ਰਾਵੀ ਦਰਿਆ ’ਚ ਰੁੜੇ ਕਿਸਾਨ ਦੇ ਪਰਿਵਾਰ ਨਾਲ ਵਿਧਾਇਕਾ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਨੇ ਦੁੱਖ ਵੰਡਾਇਆ
ਦੀਨਾਨਗਰ, 6 ਅਕਤੂਬਰ 2026 (ਮੰਨਨ ਸੈਣੀ)— ਪਿੰਡ ਮਿਰਜ਼ਾਪੁਰ ਦੇ ਸਾਹਮਣੇ ਰਾਵੀ ਦਰਿਆ ਵਿੱਚ ਰੁੜੇ ਕਿਸਾਨ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਅੱਜ ਵਿਧਾਇਕਾ ਅਰੁਣਾ ਚੌਧਰੀ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ।
ਅਸ਼ੋਕ ਚੌਧਰੀ ਨੇ ਖ਼ੁਦ ਪਿੰਡ ਸਲਾਚ ਵਿਖੇ ਪਹੁੰਚ ਕੇ ਸੁਖਵਿੰਦਰ ਸਿੰਘ ਦੇ ਲੜਕੇ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਘਟਨਾ ਸਬੰਧੀ ਜਾਣਕਾਰੀ ਲਈ। ਇਸ ਦੌਰਾਨ ਪਤਾ ਚੱਲਿਆ ਕਿ ਕਿਸਾਨ ਸੁਖਵਿੰਦਰ ਸਿੰਘ ਜਦੋਂ ਦਰਿਆ ਰਾਵੀ ਤੋਂ ਪਾਰ ਪੈਂਦੀ ਆਪਣੀ ਜ਼ਮੀਨ ਵਿੱਚ ਖੇਤੀ ਕਰਨ ਲਈ ਬੇੜੀ ਵਿੱਚ ਸਵਾਰ ਹੋ ਕੇ ਗਿਆ ਤਾਂ ਵਾਪਸੀ ਵੇਲੇ ਉਸਨੇ ਦਰਿਆ ਵਿੱਚ ਪਾਣੀ ਘੱਟ ਮੰਨ ਕੇ ਸਾਥੀਆਂ ਸਮੇਤ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਹਨਾਂ ਦਾ ਪੈਰ ਤਿਲਕਣ ਕਾਰਨ ਉਹ ਸੰਤੁਲਣ ਗੁਆ ਬੈਠੇ ਅਤੇ ਦੇਖਦੇ ਹੀ ਦੇਖਦੇ ਦਰਿਆ ਵਿੱਚ ਰੁੜ ਗਏ। ਦੂਜੇ ਸਾਥੀਆਂ ਦੇ ਦੱਸਣ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਨੇ ਗੋਤਾਖ਼ੋਰਾਂ ਦੀ ਮਦਦ ਨਾਲ ਉਨ੍ਹਾਂ ਭਾਲ ਕੀਤੀ ਪਰ ਉਹ ਨਹੀਂ ਮਿਲੇ। ਇਸ ਦੌਰਾਨ ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਲਾਸ਼ ਨਾ ਮਿਲਣ ’ਤੇ ਨਿਰਾਸ਼ਾ ਜਤਾਈ ਅਤੇ ਮੰਗ ਕੀਤੀ ਕਿ ਉਨ੍ਹਾਂ ਦੀ ਲਾਸ਼ ਲੱਭਣ ਲਈ ਪ੍ਰਸ਼ਾਸਨ ਦੁਬਾਰਾ ਯਤਨ ਕਰੇ। ਉੱਧਰ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਪਰਿਵਾਰ ਨੂੰ ਧਰਵਾਸਾ ਦਿੱਤਾ ਅਤੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹਣ ਦੀ ਗੱਲ ਆਖੀ। ਅਸ਼ੋਕ ਚੌਧਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਮੰਗ ’ਤੇ ਦੁਬਾਰਾ ਗ਼ੌਰ ਕੀਤੀ ਜਾਵੇ ਤਾਂ ਜੋ ਉਹ ਆਪਣੇ ਵਿਛੜੇ ਜੀਅ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰ ਸਕਣ। ਉਨ੍ਹਾਂ ਦਰਿਆ ਪਾਰ ਜਾਂਦੇ ਪਿੰਡ ਦੇ ਹੋਰਨਾਂ ਲੋਕਾਂ ਨੂੰ ਵੀ ਭਵਿੱਖ ਵਿੱਚ ਇਸ ਘਟਨਾ ਤੋਂ ਸਬਕ ਲੈਂਦਿਆਂ ਖ਼ੁਦ ਦੀ ਸੁਰੱਖਿਆ ਨੂੰ ਪਹਿਲ ਦੇਣ ਦੀ ਗੱਲ ਆਖੀ। ਇਸ ਮੌਕੇ ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਬਲਬੀਰ ਚੰਦ, ਡਾ. ਸਤਨਾਮ ਸਿੰਘ ਵਜ਼ੀਰਪੁਰ ਅਫ਼ਗਾਨਾ, ਸਾਬਕਾ ਸਰਪੰਚ ਚੰਨਣ ਸਿੰਘ ਸਲਾਚ, ਸਾਬਕਾ ਸਰਪੰਚ ਡਾ. ਕ੍ਰਿਪਾਲ ਸਿੰਘ ਸ਼ਮਸ਼ੇਰਪੁਰ, ਪਰਮਜੀਤ ਸਿੰਘ ਸਲਾਚ ਅਤੇ ਜ਼ੋਨ ਇੰਚਾਰਜ ਵਰਿੰਦਰ ਸਿੰਘ ਨੌਸ਼ਹਿਰਾ ਤੋਂ ਇਲਾਵਾ ਪਿੰਡ ਦੇ ਮੋਹਤਬਰ ਹਾਜ਼ਰ ਸਨ।