ਚੰਡੀਗੜ੍ਹ, 13 ਅਪ੍ਰੈਲ 2026 (ਦੀ ਪੰਜਾਬ ਵਾਇਰ)। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ਵਿੱਚ ਕੀਤੀਆਂ ਗਈਆਂ ਸੰਸ਼ੋਧਨਾਂ ਦੇ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿੱਥੇ ਇਹ ਕਾਨੂੰਨ ਸਮਰਥਨ ਦੇ ਯੋਗ ਹੈ, ਉੱਥੇ ਸਰਕਾਰ ਨੂੰ ਆਪਣੇ ਸ਼ਬਦਾਂ ਨੂੰ ਜ਼ਮੀਨ ‘ਤੇ ਕਾਰਵਾਈ ਨਾਲ ਸਾਬਤ ਕਰਨਾ ਚਾਹੀਦਾ ਹੈ।
ਸ਼ੁਰੂਆਤ ਵਿੱਚ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਕੋਈ ਵੀ ਕਦਮ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਦਾ ਨਹੀਂ, ਸਗੋਂ ਧਰਮ, ਭਾਵਨਾਵਾਂ ਅਤੇ ਇਨਸਾਫ਼ ਨਾਲ ਜੁੜਿਆ ਮਾਮਲਾ ਹੈ। ਬਾਜਵਾ ਨੇ ਦੋਹਰਾਇਆ ਕਿ ਕਾਂਗਰਸ ਪਾਰਟੀ ਇਸ ਸੰਸ਼ੋਧਨ ਬਿਲ ਦਾ ਸਿਧਾਂਤਕ ਤੌਰ ‘ਤੇ ਸਮਰਥਨ ਕਰਦੀ ਹੈ ਅਤੇ ਇੰਨੇ ਸੰਵੇਦਨਸ਼ੀਲ ਅਤੇ ਧਾਰਮਿਕ ਮਸਲੇ ‘ਤੇ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੀ।
ਹਾਲਾਂਕਿ, ਬਾਜਵਾ ਨੇ ਸਰਕਾਰ ਦੀ ਨੀਅਤ ਅਤੇ ਕਾਰਗੁਜ਼ਾਰੀ ਵਿੱਚ ਵੱਡੇ ਅੰਤਰ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਦਿਖਾਵਾ ਕੀਤਾ ਜਾ ਰਿਹਾ ਹੈ, ਉੱਥੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਕਹਿੰਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਬਾਜਵਾ ਨੇ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਗੰਭੀਰਤਾ ਅਤੇ ਜ਼ਿੰਮੇਵਾਰੀ ਨਾਲ ਜਵਾਬ ਦੇਣ, ਨਾ ਕਿ ਸਿਰਫ਼ ਬਿਆਨਾਂ ਨਾਲ। ਉਨ੍ਹਾਂ ਸਵਾਲ ਕੀਤਾ ਕਿ ਬਰਗਾੜੀ ਬੇਅਦਬੀ ਮਾਮਲੇ, ਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਕਪੂਰਾ ਘਟਨਾ ਦੀ ਜਾਂਚ ਅਜੇ ਤੱਕ ਪੂਰੀ ਕਿਉਂ ਨਹੀਂ ਹੋਈ, ਜਦੋਂਕਿ ਇਹ ਮਾਮਲੇ ਪੰਜਾਬ ਦੀ ਆਤਮਾ ਨੂੰ ਝੰਝੋੜ ਚੁੱਕੇ ਹਨ।
