Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨਸਭਾ ਸੀਟਾਂ ‘ਤੇ ਚੋਣ ਲੜੇਗੀ, ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ: ਬੀ.ਐਲ. ਸੰਤੋਸ਼

ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨਸਭਾ ਸੀਟਾਂ ‘ਤੇ ਚੋਣ ਲੜੇਗੀ, ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ: ਬੀ.ਐਲ. ਸੰਤੋਸ਼
  • PublishedAugust 24, 2026

➖ ਪੰਜਾਬ ਬਦਲਾਅ ਲਈ ਤਿਆਰ ਹੈ, ਭਾਜਪਾ ਪੰਜਾਬ ਵਿੱਚ ਬਦਲਾਅ ਲਿਆਵੇਗੀ: ਬੀ.ਐਲ. ਸੰਤੋਸ਼

➖ ਅਕਾਲੀ ਦਲ ਨਾਲ ਗੱਠਜੋੜ ਤੋਂ ਇਨਕਾਰ, ਭਾਜਪਾ ਇਕੱਲੀ ਲੜੇਗੀ ਚੋਣ

ਚੰਡੀਗੜ੍ਹ, 24 ਅਗਸਤ 2026 (ਦੀ ਪੰਜਾਬ ਵਾਇਰ)। “ਪੰਜਾਬ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਭਾਜਪਾ ਇਸ ਬਦਲਾਅ ਨੂੰ ਸਾਕਾਰ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨਸਭਾ ਸੀਟਾਂ ‘ਤੇ ਚੋਣ ਲੜੇਗੀ ਤੇ ਜਿੱਤ ਹਾਸਲ ਕਰਦਿਆਂ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ।” ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨੇ ਕਿਹੀ। ਉਹ ਆਪਣੇ ਦੋ ਦਿਨਾਂ ਦੇ ਸੰਗਠਨਾਤਮਕ ਦੌਰੇ ਦੇ ਪਹਿਲੇ ਦਿਨ ਪਟਿਆਲਾ ਵਿੱਚ ਹੋਈ ਪਹਿਲੀ ਜ਼ੋਨਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਇਸ ਤੋਂ ਪਹਿਲਾਂ ਅੱਜ ਸਵੇਰੇ ਬੀ.ਐਲ. ਸੰਤੋਸ਼ ਦਾ ਮੋਹਾਲੀ ਏਅਰਪੋਰਟ ‘ਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਤੇ ਪੰਜਾਬ ਭਾਜਪਾ ਦੇ ਸਹਿ-ਪ੍ਰਭਾਰੀ ਸਰਦਾਰ ਨਰਿੰਦਰ ਸਿੰਘ ਰੈਣਾ ਨੇ ਸਵਾਗਤ ਕੀਤਾ।

ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਤੋਂ ਸਾਫ਼ ਇਨਕਾਰ

ਪਟਿਆਲਾ ਦੀ ਮੀਟਿੰਗ ਦੌਰਾਨ ਬੀ.ਐਲ. ਸੰਤੋਸ਼ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੀ ਸੰਭਾਵਨਾ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਇਕੱਲੀ ਹੀ ਚੋਣ ਲੜੇਗੀ ਤੇ ਆਪਣੀ ਸਰਕਾਰ ਬਣਾਏਗੀ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ 12 ਅਗਸਤ ਨੂੰ ਐਲਾਨ ਕਰ ਚੁੱਕੇ ਹਨ ਕਿ ਭਾਜਪਾ ਸਾਰੀਆਂ 117 ਸੀਟਾਂ ‘ਤੇ ਇਕੱਲੀ ਮੈਦਾਨ ਵਿੱਚ ਉਤਰੇਗੀ।

ਪੰਜ ਜ਼ੋਨਾਂ ਵਿੱਚ ਮੀਟਿੰਗਾਂ ਦਾ ਪ੍ਰੋਗਰਾਮ

ਆਪਣੇ ਦੌਰੇ ਦੌਰਾਨ ਬੀ.ਐਲ. ਸੰਤੋਸ਼ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਜਪਾ ਆਗੂਆਂ ਤੇ ਸੰਗਠਨਾਤਮਕ ਅਹੁਦੇਦਾਰਾਂ ਨਾਲ ਜ਼ੋਨਲ ਮੀਟਿੰਗਾਂ ਰਾਹੀਂ ਸੰਗਠਨ ਦੀਆਂ ਸਰਗਰਮੀਆਂ ਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ। ਪਾਰਟੀ ਨੇ ਪੰਜਾਬ ਨੂੰ ਪੰਜ ਸੰਗਠਨਾਤਮਕ ਜ਼ੋਨਾਂ — ਪਟਿਆਲਾ, ਬਠਿੰਡਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ — ਵਿੱਚ ਵੰਡਿਆ ਹੋਇਆ ਹੈ।

ਬੀ.ਐਲ. ਸੰਤੋਸ਼ ਨੇ ਅੱਜ ਪਟਿਆਲਾ ਤੇ ਬਠਿੰਡਾ ਵਿੱਚ ਸੰਗਠਨਾਤਮਕ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। 25 ਅਗਸਤ ਨੂੰ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿੱਚ ਜ਼ੋਨਲ ਮੀਟਿੰਗਾਂ ਕਰਵਾਈਆਂ ਜਾਣਗੀਆਂ। ਅੰਮ੍ਰਿਤਸਰ ਵਿੱਚ ਸੂਬਾ ਮਹਾਂ ਸਕੱਤਰਾਂ ਨਾਲ ਇੱਕ ਵੱਖਰੀ ਮੀਟਿੰਗ ਵੀ ਹੋਵੇਗੀ। ਅੰਮ੍ਰਿਤਸਰ ਜ਼ੋਨ ਵਿੱਚ ਗੁਰਦਾਸਪੁਰ, ਪਠਾਨਕੋਟ, ਬਟਾਲਾ, ਤਰਨਤਾਰਨ ਤੇ ਫਿਰੋਜ਼ਪੁਰ ਸਮੇਤ ਮਾਝਾ ਦੇ ਜ਼ਿਲ੍ਹੇ ਸ਼ਾਮਲ ਹਨ।

ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਦਾ ਟੀਚਾ

ਇਨ੍ਹਾਂ ਮੀਟਿੰਗਾਂ ਵਿੱਚ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਸੂਬੇ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਪਹੁੰਚਾਉਣ ‘ਤੇ ਖਾਸ ਜ਼ੋਰ ਦਿੱਤਾ ਜਾਵੇਗਾ। ਇਨ੍ਹਾਂ ਮੀਟਿੰਗਾਂ ਦਾ ਮਕਸਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਗਠਨ ਦੇ ਕਾਰਜਕੁਸ਼ਲਤਾ ਦਾ ਜਾਇਜ਼ਾ ਲੈਣਾ ਤੇ ਜ਼ਮੀਨੀ ਪੱਧਰ ‘ਤੇ ਸੰਗਠਨਾਤਮਕ ਤਿਆਰੀਆਂ, ਆਪਸੀ ਤਾਲਮੇਲ ਤੇ ਕਾਰਕੁਨਾਂ ਦੀ ਸਰਗਰਮੀ ਨੂੰ ਹੋਰ ਮਜ਼ਬੂਤ ਕਰਨਾ ਹੈ।

ਗੌਰਤਲਬ ਹੈ ਕਿ ਪੰਜਾਬ ਵਿੱਚ ਅਗਲੇ ਸਾਲ ਵਿਧਾਨਸਭਾ ਚੋਣਾਂ ਹੋਣੀਆਂ ਹਨ ਤੇ ਭਾਜਪਾ ਸੂਬੇ ਵਿੱਚ ਪਹਿਲੀ ਵਾਰ ਆਪਣੀ ਸਰਕਾਰ ਬਣਾਉਣ ਦੇ ਟੀਚੇ ਨਾਲ ਮੈਦਾਨ ਵਿੱਚ ਉਤਰੀ ਹੈ।

Written By
The Punjab Wire