ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਹਰਭਜਨ ਬਾਜਵਾ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਭਗਤ ਪੂਰਨ ਸਿੰਘ ਪਿੰਗਲਵਾੜਾ ਟਰੱਸਟ ਦੇ ਬੀਬੀ ਡਾ. ਇੰਦਰਜੀਤ ਕੌਰ, ਨਾਮਵਰ ਸ਼ਾਇਰ ਪ੍ਰੋਫੈਸਰ ਗੁਰਭਜਨ ਗਿੱਲ, ਸ਼ਾਇਰ ਰਵਿੰਦਰ ਨੇ ਸਵ: ਹਰਭਜਨ ਬਾਜਵਾ ਨੂੰ ਕੀਤਾ ਯਾਦ
ਹਰਭਜਨ ਬਾਜਵਾ ਸਿਮਰਤੀ ਗ੍ਰੰਥ’ ਨੂੰ ਰਿਲੀਜ਼ ਕੀਤਾ
ਬਟਾਲਾ, 21 ਸਤੰਬਰ2026 (ਮੰਨਨ ਸੈਣੀ)- ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਹਰਭਜਨ ਬਾਜਵਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਇੱਥੋਂ ਦੇ ਕਾਹਨੂੰਵਾਨ ਰੋਡ ’ਤੇ ਸਥਿਤ ਗੁਰਦੁਆਰਾ ਸਿੰਘ ਸਭਾ ਧੁੱਪਸੜੀ ’ਚ ਹੋਇਆ। ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਆਪਣੇ ਸੰਬੋਧਨ ਦੌਰਾਨ ਮਰਹੂਮ ਬਾਜਵਾ ਨਾਲ ਗੁਜ਼ਾਰੇ ਪਲਾਂ ਨੂੰ ਜਿੱਥੇ ਬਿਆਨਿਆ, ਉੱਥੇ ਫੋਟੋਗ੍ਰਾਫੀ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਰਾਗੀ ਜਥੇ ਨੇ ਕੀਰਤਨ ਕਰਕੇ ਸੰਗਤਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੋੜੀ ਰੱਖਿਆ।
ਅੰਤਿਮ ਅਰਦਾਸ ਮੌਕੇ ਗਗਨਦੀਪ ਸਿੰਘ ਵਿਰਕ ਅਤੇ ਪ੍ਰੋਫੈਸਰ ਨਰੇਸ਼ ਕੁਮਾਰ ਵੱਲੋਂ ਸੰਪਾਦਕ ਕੀਤੀ ਕਿਤਾਬ ‘ਹਰਭਜਨ ਸਿੰਘ ਬਾਜਵਾ ਸਿਮਰਤੀ ਗ੍ਰੰਥ’ ਰਿਲੀਜ਼ ਕਰਨ ਦੀ ਰਸਮ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਭਗਤ ਪੂਰਨ ਸਿੰਘ ਪਿੰਗਲਵਾੜਾ ਟਰੱਸਟ ਦੇ ਬੀਬੀ ਡਾ. ਇੰਦਰਜੀਤ ਕੌਰ, ਨਾਮਵਰ ਸ਼ਾਇਰ ਪ੍ਰੋਫੈਸਰ ਗੁਰਭਜਨ ਗਿੱਲ, ਸ਼ਾਇਰ ਰਵਿੰਦਰ, ਲੇਖਕ ਦੇਵਿੰਦਰ ਦੀਦਾਰ ਸਮੇਤ ਹੋਰਾਂ ਕੀਤੀ।
ਫੋਟੋਗ੍ਰਾਫਰ ਬਾਜਵਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਾਜਵਾ ਵੱਲੋਂ ਉਨ੍ਹਾਂ ਦੇ ਬਾਪ ਮਰਹੂਮ (ਜਥੇਦਾਰ ਜਗਦੇਵ ਸਿੰਘ ਖੁੱਡੀਆਂ) ਨਿਭਾਈ ਭਰਾਵਾਂ ਵਰਗੀ ਸਾਂਝ ਨੂੰ ਜਿੱਥੇ ਬਿਆਨਿਆ, ਉੱਥੇ ਬਾਜਵਾ ਵੱਲੋਂ ਬਚਪਨ ਸਮੇਂ ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਬਾਜਵਾ ਨੂੰ ਰੱਜੀ ਰੂਪ ਵਾਲਾ ਮਨੁੱਖ ਦੱਸਿਆ। ਜਦੋਂ ਕਿ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸੰਖੇਪ ਸੰਬੋਧਨ ਦੌਰਾਨ ਪਿੱਛੇ ਪਾਕਿਸਤਾਨ ਤੋਂ ਆਏ ਇੱਕ ਹੀ ਪਰਿਵਾਰ ਦੀ ਅੰਸ਼-ਵੰਸ਼ ਤੋਂ ਜਾਣੂ ਕਰਵਾਇਆ।