ਬਾਜਵਾ ਨੇ ਯਾਦ ਦਿਵਾਇਆ ਕਿ 48 ਘੰਟਿਆਂ ਵਿੱਚ ਇਨਸਾਫ਼ ਦੇਣ ਦੇ ਵਾਅਦੇ ਹੁਣ 48 ਮਹੀਨਿਆਂ ਵਿੱਚ ਤਬਦੀਲ ਹੋ ਚੁੱਕੇ ਹਨ, ਪਰ ਅਜੇ ਵੀ ਨਾ ਕੋਈ ਜ਼ਿੰਮੇਵਾਰੀ ਤੈਅ ਹੋਈ ਹੈ ਅਤੇ ਨਾ ਹੀ ਕੋਈ ਸਮਾਂ-ਸੀਮਾ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਦੀਆਂ ਤਰਜੀਹਾਂ ‘ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਜਿੱਥੇ ਇੱਕ ਪਾਸੇ ਕਰੋੜਾਂ ਰੁਪਏ ਪ੍ਰਚਾਰ ‘ਤੇ ਖਰਚ ਕੀਤੇ ਜਾ ਰਹੇ ਹਨ, ਉੱਥੇ ਬੇਅਦਬੀ ਮਾਮਲਿਆਂ ‘ਤੇ ਕੋਈ ਪਾਰਦਰਸ਼ੀ ਅੱਪਡੇਟ ਨਹੀਂ ਦਿੱਤੀ ਗਈ।
ਫੈਸਲਾ ਲੈਣ ਦੀ ਪ੍ਰਕਿਰਿਆ ‘ਤੇ ਸਵਾਲ ਉਠਾਉਂਦੇ ਹੋਏ ਬਾਜਵਾ ਨੇ ਪੁੱਛਿਆ ਕਿ ਇਹ ਸੰਵੇਦਨਸ਼ੀਲ ਮਾਮਲੇ ਰਾਜ ਤੋਂ ਬਾਹਰ ਕਿਉਂ ਭੇਜੇ ਗਏ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਕਦੇ ਇਨਸਾਫ਼ ਦਾ ਚਿਹਰਾ ਬਣਾਕੇ ਪੇਸ਼ ਕੀਤੇ ਗਏ ਸਨ, ਨੂੰ ਵਿਧਾਨ ਸਭਾ ਵਿੱਚ ਬੋਲਣ ਕਿਉਂ ਨਹੀਂ ਦਿੱਤਾ ਜਾ ਰਿਹਾ।
ਬਾਜਵਾ ਨੇ ਅੱਗੇ ਕਿਹਾ ਕਿ ਇਹ ਇਸ ਤਰ੍ਹਾਂ ਦਾ ਪੰਜਵਾਂ ਯਤਨ ਹੈ, ਫਿਰ ਵੀ ਇਹ ਸਪੱਸ਼ਟ ਨਹੀਂ ਕਿ ਕੀ ਇਸਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੇਗੀ ਜਾਂ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਸੰਵਿਧਾਨਕ ਮਾਹਿਰਾਂ ਨਾਲ ਸਲਾਹ ਕਿਉਂ ਨਹੀਂ ਕੀਤੀ ਤਾਂ ਜੋ ਇਹ ਕੋਸ਼ਿਸ਼ ਵੀ ਵਿਅਰਥ ਨਾ ਜਾਵੇ।
ਆਪਣਾ ਮੋਰਚਾ ਸਪੱਸ਼ਟ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਧਰਮ, ਗੁਰੂਆਂ ਜਾਂ ਪਵਿੱਤਰ ਗ੍ਰੰਥਾਂ ਨੂੰ ਰਾਜਨੀਤਿਕ ਲਾਭ ਲਈ ਵਰਤ ਨਹੀਂ ਸਕਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਸ਼ਣ ਜਾਂ ਦਿਖਾਵਾ ਨਹੀਂ, ਸਗੋਂ ਇਨਸਾਫ਼ ਚਾਹੀਦਾ ਹੈ।
“ਨੀਅਤ ਅਤੇ ਕਰਵਾਈ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕ ਦੇਖ ਰਹੇ ਹਨ। ਦਿਖਾਵਾ ਨਹੀਂ, ਇਨਸਾਫ਼ ਦਿਓ,” ਬਾਜਵਾ ਨੇ ਅੰਤ ਵਿੱਚ ਕਿਹਾ।