Punjab

ਪਹਿਲਗਾਮ ਕਤਲੇਆਮ ਦੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਮਿਲਣੀ ਜ਼ਰੂਰੀ : ਮੋਹਿੰਦਰ ਭਗਤ

ਪਹਿਲਗਾਮ ਕਤਲੇਆਮ ਦੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਮਿਲਣੀ ਜ਼ਰੂਰੀ : ਮੋਹਿੰਦਰ ਭਗਤ
  • PublishedApril 24, 2025

ਕਿਹਾ, ਅਜਿਹੀਆਂ ਅੱਤਵਾਦੀ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ

ਮੰਤਰੀ ਨੇ ਪਹਿਲਗਾਮ ਵਿਖੇ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਚੰਡੀਗੜ, 24 ਅਪ੍ਰੈਲ 2025 (ਦੀ ਪੰਜਾਬ ਵਾਇਰ)– ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀਆਂ ਵੱਲੋਂ ਬੇਕਸੂਰ ਸੈਲਾਨੀਆਂ ਤੇ ਕੀਤੇ ਜਾਨਲੇਵਾ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਤਰੀ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪਹਿਲਗਾਮ ਦੀ ਘਟਨਾ ਦੇ ਅਪਰਾਧੀਆਂ ਦਾ ਹਰ ਹਾਲ ਵਿੱਚ ਖਾਤਮਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਜਲਦ ਤੋਂ ਜਲਦ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।   

ਮੰਤਰੀ ਮੋਹਿੰਦਰ ਭਗਤ ਨੇ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮਾਸੂਮ ਸੈਲਾਨੀਆਂ ਉੱਪਰ ਹੋਏ ਇਸ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਹਮਲਾ ਦੇਸ਼ ਵਿੱਚ ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਨੂੰ ਠੇਸ ਪਹੁੰਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਪੀੜਿਤ ਪਰਿਵਾਰਾਂ ਨਾਲ ਖੜ੍ਹਾ ਹੈ।

ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਸਿਰਫ਼ ਸ਼ਾਂਤੀ ਅਤੇ ਏਕਤਾ ਰਾਹੀਂ ਹੀ ਇੱਕ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਵਾਲੀਆਂ ਥਾਵਾਂ ਤੇ ਸਖ਼ਤ ਸੁਰੱਖਿਆਂ ਪ੍ਰਬੰਧ ਹੋਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿਰੋਧੀ ਤੱਤਾਂ ਨਾਲ ਸਖ਼ਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਨਾਲ ਚੌਕਸ ਹੈ।

Written By
The Punjab Wire