ਪਿੰਗਲਵਾੜਾ ਤੋਂ ਬੀਬੀ ਇੰਦਰਜੀਤ ਕੌਰ ਨੇ ਬਾਜਵਾ ਨੂੰ ਸਕੋ ਭਰਾ ਤੋਂ ਵੱਧ ਪਿਆਰ ਕਰਨ ਵਾਲਾ ਦੱਸਿਆ।
ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਹਰਭਜਨ ਬਾਜਵਾ ਇਕੱਲਾ ਫੋਟੋਗ੍ਰਾਫਰ ਨਹੀਂ ਸੀ, ਸਗੋਂ ਉਹ ਸ਼ਾਇਰ, ਲੇਖਕ, ਰਾਹ ਦਸੇਰਾ ਅਤੇ ਕਈ ਕਲਾਵਾਂ ਦਾ ਸੁਮੇਲ ਸੀ। ਮੰਚ ਸੰਚਾਲਨ ਸ਼ਾਇਰ ਡਾ. ਰਵਿੰਦਰ ਨੇ ਕੀਤਾ।
ਇਸੇ ਤਰ੍ਹਾਂ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕਾਂ ਨੇ ਜਿੱਥੇ ਆਪਣੇ ਸ਼ੋਕ ਸੰਦੇਸ਼ ਭੇਜੇ, ਉੱਥੋਂ ਵਟਸਐਪ ਟੋਰਾਂਟੋ ਤੋਂ ਨਾਟਕਕਾਰ ਹੀਰਾ ਰੰਧਾਵਾ, ਖਾਲਸਾ ਕਾਲਜ ਅੰਮ੍ਰਿਤਸਰ, ਜੀ.ਐੱਨ.ਡੀ.ਯੂ. ਅੰਮ੍ਰਿਤਸਰ, ਪਟਿਆਲਾ ਯੂਨੀਵਰਸਿਟੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਦੇ ਭੇਜੇ ਸ਼ੋਕ ਸੰਦੇਸ਼ ਪੜ੍ਹੇ ਗਏ।
ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਵੀ ਆਪਣੇ ਸ਼ੋਕ ਸੰਦੇਸ਼ ਵਿੱਚ ਸਵ: ਹਰਭਜਨ ਬਾਜਵਾ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਅਰਪਨ ਕੀਤੇ।
ਇਸ ਦੌਰਾਨ ਪ੍ਰੋਫੈਸਰ ਨਰੇਸ਼ ਕੁਮਾਰ ਤੇ ਗਗਨਦੀਪ ਵਿਰਕ ਵੱਲੋਂ ਸੰਪਾਦਕ ਕੀਤੀ ਕਿਤਾਬ ‘ਹਰਭਜਨ ਬਾਜਵਾ ਸਿਮਰਤੀ ਗ੍ਰੰਥ’ ਨੂੰ ਰਿਲੀਜ਼ ਕੀਤਾ ਗਿਆ।
ਇਸ ਮੌਕੇ ’ਤੇ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਜੋਬਨ ਰੰਧਾਵਾ, ਫੋਟੋਗ੍ਰਾਫਰ ਐਸੋਸੀਏਸ਼ਨ ਪ੍ਰਧਾਨ ਸੁਖਜਿੰਦਰ ਸਿੰਘ ਧੁੱਪਸੜੀ, ਮੁੱਖ ਖੇਤੀਬਾੜੀ ਅਫਸਰ ਡਾ. ਸ਼ਹਿਬਾਜ ਸਿੰਘ ਚੀਮਾ, ਡੀ.ਪੀ.ਆਰ.ਓ. ਹਰਜਿੰਦਰ ਸਿੰਘ ਕਲਸੀ, ਸਾਬਕਾ ਰਾਜਸਭਾ ਮੈਂਬਰ ਭੂਪਿੰਦਰ ਸਿੰਘ ਮਾਨ, ਗਾਇਕ ਸਰਵਿੰਦਰ ਸਿੰਘ ਭਾਗੋਵਾਲੀਆ, ਜੋਗਿੰਦਰ ਅੰਗਰੂਲਾ, ਡਾ. ਪਰਮਜੀਤ ਸਿੰਘ ਕਲਸੀ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ , ਜਰਨੈਲ ਸਿੰਘ ਮਾਹਲ ਸਮੇਤ ਹੋਰ ਹਾਜ਼ਰ ਸਨ।