ਸਿਹਤ ਸਹੂਲਤਾਂ ਦੇ ਨਾਂ ’ਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਪੰਜਾਬ ਸਰਕਾਰ, ਹਸਪਤਾਲਾਂ ਵਿੱਚ ਨਹੀਂ ਚੱਲ ਰਹੇ 10 ਲੱਖ ਵਾਲੇ ਸਿਹਤ ਕਾਰਡ
ਕੱਚੇ ਮਕਾਨਾਂ ਦੀ ਗਰਾਂਟ ਵਿੱਚ ਵੀ ਹੋ ਰਿਹਾ ਵਿਤਕਰਾ : ਅਸ਼ੋਕ ਚੌਧਰੀ
ਦੀਨਾਨਗਰ, 29 ਸਤੰਬਰ (ਮੰਨਨ ਸੈਣੀ)– ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਇਲਾਜ ਕਰਵਾਉਣ ਲਈ ਵੱਖ-ਵੱਖ ਹਸਪਤਾਲਾਂ ਵਿੱਚ ਖੱਜਲ-ਖੁਆਰ ਹੋ ਰਹੇ ਲੋਕਾਂ ਦਾ ਮੁੱਦਾ ਉਠਾਉਂਦਿਆਂ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੱਤਰਕਾਰ ਮਿਲਣੀ ਦੌਰਾਨ ਇਸ ਸਕੀਮ ਨੂੰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਣਾ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਜਦੋਂ 10 ਲੱਖ ਵਾਲੇ ਸਿਹਤ ਕਾਰਡ ਹਸਪਤਾਲਾਂ ਵਿੱਚ ਚੱਲਦੇ ਹੀ ਨਹੀਂ ਤਾਂ ਫਿਰ ਕਿਉਂ ਪੰਜਾਬ ਸਰਕਾਰ ਅਤੇ ਇਸਦੇ ਆਗੂ ਵੱਖ-ਵੱਖ ਥਾਈਂ ਵੱਡੀ ਤਾਦਾਦ ’ਚ ਇਹ ਕਾਰਡ ਵੰਡੀ ਜਾ ਰਹੇ ਹਨ। ਉਨ੍ਹਾਂ ਦੀਨਾਨਗਰ ਹਲਕੇ ਦੇ ਪਿੰਡ ਮਰਾੜਾ ਅਤੇ ਛੋਟਾ ਬਿਆਨਪੁਰ ਦੇ ਕੁਝ ਪੀੜਤਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮਰਾੜਾ ਨਿਵਾਸੀ ਕਾਰਤਿਕ ਸੈਣੀ ਪੁੱਤਰ ਰਾਕੇਸ਼ ਸੈਣੀ ਦਾ ਐਕਸੀਡੈਂਟ ਉਪਰੰਤ ਸਾਰਾ ਇਲਾਜ ਉਸਦੇ ਮਾਪਿਆਂ ਨੇ ਆਪਣੇ ਪੱਲਿਓਂ ਕਰਵਾਇਆ ਹੈ ਅਤੇ ਉਹ ਕਰੀਬ 4 ਲੱਖ ਦੇ ਕਰਜ਼ਾਈ ਹੋ ਗਏ ਹਨ ਪਰ 10 ਲੱਖ ਵਾਲਾ ਸਿਹਤ ਕਾਰਡ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਇਆ ਜਦਕਿ ਉਹ ਇਸਦੇ ਆਸਰੇ ਕੋਟਲੀ ਨੇੜੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਗਏ ਸਨ।
ਇਸੇ ਤਰ੍ਹਾਂ ਛੋਟਾ ਬਿਆਨਪੁਰ ਨਿਵਾਸੀ ਰਛਪਾਲ ਨਾਮਕ ਨੌਜਵਾਨ ਦਾ ਪਿਤਾ ਵੀ ਪਿਛਲੇ ਕਈ ਦਿਨਾਂ ਤੋਂ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਹੈ ਪਰ ਉਨ੍ਹਾਂ ਨੂੰ ਵੀ ਇਸ ਕਾਰਡ ਨਾਲ ਇਲਾਜ ਦੀ ਕੋਈ ਸਹੂਲਤ ਨਹੀਂ ਮਿਲੀ ਹੈ। ਜਿਸ ਕਾਰਨ ਪਰਿਵਾਰ ਪੰਜਾਬ ਸਰਕਾਰ ਦੀ ਇਸ ਯੋਜਨਾ ਨੂੰ ਝੂਠਾ ਅਤੇ ਗੁਮਰਾਹ ਕਰਨ ਵਾਲਾ ਦੱਸ ਰਿਹਾ ਹੈ। ਅਸ਼ੋਕ ਚੌਧਰੀ ਨੇ ਕਿਹਾ ਕਿ ਅਜਿਹੇ ਹੋਰ ਕਈ ਕੇਸ ਸਾਹਮਣੇ ਆਏ ਹਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ 10 ਲੱਖ ਰੁਪਏ ਦੇ ਮੁਫ਼ਤ ਇਲਾਜ ਵਾਲਾ ਸਿਹਤ ਕਾਰਡ ਸਿਰਫ਼ ਡਰਾਮਾ ਹੈ ਅਤੇ ਅਸਲੀਅਤ ਵਿੱਚ ਲੋੜਵੰਦਾਂ ਨੂੰ ਇਸਦਾ ਕੋਈ ਲਾਭ ਨਹੀਂ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਹਲਕੇ ਅੰਦਰ ਸੱਤਾਧਾਰੀ ਪਾਰਟੀ ਦਾ ਇੱਕ ਹਾਰਿਆ ਹੋਇਆ ਆਗੂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਾਰਡ ਵੰਡ ਰਿਹਾ ਹੈ ਅਤੇ ਲੋਕਾਂ ਨੂੰ ਸਾਰਾ ਇਲਾਜ ਮੁਫ਼ਤ ਹੋਣ ਦਾ ਝੂਠਾ ਦਿਲਾਸਾ ਦੇ ਰਿਹਾ ਹੈ ਜਦਕਿ ਅਸਲੀਅਤ ਵਿੱਚ ਇਹ ਇੱਕ ਗੁਮਰਾਹਕੁੰਨ ਪ੍ਰਚਾਰ ਹੈ ਜੋ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ। ਅਸ਼ੋਕ ਚੌਧਰੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਕਾਰਡ ਨਾ ਚੱਲਣ ਕਾਰਨ ਆਮ ਜਨਤਾ ਪਰੇਸ਼ਾਨੀਆਂ ਝੱਲ ਰਹੀ ਹੈ।
ਕਾਂਗਰਸੀ ਆਗੂ ਨੇ ਕੱਚੇ ਮਕਾਨਾਂ ਦੀਆਂ ਗਰਾਟਾਂ ਵਿੱਚ ਵੀ ਅਸਲ ਰੂਪ ’ਚ ਪ੍ਰਭਾਵਿਤ ਲੋਕਾਂ ਨਾਲ ਵਿਤਕਰਾ ਹੋਣ ਦੀ ਗੱਲ ਆਖੀ ਹੈ ਅਤੇ ਦੋਸ਼ ਲਗਾਇਆ ਹੈ ਕਿ ਸਰਕਾਰ ਦੇ ਨੁਮਾਇੰਦੇ ਪਿੱਕ ਐਂਡ ਚੂਜ਼ ਦੀ ਰਣਨੀਤੀ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮਿਸ ਯੂਜ਼ ਕਰ ਰਹੇ ਹਨ। ਜਿਸਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ। ਅਸ਼ੋਕ ਚੌਧਰੀ ਨੇ ਕਿਹਾ ਕਿ 2025 ਦੌਰਾਨ ਆਏ ਹੜ੍ਹ ਮੌਕੇ ਵੀ ਪ੍ਰਭਾਵਿਤ ਲੋਕਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਸੀ ਅਤੇ ਸੱਤਾਧਾਰੀਆਂ ਨੇ ਲਿਸਟਾਂ ਤਿਆਰ ਕਰਵਾਉਣ ਮੌਕੇ ਮਨਮਾਨੀਆਂ ਕੀਤੀਆਂ ਸਨ ਅਤੇ ਹੁਣ ਫਿਰ ਇਸੇ ਤਰਜ਼ ’ਤੇ ਕੱਚੇ ਮਕਾਨਾਂ ਵਾਲੇ ਪ੍ਰਭਾਵਿਤ ਲੋਕ ਗਰਾਂਟਾਂ ਲੈਣ ਤੋਂ ਵਾਂਝੇ ਹਨ ਜਦਕਿ ‘ਆਪ’ ਪਾਰਟੀ ਨਾਲ ਚੱਲਣ ਵਾਲਿਆਂ ਨੂੰ ਕੁਝ ਪਿੰਡਾਂ ਵਿੱਚ ਕਿਸ਼ਤਾਂ ਵੀ ਜਾਰੀ ਹੋ ਚੁੱਕੀਆਂ ਹਨ ਅਤੇ ਅਸਲ ਲੋੜਵੰਦਾਂ ਦੀਆਂ ਲਿਸਟਾਂ ਦਫ਼ਤਰਾਂ ਦੀ ਧੂੜ ਫੱਕ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਨੇ ਪਿਛਲੇ ਦਿਨੀਂ ਗੁਰਦਾਸਪੁਰ ਵਿਖੇ ਦਿਸ਼ਾ ਕਮੇਟੀ ਦੀ ਮੀਟਿੰਗ ਵਿੱਚ ਉਠਾਇਆ ਹੈ ਅਤੇ ਉਹ ਕਿਸੇ ਵੀ ਗਰੀਬ ਤੇ ਲੋੜਵੰਦ ਨਾਲ ਧੱਕਾ ਨਹੀਂ ਹੋਣ ਦੇਣਗੇ। ਉਨ੍ਹਾਂ ਐਸਆਈਆਰ ਦੀ ਆੜ ਹੇਠ ਭਾਜਪਾ ਵੱਲੋਂ ਉਲੀਕੀ ਜਾ ਰਹੀ ਰਣਨੀਤੀ ਨੂੰ ਪੂਰੀ ਤਰ੍ਹਾਂ ਗ਼ਲਤ ਅਤੇ ਲੋਕਤੰਤਰ ਨੂੰ ਖ਼ਤਮ ਕਰਨ ਵੱਲ ਕਦਮ ਵਧਾਉਣਾ ਕਰਾਰ ਦਿੱਤਾ।