ਗੁਰਦਾਸਪੁਰ

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਸ਼ਿਕਾਰ ਮਾਛੀਆਂ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਸ਼ਿਕਾਰ ਮਾਛੀਆਂ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ
  • PublishedSeptember 25, 2026

ਇਲਾਕੇ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਮਜ਼ਬੂਤ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 25 ਸਤੰਬਰ 2026 (ਮੰਨਨ ਸੈਣੀ)– ਡੇਰਾ ਬਾਬਾ ਨਾਨਕ ਹਲਕੇ ਵਿੱਚ ਬਿਜਲੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਅੱਜ ਪਿੰਡ ਸ਼ਿਕਾਰ ਮਾਛੀਆਂ ਵਿਖੇ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਸੂਬਾ ਪ੍ਰਧਾਨ ਰਾਈਸ ਮਿੱਲਰਜ਼ ਪੰਜਾਬ, ਸੀਨੀਅਰ ਆਗੂ ਚੰਨਣ ਸਿੰਘ ਖਾਲਸਾ, ਅਮਿਤ ਸ਼ਰਮਾ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ, ਐਕਸੀਅਨ ਹਰਸ ਸ਼ਰਮਾ, ਐੱਸ. ਡੀ.ਓ ਜਗਦੀਸ਼ ਸਿੰਘ, ਐੱਸ.ਡੀ.ਓ ਜੋਬਨਜੀਤ ਸਿੰਘ, ਸ਼ਿਕਾਰ ਮਾਛੀਆਂ ਪਿੰਡ ਦੇ ਸਰਪੰਚ ਸ੍ਰੀਮਤੀ ਸਰਬਜੀਤ ਕੌਰ, ਬਲਵਿੰਦਰ ਸਿੰਘ, ਅਤੇ

ਵੱਡੀ ਗਿਣਤੀ ਵਿੱਚ ਪਿੰਡਾਂ ਦੇ ਬੰਚ-ਸਰਪੰਚ, ਸਥਾਨਕ ਵਸਨੀਕਾਂ, ਪਾਰਟੀ ਆਗੂਆਂ, ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੇਂ 66 ਸਬ-ਸਟੇਸ਼ਨ ਦੇ ਬਣਨ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਵਾਰ-ਵਾਰ ਆਉਣ ਵਾਲੀਆਂ ਬਿਜਲੀ ਸਮੱਸਿਆਵਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ  ਨੂੰ ਘਰੇਲੂ, ਵਪਾਰਕ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਸਿੱਧਾ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਥੋਂ ਦੇ ਨੇੜਲੇ ਕਰੀਬ 17 ਪਿੰਡਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮਿਲੇਗੀ।

ਉਨ੍ਹਾਂ ਪਿੰਡ ਸ਼ਿਕਾਰ ਮਾਛੀਆਂ ਦੇ ਸਰਪੰਚ ਅਤੇ ਸਮੁੱਚੇ ਪਿੰਡ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਵਲੋਂ 66ਕੇਵੀ ਸਬ ਸਟੇਸ਼ਨ ਲਗਾਉਣ ਲਈ ਜ਼ਮੀਨ ਮੁਹੱਈਆ ਕਰਵਾਈ। ਉਨ੍ਹਾਂ ਦੱਸਿਆ ਕਿ ਸ਼ਿਕਾਰ ਮਾਛੀਆਂ ਪਿੰਡ ਲਈ ਬਿਜਲੀ ਦੀ ਸਪਲਾਈ ਲਈ ਸਪੈਸ਼ਲ ਫੀਡਰ ਲਗਾਇਆ ਜਾਵੇਗਾ ਅਤੇ ਪਿੰਡ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਹੋਵੇਗੀ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਵੀ ਇਲਾਕੇ ਦੇ ਵਿਕਾਸ ਲਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਅਤੇ  ਵਿਕਾਸ ਕਾਰਜਾਂ ਦੀ ਲੜੀ ਜਾਰੀ ਰਹੇਗੀ। ਵਿਧਾਇਕ ਨੇ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ, ਸੜਕਾਂ, ਪੀਣ ਵਾਲੇ ਪਾਣੀ ਅਤੇ ਹੋਰ ਜਨਤਕ ਸਹੂਲਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਬਿਜਲੀ ਵਿਭਾਗ ਦੇ ਡਿਪਟੀ ਚੀਫ ਇੰਜੀਨੀਅਰ ਅਮਿਤ ਸ਼ਰਮਾ ਨੇ ਦੱਸਿਆ ਕਿ ਨਵੇਂ 66 ਕੇਵੀ ਸਬ-ਸਟੇਸ਼ਨ ਨਾਲ ਬਿਜਲੀ ਵੰਡ ਪ੍ਰਣਾਲੀ ਹੋਰ ਸੁਚਾਰੂ ਹੋਵੇਗੀ ਅਤੇ ਵਧ ਰਹੀ ਬਿਜਲੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਲੋਡ ਘਟੇਗਾ ਅਤੇ ਬਿਜਲੀ ਸਪਲਾਈ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਝੋਨੇ ਦੇ ਅਗਲੇ ਸ਼ੀਜਨ ਤੋਂ ਪਹਿਲਾਂ ਇਥੋਂ ਬਿਜਲੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ।

ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਇਸ ਪ੍ਰੋਜੈਕਟ ਲਈ ਵਿਧਾਇਕ ਗੁਰਦੀਵ ਸਿੰਘ ਰੰਧਾਵਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 66 ਕੇ.ਵੀ ਸਬ-ਸਟੇਸ਼ਨ ਦੇ ਬਣਨ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਬਿਜਲੀ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪ੍ਰਾਪਤ ਹੋਵੇਗੀ।

ਆਖਰ ਵਿੱਚ ਵਿਧਾਇਕ ਰੰਧਾਵਾ ਨੇ ਸਬ-ਸਟੇਸ਼ਨ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਇਲਾਕੇ ਦਾ ਸਰਵਪੱਖੀ ਵਿਕਾਸ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ।

Written By
The Punjab Wire