾ ਗੇਟ: ਰਮਨ ਬਹਿਲ

ਬਟਾਲਾ ਅਤੇ ਪਠਾਨਕੋਟ ਸਾਈਡ ’ਤੇ ਬਣਨ ਵਾਲੇ ਦੋਵੇਂ ਐਂਟਰੀ ਗੇਟਾਂ ’ਤੇ ਖਰਚੇ ਜਾਣਗੇ 1.20 ਕਰੋੜ ਰੁਪਏ

ਗੁਰਦਾਸਪੁਰ, 27 ਅਕਤੂਬਰ 2026 (ਮੰਨਨ ਸੈਣੀ )। ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਹਲਕਾ ਇੰਚਾਰਜ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਪਠਾਨਕੋਟ ਸਾਈਡ ਤੋਂ ਸ਼ਹਿਰ ਵਿੱਚ ਦਾਖ਼ਲੇ ’ਤੇ ਧੰਨ-ਧੰਨ ਬਾਬਾ ਸ੍ਰੀ ਚੰਦ ਜੀ ਦੇ ਨਾਮ ’ਤੇ ਬਣਨ ਵਾਲੇ ਸੁੰਦਰ ਐਂਟਰੀ ਗੇਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦਾ ਮਕਸਦ ਸ਼ਹਿਰ ਦੇ ਪ੍ਰਵੇਸ਼ ਦੁਆਰ ਨੂੰ ਸੁੰਦਰ ਦਿੱਖ ਦੇਣਾ ਹੈ।

ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਨਗਰ ਸੁਧਾਰ ਟਰੱਸਟ ਵੱਲੋਂ ਪਹਿਲਾਂ ਬਟਾਲਾ ਸਾਈਡ ਤੋਂ ਸ਼ਹਿਰ ਵਿੱਚ ਦਾਖ਼ਲੇ ’ਤੇ ਐਂਟਰੀ ਗੇਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਪਠਾਨਕੋਟ ਸਾਈਡ ’ਤੇ ਵੀ ਐਂਟਰੀ ਗੇਟ ਦਾ ਨੀਂਹ ਪੱਥਰ ਰੱਖ ਕੇ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਲੋਕਾਂ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ।

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਪਠਾਨਕੋਟ ਸਾਈਡ ’ਤੇ ਬਣਨ ਵਾਲੇ ਐਂਟਰੀ ਗੇਟ ਦਾ ਨਿਰਮਾਣ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਅਤੇ ਪਠਾਨਕੋਟ ਸਾਈਡ ’ਤੇ ਬਣਾਏ ਜਾ ਰਹੇ ਦੋਵੇਂ ਐਂਟਰੀ ਗੇਟਾਂ ’ਤੇ ਕੁੱਲ 1 ਕਰੋੜ 20 ਲੱਖ ਰੁਪਏ ਖਰਚ ਕੀਤੇ ਜਾਣਗੇ।

ਰਾਜੀਵ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ 10 ਅਪ੍ਰੈਲ 2023 ਨੂੰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਬਾਅਦ ਟਰੱਸਟ ਰਾਹੀਂ ਸ਼ਹਿਰ ਦੇ ਵਿਕਾਸ ਲਈ ਵੱਖ-ਵੱਖ ਕੰਮ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਟਰੱਸਟ ਨੂੰ ਮੁਨਾਫ਼ੇ ਵਿੱਚ ਲਿਆਉਣ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਨੂੰ ਹੋਰ ਸੁੰਦਰ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਵਿਕਾਸ ਕਾਰਜ ਕਰਵਾਏ ਜਾਣਗੇ।

ਇਸ ਮੌਕੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਰਘੁਬੀਰ ਸਿੰਘ ਖਾਲਸਾ, ਹਿਤੇਸ਼ ਮਹਾਜਨ, ਪੀਟਰ ਮੱਟੂ, ਜਗਜੀਤ ਸਿੰਘ ਪਿੰਟਾ, ਨੀਰਜ ਸਲਹੋਤਰਾ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਪਵਨ ਕੁਮਾਰ ਰੋਬਿਨ, ਹਰਦੇਵ ਸਿੰਘ ਸਮੇਤ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Written By
The Punjab Wire