CORONA

ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨ ਖੇਤੀ–ਗਤੀਵਿਧੀਆਂ ’ਚ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ

ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨ ਖੇਤੀ–ਗਤੀਵਿਧੀਆਂ ’ਚ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ
  • PublishedApril 18, 2020

‘ਪੀਐੱਮ ਗ਼ਰੀਬ ਕਲਿਆਣ ਪੈਕੇਜ’ ਨੇ ਗ਼ਰੀਬਾਂ ਦੇ ਹਿਤ ਸੁਨਿਸ਼ਚਿਤ ਕੀਤੇ

ਚੰਡੀਗੜ੍ਹ, ਅਪ੍ਰੈਲ 18 2020। ਇਸ ਵੇਲੇ ਜਦੋਂ ਸਮੁੱਚੇ ਦੇਸ਼ ’ਚ ਲੌਕਡਾਊਨ ਦੀ ਮਿਆਦ 3 ਮਈ ਤੱਕ ਅੱਗੇ ਵਧਾ ਦਿੱਤੀ ਗਈ ਹੈ, ਅਜਿਹੇ ਵੇਲੇ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਰਾਜਾਂ ’ਚ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ। ਕਿਸਾਨ ਆਪਣੀਆਂ ਰੋਜ਼ਮੱਰਾ ਦੀਆਂ ਖੇਤੀ–ਗਤੀਵਿਧੀਆਂ ਦੌਰਾਨ ਜ਼ਰੂਰੀ ਸਾਵਧਾਨੀਆਂ ਦਾ ਪੂਰਾ ਧਿਆਨ ਰੱਖ ਰਹੇ ਹਨ। ਲੌਕਡਾਊਨ ਦੇ ਇਸ ਸਮੇਂ ਦੌਰਾਨ ਫ਼ਸਲਾਂ ਦੀ ਵਾਢੀ ਤੇ ਉਨ੍ਹਾਂ ਨੂੰ ਮੰਡੀਆਂ ’ਚ ਪਹੁੰਚਾਉਣ ਜਿਹੇ ਕੰਮਾਂ ਉੱਤੇ ਨਿਗਰਾਨੀ ਲਈ ਕਿਸਾਨ ਆਪਣੇ ਖੇਤਾਂ ’ਚ ਹੀ ਮੌਜੂਦ ਹਨ। ਉਨ੍ਹਾਂ ਨੂੰ ਕੋਵਿਡ–19 ਕਾਰਨ ਰੱਖਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਬਾਰੇ ਪੂਰੀ ਜਾਣਕਾਰੀ ਹੈ ਤੇ ਉਹ ਅਜਿਹੀ ਹਰ ਗੱਲ ਦਾ ਪੂਰੀ ਚੁਸਤੀ ਨਾਲ ਖ਼ਿਆਲ ਰੱਖ ਰਹੇ ਹਨ। ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਆਹਰੀ ਦੇ ਕਿਸਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਾਰੀਆਂ ਅਹਿਮ ਸਾਵਧਾਨੀਆਂ ਰੱਖ ਰਹੇ ਹਨ; ਜਿਵੇਂ ਉਹ ਆਪਣੇ ਚਿਹਰੇ ਢਕ ਕੇ ਰੱਖ ਰਹੇ ਹਨ, ਨਿਯਮਤ ਤੌਰ ’ਤੇ ਆਪਣੇ ਹੱਥ ਧੋਂਦੇ ਹਨ ਤੇ ਖੇਤਾਂ ’ਚੋਂ ਪਰਤ ਕੇ ਆਪਣੇ ਕੱਪੜੇ ਬਦਲਦੇ ਹਨ। ਜਲੰਧਰ ਦੇ ਇੱਕ ਕਿਸਾਨ ਅਮਰਜੀਤ ਸਿੰਘ ਨੇ ਫ਼ਸਲਾਂ ਦੀ ਖ਼ਰੀਦ ਦੀ ਪ੍ਰਕਿਰਿਆ ਉੱਤੇ ਪੂਰੀ ਤਸੱਲੀ ਪ੍ਰਗਟਾਈ।

ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਲੌਕਡਾਊਨ ਦੌਰਾਨ ਤੇ ਉਸ ਤੋਂ ਬਾਅਦ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ’ਚ ਗ਼ਰੀਬਾਂ ਦੀ ਮਦਦ ਲਈ 1.70 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਹੈ। ਇਸ ਪੈਕੇਜ ਦੇ ਨਿਸ਼ਾਨਿਆਂ ’ਚੋਂ ਇੱਕ ਹੈ – ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰ ਕੇ 8 ਕਰੋੜ ਗ਼ਰੀਬਾਂ ਨੂੰ ਤਿੰਨ ਮਹੀਨਿਆਂ ਲਈ ਮੁਫ਼ਤ ਗੈਸ ਸਿਲੰਡਰ ਮੁਹੱਈਆ ਕਰਵਾਉਣਾ। ਪੰਜਾਬ ਦੇ ਸ਼ਹਿਰ ਅਜਨਾਲਾ ਦੇ ਸਤਬੀਰ ਕੌਰ ਉੱਜਵਲਾ ਯੋਜਨਾ ਤਹਿਤ ਮਿਲੇ ਮੁਫ਼ਤ ਐੱਲਪੀਜੀ ਸਿਲੰਡਰ ਕਾਰਨ ਬਹੁਤ ਖੁਸ਼ ਹਨ ਤੇ ਉਨ੍ਹਾਂ ਇਸ ਲਈ ਮੋਦੀ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ। ਸਪਿਤੀ ਦੇ ਇੱਕ ਪਿੰਡ ਨਿਵਾਸੀ ਯਾਂਗਚੇਨ ਨੇ ਵੀ ਬਿਲਕੁਲ ਅਜਿਹੀ ਭਾਵਨਾ ਸਾਂਝੀ ਕੀਤੀ ਤੇ ਲੋਕਾਂ ਨੂੰ ਘਰਾਂ ’ਚ ਹੀ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਹੁਣ ਤੱਕ ਲਾਭਪਾਤਰੀਆਂ ਨੂੰ 97.8 ਲੱਖ ਗੈਸ ਸਿਲੰਡਰ ਵੰਡੇ ਜਾ ਚੁੱਕੇ ਹਨ।

ਵਿਭਿੰਨ ਗ਼ੈਰ–ਸਰਕਾਰੀ ਜੱਥੇਬੰਦੀਆਂ ਵੀ ਬੇਹੱਦ ਉਤਸਾਹ ਤੇ ਜ਼ਿੰਮੇਵਾਰੀ ਦਿਖਾਉਂਦਿਆਂ ਸਰਕਾਰ ਦੇ ਯਤਨਾਂ ’ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਜਲੰਧਰ ਦੇ ਕੰਨਿਆ ਮਹਾਵਿਦਿਆਲਾ ਉਨ੍ਹਾਂ ਵੱਖੋ–ਵੱਖਰੀਆਂ ਇਕਾਈਆਂ ’ਚੋਂ ਇੱਕ ਹੈ, ਜਿਹੜਾ ਫ਼ੇਸ–ਮਾਸਕ ਸਿਉਂ ਕੇ ਕਿਸਾਨਾਂ, ਫ਼ੈਕਟਰੀਆਂ ਦੇ ਕਾਮਿਆਂ ਤੇ ਪਿੰਡਾਂ ਦੇ ਵਾਸੀਆਂ ਨੂੰ ਮੁਫ਼ਤ ਵੰਡ ਰਿਹਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ’ਚ ਸਥਿਤ ਪਿੰਡ ਗੱਗਵਾਲ ਹਾਰ ’ਚ ਨੌਜਵਾਨ ਔਰਤਾਂ ਦਾ ਇੱਕ ਸਮੂਹ ਆਪਣੇ ਪਿੰਡ ਤੇ ਆਸ–ਪਾਸ ਦੇ ਨਿਵਾਸੀਆਂ, ਕੋਰੋਨਾ ਵਾਇਰਸ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਪ੍ਰਵਾਸੀ ਕਾਮਿਆਂ ਅਤੇ ਭੋਜਨ ਸਪਲਾਈ ਕਰਨ ਵਾਲੇ ਸਵੈ–ਸੇਵੀਆਂ ਨੂੰ ਸੁਰੱਖਿਅਤ ਰੱਖਣ ਲਈ ਅਣਥੱਕ ਤਰੀਕੇ ਨਾਲ ਫ਼ੇਸ–ਮਾਸਕ ਬਣਾਉਣ ਤੇ ਫਿਰ ਵੰਡਣ ਦਾ ਕੰਮ ਕਰ ਰਿਹਾ ਹੈ। ਇਸ ਸਮੂਹ ਦੀ ਅਗਵਾਈ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਕਰ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਕੋਠੀ ਦੇ ਸਵੈ–ਸਹਾਇਤਾ ਸਮੂਹ ਵੀ ਸਮਾਜਿਕ ਜੋਧਿਆਂ ਵਜੋਂ ਉੱਭਰੇ ਹਨ।

‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਤਹਿਤ 32 ਕਰੋੜ ਤੋਂ ਵੱਧ ਗ਼ਰੀਬ ਲੋਕਾਂ ਨੂੰ 29,352 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਪ੍ਰੀਖਿਆ ਦੀ ਇਸ ਘੜੀ ’ਚ ਰਾਹਤ ਪੈਕੇਜ ਉਨ੍ਹਾਂ ਲਈ ਬਹੁਤ ਸਹਾਇਕ ਸਿੱਧ ਹੋਇਆ ਹੈ ਅਤੇ ਕੋਵਿਡ–19 ਦਾ ਫੈਲਣਾ ਰੋਕਣ ਲਈ ਭਾਰਤ ਸਰਕਾਰ ਦੁਆਰਾ ਉਠਾਏ ਕਦਮਾਂ ’ਚ ਕਿਸਾਨ ਪੂਰਾ ਸਹਿਯੋਗ ਦੇ ਰਹੇ ਹਨ।

Written By
The Punjab Wire