Close

Recent Posts

Punjab

ਮੰਡੀਆਂ ਵਿੱਚ ਲਿਫਟਿੰਗ ਉੱਤੇ ਪੰਜਾਬ ਸਰਕਾਰ ਦਾ ਉਚੇਚਾ ਧਿਆਨ: ਲਾਲ ਚੰਦ ਕਟਾਰੂਚੱਕ

ਮੰਡੀਆਂ ਵਿੱਚ ਲਿਫਟਿੰਗ ਉੱਤੇ ਪੰਜਾਬ ਸਰਕਾਰ ਦਾ ਉਚੇਚਾ ਧਿਆਨ: ਲਾਲ ਚੰਦ ਕਟਾਰੂਚੱਕ
  • PublishedApril 24, 2025

ਲਿਫਟਿੰਗ ਨੂੰ ਹੋਰ ਤੇਜ਼ ਕਰਨ ਲਈ ਵਿਭਾਗ ਦੇ ਅਫਸਰਾਂ ਨੂੰ ਨਿਰਦੇਸ਼

ਚੰਡੀਗੜ੍ਹ, 24 ਅਪ੍ਰੈਲ 2025 (ਦੀ ਪੰਜਾਬ ਵਾਇਰ)– ਪੰਜਾਬ ਸਰਕਾਰ ਦਾ ਉਚੇਚਾ ਧਿਆਨ ਮੰਡੀਆਂ ਵਿੱਚ ਲਿਫਟਿੰਗ ਉੱਤੇ ਕੇਂਦਰਿਤ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਕਣਕ ਦੇ ਖ਼ਰੀਦ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਇਹ ਵਿਚਾਰ ਪ੍ਰਗਟ ਕੀਤੇ ਅਤੇ ਅਫਸਰਾਂ ਨੂੰ ਇਸ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅਨਾਜ ਭਵਨ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਵਿੱਚ, ਮੰਤਰੀ ਨੇ ਅਧਿਕਾਰੀਆਂ ਨੂੰ ਅਗਲੇ 15 ਦਿਨਾਂ ਦੌਰਾਨ ਮੰਡੀਆਂ ਵਿੱਚ ਲਿਫਟਿੰਗ ਪ੍ਰਕਿਰਿਆ ਹੋਰ ਤੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਤਾਂ ਜੋ ਫ਼ਸਲ ਦੀ ਵਾਧੂ ਭਰਮਾਰ ਵਰਗੀ ਸਥਿਤੀ ਤੋਂ ਬਚਿਆ ਜਾ ਸਕੇ।

ਮੀਟਿੰਗ ਦੌਰਾਨ, ਮੰਤਰੀ ਨੂੰ ਦੱਸਿਆ ਗਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਹਰ ਹਫ਼ਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗਾਂ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਿਫਟਿੰਗ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਕੋਈ ਢਿੱਲ ਨਾ ਰਹੇ। ਉਨ੍ਹਾਂ ਦੱਸਿਆ ਕਿ ਵਿਭਾਗ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਮੰਡੀਆਂ ਵਿੱਚ ਕਣਕ ਦੀ ਰੋਜ਼ਾਨਾ ਆਮਦ ਦਾ ਅੰਕੜਾ 5 ਲੱਖ ਮੀਟਰਿਕ ਟਨ ਤੱਕ ਪਹੁੰਚੇ।

ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਹੁਣ ਤੱਕ ਮੰਡੀਆਂ ਵਿੱਚ 70 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਆ ਚੁੱਕੀ ਹੈ, ਜਿਸ ਵਿੱਚੋਂ 64 ਲੱਖ ਮੀਟਰਿਕ ਟਨ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਭੁਗਤਾਨ ਦੇ ਮਾਮਲੇ ਵਿੱਚ, ਸ਼੍ਰੀ ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ 10574.36 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਅਤੇ 48 ਘੰਟਿਆਂ ਦਰਮਿਆਨ ,ਭੁਗਤਾਨ ਕਰਨ ਦੇ ਲਿਹਾਜ਼ ਤੋਂ, ਇਹ ਫੀਸਦ 109 ਪ੍ਰਤੀਸ਼ਤ ਬਣਦਾ ਹੈ। ਇਸ ਤੋਂ ਇਲਾਵਾ, ਖ਼ਰੀਦ ਦੇ ਮਹਿਜ਼ 72 ਘੰਟਿਆਂ  ਵਿੱਚ ਲਿਫਟਿੰਗ ਫੀਸਦ 59 ਪ੍ਰਤੀਸ਼ਤ ਨੂੰ ਛੋਹ ਗਈ ਹੈ।

ਇਸ ਤੋਂ ਇਲਾਵਾ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਲਗਭਗ 1.25 ਲੱਖ ਲੋਕਾਂ ਦੀ ਈ-ਕੇਵਾਈਸੀ ਕੀਤੀ ਗਈ ਹੈ, ਜਿਸਦਾ ਫੀਸਦ ਲਗਭਗ 81 ਪ੍ਰਤੀਸ਼ਤ ਬਣਦੀ ਹੈ। ਮੰਤਰੀ ਨੇ ਇਸ ਸਬੰਧ ਵਿੱਚ 100 ਫੀਸਦ ਅੰਕੜੇ ਨੂੰ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਈ-ਕੇਵਾਈਸੀ ਇਹ ਯਕੀਨੀ ਬਣਾਉਂਦਾ ਹੈ ਕਿ ਅਸਲ ਲਾਭਪਾਤਰੀਆਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੇ ਤਹਿਤ ਮਿਲਣ ਵਾਲੇ ਲਾਭ ਪ੍ਰਾਪਤ ਹੋਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਜਨਰਲ ਮੈਨੇਜਰ (ਵਿੱਤ) ਸਰਵੇਸ਼ ਕੁਮਾਰ ਸ਼ਾਮਲ ਸਨ।

Written By
The Punjab Wire