‘ ਕੋਵਾ ਐਪ ‘ ਜ਼ਰੂਰੀ ਸੇਵਾਵਾਂ ਤੱਕ ਪਹੁੰਚ, ਡਾਕਟਰੀ ਸਹਾਇਤਾ, ਕੰਟੈਕਟ ਹਿਸਟਰੀ ਟਰੇਸਿੰਗ, ਸਾਰੇ ਜ਼ਿਲਿਆਂ ਵਿੱਚ ਕੋਵਿਡ -19 ਦੀ ਰੀਅਲ ਟਾਈਮ ਅਪਡੇਟਸ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੀ-ਡਿਪਟੀ ਕਮਿਸ਼ਨਰ
ਗੁਰਦਾਸਪੁਰ, 3 ਜੂਨ । ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ‘ਮਿਸ਼ਨ ਫਤਿਹ’ ਤਹਿਤ ਕੋਵਿਡ ਖ਼ਿਲਾਫ਼ ਜੰਗ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਬਾਰੇ ਲੋਕਾਂ ਵਿੱਚ ਵਿਆਪਕ ਪੱਧਰ ਉਤੇ ਜਾਗਰੂਕਤਾ ਫੈਲਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ‘ਕੋਵਾ-ਐਪ-COVA APP) ਲਾਂਚ ਕੀਤੀ ਗਈ ਹੈ, ਜਿਸ ਦੀ ਵਰਤੋਂ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਉਪਰਾਲੇ ਤਹਿਤ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ ‘ਤੇ ਉਪਲਬਧ ਐਪ ਰਾਹੀਂ ਸਰਕਾਰ ਵਲੋਂ ਵੱਖ-ਵੱਖ ਸਹੂਲਤਾਂ ਦਾ ਲੈਣ ਦੀ ਉਪਬੱਲਧਤਾ ਹੈ।
ਉਨਾਂ ਦੱਸਿਆ ਕਿ ਕੋਵਾ ਐਪ ਜ਼ਰੂਰੀ ਸੇਵਾਵਾਂ ਤੱਕ ਪਹੁੰਚ, ਡਾਕਟਰੀ ਸਹਾਇਤਾ, ਕੰਟੈਕਟ ਹਿਸਟਰੀ ਟਰੇਸਿੰਗ, ਸਾਰੇ ਜ਼ਿਲਿਆਂ ਵਿੱਚ ਕੋਵਿਡ -19 ਦੀ ਰੀਅਲ ਟਾਈਮ ਅਪਡੇਟਸ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੀ। ਇਸ ਰਾਹੀਂ ਲੋਕ ਡਾਕਟਰਾਂ ਕੋਲੋ ਸਲਾਹ ਲੈ ਸਕਦੇ ਹਨ, ਕਰਫਿਊ ਪਾਸ ਜਨਰੇਟ ਕਰ ਸਕਦੇ ਹਨ, ਈਸੰਜੀਵਨੀ ਓਪੀਡੀ ਦੀ ਸਹੂਲਤ ਉਪਲਬੱਧ ਹੈ, ਵਲੰਟੀਅਰ ਬਣਨ ਵਾਸਤੇ, ਸਰਕਾਰ ਵਲੋਂ ਜਾਰੀ ਹੁਕਮਾਂ ਦੀ ਜਾਣਕਾਰੀ ਸਬੰਧੀ, ਰੇਲਗੱਡੀ ਦੀ ਬੁਕਿੰਗ ਸਬੰਧੀ, ਸਫਰ ਲਈ ਰਜਿਸ਼ਟਰੇਸ਼ਨ, ਲੇਬਰ ਵਲੋਂ ਰਜਿਸਟਰ ਕਰਨ ਸਬੰਧੀ, ਨੋਟੀਫਾਈ ਕੀਤੇ ਅਨੁਸਾਰ ਸਥਾਨਕ ਦੁਕਾਨਦਾਰ ਕਰਿਆਨਾ ਅਤੇ ਜ਼ਰੂਰੀ ਸਮਾਨ ਦੀ ਦੁਕਾਨਾਂ ਆਦਿ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਇਸ ਉਪਰਾਲੇ ਦਾ ਉਦੇਸ਼ ਨਾ ਕੇਵਲ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਅਤੇ ਲੋੜੀਦੀਆਂ ਵਸਤਾਂ ਦੀ ਅਸਾਨ ਪਹੁੰਚ ਬਣਾਉਣ ਵਿਚ ਸਹਾਇਤਾ ਕਰਨਾ ਹੈ ਸਗੋਂ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਵਿਚ ਅਜਿਹੀਆਂ ਚੀਜਾਂ ਦੀ ਸੁਚੱਜੀ ਸਪਲਾਈ ਕਰਨ ਵਿਚ ਸਮਰੱਥ ਬਣਾਉਣਾ ਵੀ ਸੀ। ਉਨਾਂ ਨਾਗਰਿਕਾਂ ਨੂੰ ਇਸ ਐਪ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ।