ਗੁਰਦਾਸਪੁਰ, 3 ਜੂਨ 2025 (ਦੀ ਪੰਜਾਬ ਵਾਇਰ)। ਕਮੇਟੀ ਘਰ ਨੇੜੇ 1 ਜੂਨ ਦੀ ਅੱਧੀ ਰਾਤ ਬਾਅਦ ਇਕ ਪਰਿਵਾਰ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਗੁਰਦਾਸਪੁਰ ਸ਼ਹਿਰ ਦੀ ਹੈ ਜਿੱਥੇ ਇਕ ਰਿੰਗ ਸੈਰਮਨੀ ਤੋਂ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਨੂੰ ਹਮਲਾਵਰਾਂ ਨੇ ਰਾਹ ਰੋਕ ਕੇ ਘੇਰ ਲਿਆ ਅਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਹ ਮਾਮਲਾ ਅਨੀਲ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਵਲੋਂ ਦਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਉਹ ਆਪਣੀ ਧੀ ਦੀ ਰਿੰਗ ਸੈਰਮਨੀ ਇੰਟਰਨੈਸ਼ਨਲ ਹੋਟਲ, ਗੁਰਦਾਸਪੁਰ ਅੰਦਰ ਸਮਾਪਤ ਕਰ ਕੇ ਕਰੀਬ 12:30 ਵਜੇ ਰਾਤ ਆਪਣੇ ਭਤੀਜੇ ਹਿਮਾਂਸ਼ੂ ਮਹਾਜਨ ਅਤੇ ਲੜਕੇ ਵਿਧੁਲ ਮਹਾਜਨ ਸਮੇਤ ਕਾਰ ‘ਚ ਰਿਸ਼ਤੇਦਾਰਾਂ ਨੂੰ ਛੱਡ ਕੇ ਵਾਪਸ ਘਰ ਆ ਰਹੇ ਸਨ।
ਜਦੋਂ ਉਹ ਕਮੇਟੀ ਘਰ ਨੇੜੇ ਪੁੱਜੇ ਤਾਂ ਦੋਸ਼ੀਆਂ ਹੀਰਾ ਲਾਲ ਕੋਸ਼ਲ (ਪੁੱਤਰ ਰਾਜ ਕੁਮਾਰ) ਵਾਸੀ ਨੇੜੇ ਕਮੇਟੀ ਘਰ, ਰਾਹੁਲ ਵਾਸੀ ਗੁਰਦਾਸਪੁਰ ਅਤੇ ਰਾਜੂ ਵਾਸੀ ਗੀਤਾ ਭਵਨ ਨੇ ਆਪਣੀ ਕਾਰ ਨਾਲ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਕੇ ਰੋਕਿਆ।ਉਕਤ ਨੇ ਉਨ੍ਹਾਂ ਦੇ ਲੜਕੇ ਅਤੇ ਭਤੀਜੇ ਉੱਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਦਸਤੀ ਹਥਿਆਰਾਂ ਨਾਲ ਸੱਟਾ ਮਾਰ ਕੇ ਜਖਮੀ ਕਰ ਦਿੱਤਾ।
ਹਮਲਾਵਰਾਂ ਵੱਲੋਂ ਉਨ੍ਹਾਂ ਦੀ ਕਾਰ ਨੂੰ ਨੁਰਸਾਨ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ, ਗੁਰਦਾਸਪੁਰ ਵਿੱਚ ਚੱਲ ਰਿਹਾ ਹੈ। ਝਗੜੇ ਦੀ ਜੜ੍ਹ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਜਾਂਚ ਅਧਿਕਾਰੀ ਏਐਸਆਈ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੀਰਾ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਅਧੀਨ ਹੈ ਅਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਵਿੱਚ ਭਾਰਤੀ ਦੰਡ ਸੰਹਿਤਾ ਦੇ ਸੈਕਸ਼ਨ 109, 126(2), 324(4), 351(2), 3(5) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।