Close

Recent Posts

ਗੁਰਦਾਸਪੁਰ ਪੰਜਾਬ

ਪਿਆਰ ’ਤੇ ਸਰਹੱਦ ਦੀ ਕੰਧ: ਗੁਰਦਾਸਪੁਰ ਦੇ ਸੋਨੂ ਅਤੇ ਮਾਰੀਆ ਦੀ ਵਿਛੋੜੇ ਦੀ ਕਹਾਣੀ

ਪਿਆਰ ’ਤੇ ਸਰਹੱਦ ਦੀ ਕੰਧ: ਗੁਰਦਾਸਪੁਰ ਦੇ ਸੋਨੂ ਅਤੇ ਮਾਰੀਆ ਦੀ ਵਿਛੋੜੇ ਦੀ ਕਹਾਣੀ
  • PublishedApril 26, 2025

ਗੁਰਦਾਸਪੁਰ,26 ਅਪ੍ਰੈਲ 2025 (ਦੀ ਪੰਜਾਬ ਵਾਇਰ)। ਪਿਆਰ ਨੇ ਸਰਹੱਦਾਂ ਨਹੀਂ ਵੇਖੀਆਂ, ਪਰ ਹੁਣ ਕਾਨੂੰਨ ਨੇ ਦੋਹਾਂ ਵਿਚਕਾਰ ਇੱਕ ਕੰਧ ਖੜ੍ਹੀ ਕਰ ਦਿੱਤੀ ਹੈ। ਪਿੰਡ ਸਠਿਆਲੀ ਦੇ ਵਸਨੀਕ ਸੋਨੂ ਮਸੀਹ ਨੇ ਪਿਛਲੇ ਸਾਲ 8 ਜੁਲਾਈ 2024 ਨੂੰ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲ੍ਹੇ ਦੀ ਮਾਰੀਆ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵੇਂ ਇੱਕ-ਦੂਜੇ ਲਈ ਸੰਸਾਰ ਛੱਡਣ ਨੂੰ ਤਿਆਰ ਸਨ, ਪਰ ਹੁਣ ਉਨ੍ਹਾਂ ਨੂੰ ਆਪਣੇ ਸੰਸਾਰ ਤੋਂ ਹੀ ਬੇਦਖਲ ਹੋਣਾ ਪੈ ਰਿਹਾ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ’ਤੇ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਇਸੇ ਹੁਕਮ ਅਧੀਨ ਮਾਰੀਆ ਨੂੰ ਹੁਣ ਭਾਰਤ ਛੱਡ ਕੇ ਪਾਕਿਸਤਾਨ ਵਾਪਸ ਜਾਣਾ ਪਵੇਗਾ। ਸੋਨੂ ਅਤੇ ਮਾਰੀਆ ਦੇ ਸੁਪਨਿਆਂ ’ਤੇ ਜਿਵੇਂ ਕਿਸੇ ਨੇ ਪੱਥਰ ਵਰ੍ਹਾ ਦਿੱਤੇ ਹੋਣ।

“ਅਸੀਂ ਤਾਂ ਸਿਰਫ਼ ਪਿਆਰ ਕੀਤਾ ਸੀ… ਅੱਤਵਾਦ ਨਹੀਂ,” ਸੋਨੂ ਨੇ ਕੰਬਦੀ ਅਵਾਜ਼ ’ਚ ਕਿਹਾ। ਉਸ ਦੀ ਮਾਂ ਦੀਆਂ ਅੱਖਾਂ ’ਚ ਹੰਝੂ ਅਤੇ ਪਿਤਾ ਦੇ ਚਿਹਰੇ ’ਤੇ ਡੂੰਘੀ ਨਿਰਾਸ਼ਾ ਹੈ। ਸਾਰੇ ਪਰਿਵਾਰ ’ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੋਵੇ।

‘ਸਜ਼ਾ ਉਨ੍ਹਾਂ ਨੂੰ ਕਿਉਂ, ਜਿਨ੍ਹਾਂ ਨੇ ਨਫ਼ਰਤ ਨਹੀਂ ਵੰਡੀ?’

ਪਰਿਵਾਰ ਸਰਕਾਰ ਤੋਂ ਅਪੀਲ ਕਰ ਰਿਹਾ ਹੈ ਕਿ ਜਿਹੜੀਆਂ ਪਾਕਿਸਤਾਨੀ ਕੁੜੀਆਂ ਭਾਰਤ ਆ ਕੇ ਭਾਰਤੀ ਨਾਗਰਿਕਾਂ ਨਾਲ ਵਿਆਹ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਇਸ ਹੁਕਮ ਤੋਂ ਰਾਹਤ ਦਿੱਤੀ ਜਾਵੇ। “ਅਸੀਂ ਅੱਤਵਾਦੀਆਂ ਦੀਆਂ ਕਰਤੂਤਾਂ ਦਾ ਬਦਲਾ ਕਿਉਂ ਭੁਗਤੀਏ?” ਸੋਨੂ ਦੇ ਬਜ਼ੁਰਗ ਪਿਤਾ ਬਲਦੇਵ ਮਸੀਹ ਨੇ ਕਿਹਾ।

ਮਾਰੀਆ ਖ਼ੁਦ ਵੀ ਇਸ ਹੁਕਮ ਨਾਲ ਸਦਮੇ ’ਚ ਹੈ। ਉਸ ਦੀਆਂ ਅੱਖਾਂ ’ਚ ਵਸਿਆ ਨਵੀਂ ਜ਼ਿੰਦਗੀ ਦਾ ਸੁਪਨਾ ਹੁਣ ਖੰਡਰ ਹੁੰਦਾ ਨਜ਼ਰ ਆ ਰਿਹਾ ਹੈ। ਉਹ ਵਾਰ-ਵਾਰ ਇਹੀ ਕਹਿੰਦੀ ਹੈ, “ਮੈਂ ਤਾਂ ਆਪਣਾ ਘਰ ਵਸਾਇਆ ਸੀ, ਕੋਈ ਜੁਰਮ ਨਹੀਂ ਕੀਤਾ।”

‘ਕਾਨੂੰਨ ਵੀ ਮਜਬੂਰ ਹੈ’

ਗੁਰਦਾਸਪੁਰ ਰੂਰਲ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। “ਸਾਡੀ ਹਮਦਰਦੀ ਇਨ੍ਹਾਂ ਨਾਲ ਹੈ, ਪਰ ਸਾਨੂੰ ਕਾਨੂੰਨ ਮੁਤਾਬਕ ਹੀ ਕੰਮ ਕਰਨਾ ਪਵੇਗਾ।”

ਹੁਣ ਸਵਾਲ ਉੱਠਦਾ ਹੈ — ਜਦੋਂ ਮੁਹੱਬਤ ਨੇ ਧਰਮ, ਮੁਲਕ ਅਤੇ ਸਰਹੱਦਾਂ ਨਹੀਂ ਵੇਖੀਆਂ, ਤਾਂ ਕੀ ਉਸ ਨੂੰ ਅੱਤਵਾਦ ਦੀ ਸਜ਼ਾ ਮਿਲਣੀ ਚਾਹੀਦੀ ਹੈ? ਕੀ ਸਰਕਾਰ ਨੂੰ ਅਜਿਹੇ ਮਾਮਲਿਆਂ ’ਤੇ ਮਨੁੱਖੀ ਨਜ਼ਰੀਏ ਨਾਲ ਸੋਚਣ ਦੀ ਲੋੜ ਨਹੀਂ?

Written By
The Punjab Wire