ਗੁਰਦਾਸਪੁਰ ਪੰਜਾਬ ਰਾਜਨੀਤੀ

ਅਗਲੀ ਅਕਾਲੀ ਦਲ ਦੀ ਸਰਕਾਰ ਥੀਨ ਡੈਮ ’ਤੇ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਸੈਰ ਸਪਾਟਾ ਕੇਂਦਰ ਬਣਾਏਗੀ: ਸੁਖਬੀਰ ਸਿੰਘ ਬਾਦਲ

ਅਗਲੀ ਅਕਾਲੀ ਦਲ ਦੀ ਸਰਕਾਰ ਥੀਨ ਡੈਮ ’ਤੇ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਸੈਰ ਸਪਾਟਾ ਕੇਂਦਰ ਬਣਾਏਗੀ: ਸੁਖਬੀਰ ਸਿੰਘ ਬਾਦਲ
  • PublishedMarch 21, 2026

ਕਿਹਾ ਕਿ ਅਕਾਲੀ ਦਲ ਸਰਹੱਦੀ ਇਲਾਕਿਆਂ ਵਿਚ ਉਦਯੋਗ ਵਾਸਤੇ ਵਿਸ਼ੇਸ਼ ਪੈਕੇਜ ਦੇਣ ਅਤੇ ਅੰਮ੍ਰਿਤਸਰ ਵਿਚ ਆਈ ਟੀ ਕੇਂਦਰ ਵਿਕਸਤ ਕਰਨ ਵਾਸਤੇ ਵਚਨਬੱਧਡੇਰਾ ਬਾਬਾ ਨਾਨਕ ਵਿਖੇ ਪੰਜਾਬ ਬਚਾਓ ਰੈਲੀ ਨੂੰ ਮਿਲਿਆ ਲਾਮਿਸਾਲ ਹੁੰਗਾਰਾ


ਡੇਰਾ ਬਾਬਾ ਨਾਨਕ, 21 ਮਾਰਚ 2026 (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਥੀਨ ਡੈਮ ਵਿਖੇ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਸੈਰ ਸਪਾਟਾ ਕੇਂਦਰ ਵਿਕਸਤ ਕੀਤਾ ਜਾਵੇਗਾ।

ਇਥੇ ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਸੀਨੀਅਰ ਆਗੂ ਸਰਦਾਰ ਸੁੱਚਾ ਸਿੰਘ ਲੰਗਾਹ ਦੇ ਨਾਲ ਮਿਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸੈਰ ਸਪਾਟਾ ਕੇਂਦਰ ਖਿੱਤੇ ਦੇ ਨੌਜਵਾਨਾਂ ਨੂੰ ਲੋੜੀਂਦਾ ਰੋਜ਼ਗਾਰ ਪ੍ਰਦਾਨ ਕਰੇਗਾ ਅਤੇ ਇਲਾਕੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਦੇਵੇਗਾ।

ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸੂਬੇ ਦੀ ਸਰਹੱਦੀ ਪੱਟੀ ਵਿਚ ਉਦਯੋਗਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰੇਗਾ ਤੇ ਇਸ ਵਾਸਤੇ ਵਿਸ਼ੇਸ਼ ਪੈਕੇਜ ਦੇਵੇਗਾ।ਉਹਨਾਂ ਕਿਹਾ ਕਿ ਸਸਤੀ ਬਿਜਲੀ ਤੇ ਟੈਕਸ ਰਿਆਇਤਾਂ ਸਮੇਤ ਇਹਨਾਂ ਰਿਆਇਤਾਂ ਦੇ ਨਾਲ ਅਸੀਂ ਉਦਯੋਗਾਂ ਨੂੰ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣ ਵਾਸਤੇ ਕਹਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਅੰਮ੍ਰਿਤਸਰ ਵਿਚ ਇਕ ਆਈ ਟੀ ਕੇਂਦਰ ਸਥਾਪਿਤ ਕਰੇਗਾ ਜੋ ਸਮੁੱਚੀ ਸਰਹੱਦੀ ਪੱਟੀ ਦੇ ਨੌਜਵਾਨਾਂ ਵਾਸਤੇ ