Close

Recent Posts

ਗੁਰਦਾਸਪੁਰ ਵਿਗਿਆਨ

ਬਰਸਾਤੀ ਮੱਕੀ ਦੀ ਬਿਜਾਈ 30 ਜੂਨ ਤੱਕ ਕੀਤੀ ਜਾ ਸਕਦੀ ਹੈ : ਮੁੱਖ ਖੇਤੀਬਾੜੀ ਅਫ਼ਸਰ

ਬਰਸਾਤੀ ਮੱਕੀ ਦੀ ਬਿਜਾਈ 30 ਜੂਨ ਤੱਕ ਕੀਤੀ ਜਾ ਸਕਦੀ ਹੈ : ਮੁੱਖ ਖੇਤੀਬਾੜੀ ਅਫ਼ਸਰ
  • PublishedJune 19, 2025

ਪੰਜਾਬ ਸਰਕਾਰ ਵੱਲੋਂ ਮੱਕੀ ਦੀ ਖ਼ਰੀਦ ਘੱਟੋ ਸਮਰਥਨ ਮੁੱਲ ‘ਤੇ ਖ਼ਰੀਦ ਕਰਨੀ ਯਕੀਨੀ ਬਣਾਈ ਜਾਵੇਗੀ

ਗੁਰਦਾਸਪੁਰ, 19 ਜੂਨ 2025 ( ਦੀ ਪੰਜਾਬ ਵਾਇਰ ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਹੇਠ ਲਿਆਉਣ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ  ਤਹਿਤ 2000 ਹੈੱਕ. ਰਕਬੇ ਵਿਚ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਵਾਈ ਜਾਵੇਗੀ ਅਤੇ ਸਾਉਣੀ ਰੁੱਤ ਦੀ ਮੱਕੀ ਦੀ ਬਿਜਾਈ ਜੂਨ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ । ਬਲਾਕ ਦੀਨਾਨਗਰ ਦੇ ਪਿੰਡ ਸਧਾਨਾ ਵਿਚ ਕਿਸਾਨ ਸ਼ੇਰ ਸਿੰਘ ਵੱਲੋਂ 6  ਏਕੜ ਰਕਬੇ ਵਿੱਚ ਬਿਜਾਈ ਕੀਤੀ ਮੱਕੀ ਦੀ ਫ਼ਸਲ ਜਾਇਜ਼ਾ ਲੈਣ ਸਮੇਂ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਗੱਲਬਾਤ ਕਰਦਿਆਂ ਕਹੇ।

ਜ਼ਿਲ੍ਹਾ ਗੁਰਦਾਸਪੁਰ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ  ਨੇ ਦੱਸਿਆ ਕਿ ਝੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਭਵਿੱਖ ਵਿਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ । ਉਨ੍ਹਾਂ ਦੱਸਿਆ ਕਿ ਭਵਿੱਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ 2000 ਹੈੱਕ.ਰਕਬਾ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਜੋ ਕਿਸਾਨ ਝੋਨੇ ਦੀ ਖੇਤੀ ਕਰਨ ਦੀ ਬਿਜਾਏ  ਸਾਉਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ, ਉਨ੍ਹਾਂ ਨੂੰ ਪ੍ਰਤੀ ਹੈੱਕ 17500/- ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ਵਿਚ ਦਿੱਤੇ ਜਾਣਗੇ। ਉਨ੍ਹਾਂ ਨੂੰ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਮੱਕੀ ਦੀ ਖ਼ਰੀਦ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਮੱਕੀ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕਰਨ ਨੂੰ ਯਕੀਨੀ ਬਣਾਏਗੀ। ਉਨ੍ਹਾਂ ਦੱਸਿਆ ਕਿ ਸਾਉਣੀ ਦੀ ਰੁੱਤ ਦੀ ਮੱਕੀ ਦੀ ਬਿਜਾਈ ਜੂਨ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਖੇਤੀਬਾੜੀ ਅਧਿਕਾਰੀਆਂ ਵਿਚ ਤਾਲਮੇਲ ਵਧਾਉਣ ਲਈ ਪਿੰਡਾਂ ਦੇ 30 ਅਗਾਂਹਵਧੂ ਨੌਜਵਾਨ ਬਤੌਰ ਕਿਸਾਨ ਮਿੱਤਰ ਨਿਯੁਕਤ ਕੀਤੇ ਗਏ ਹਨ ਅਤੇ ਹਰੇਕ ਕਿਸਾਨ ਮਿੱਤਰ ਲਈ ਮੱਕੀ ਦੀ ਕਾਸ਼ਤ ਕਰਨੀ ਜ਼ਰੂਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਇਥਾਨੋਲ਼ ਦੀ ਮੰਗ ਦਿਨੋਂ ਦਿਨ ਵਧ ਰਹੀ ਹੈ ਅਤੇ ਏਥਾਨੋਲ਼ ਮੱਕੀ ਜਾਂ ਚੌਲਾਂ ਦੇ ਟੋਟੇ ਤੋਂ ਹੀ ਬਣਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੈਟਰੋਲ ਵਿਚ 20 ਫ਼ੀਸਦੀ ਏਥਾਨੋਲ ਮਿਲਾ ਕੇ ਗੱਡੀਆਂ ਵਿਚ ਵਰਤਣਾ ਲਾਜ਼ਮੀ ਕਰ ਦਿੱਤਾ ਹੈ ਇਸ ਲਈ ਮੱਕੀ ਦੀ ਮੰਗ ਨੂੰ ਪੂਰਿਆਂ ਕਰਨ ਲਈ ਮੱਕੀ ਹੇਠ ਰਕਬਾ ਵਧਾਉਣ ਦੀ ਜ਼ਰੂਰਤ ਹੈ।ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ  ਕੀਤੀ ਕਿ ਹਰੇਕ ਕਿਸਾਨ ਘੱਟੋ ਘੱਟ ਇੱਕ ਹੈੱਕ. ਰਕਬਾ ਮੱਕੀ ਹੇਠ ਜ਼ਰੂਰ ਲਿਆਵੇ ਤਾਂ ਜੋ ਝੋਨੇ ਦੀ ਕਾਸ਼ਤ ਨਾਲ ਆਉਣ ਵਾਲੀਆਂ ਭਵਿੱਖੀ ਸਮੱਸਿਆਵਾਂ ਘੱਟ ਕੀਤੀਆਂ ਜਾ ਸਕਣ। ਬਲਾਕ ਖੇਤੀਬਾੜੀ ਅਫ਼ਸਰ ਡਾ.ਬਲਜਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਗਰਮੀ ਰੁੱਤ ਦੀ ਮੱਕੀ ਦੀ ਕਾਸ਼ਤ ਕਰਨ ਦੀ ਬਿਜਾਏ ਸਾਉਣੀ ਰੁੱਤ ਦੀ ਮੱਕੀ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਕਿਸਾਨਾਂ ਅੰਦਰ ਮੱਕੀ ਦੀ ਬਿਜਾਈ ਕਰਨ ਲਈ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਝੋਨੇ ਤੋਂ ਹੁੰਦੇ ਮੁਨਾਫ਼ੇ ਦੇ ਬਰਾਬਰ ਮੱਕੀ ਦੀ ਫ਼ਸਲ ਤੋਂ ਲੈਣਾ ਹੈ ਤਾਂ ਪ੍ਰਤੀ ਏਕੜ 33000 ਬੂਟਿਆਂ ਦੀ ਗਿਣਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਪ੍ਰਤੀ ਏਕੜ 33000 ਬੂਟਿਆਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਮੱਕੀ ਦੀ ਬਿਜਾਈ ਨੁਮੈਟਿਕ ਪਲਾਂਟਰ ਜਾਂ ਵੱਟਾਂ ਤੇ ਚੋਗ ਕੇ ਜਾਂ ਮੱਕੀ ਦੀ ਬਿਜਾਈ ਕਰਨ ਵਾਲੀ ਡਰਿੱਲ ਨਾਲ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਬਾਅਦ ਹਲਕੀਆਂ ਜ਼ਮੀਨਾਂ ਵਿਚ 500 ਗਰਾਮ, ਦਰਮਿਆਨੀਆਂ ਜ਼ਮੀਨਾਂ ਵਿਚ 600 ਗਰਾਮ ਅਤੇ ਭਾਰੀਆਂ ਜ਼ਮੀਨਾਂ ਵਿਚ 800 ਗਰਾਮ ਐਟਰਾਟਾਫ਼ ਨਦੀਨਨਾਸ਼ਕ ਪ੍ਰਤੀ ਏਕੜ ਦਾ ਛਿੜਕਾ ਕਰਨਾ ਚਾਹੀਦਾ।  ਇਸ ਮੌਕੇ ਡਾਕਟਰ ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ,ਪਵਨ ਕੁਮਾਰ,ਰਵਿੰਦਰ ਕੁਮਾਰ ਅਤੇ ਕਿਸਾਨ ਮਿੱਤਰ ਰਮੇਸ਼ ਕੁਮਾਰ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।

Written By
The Punjab Wire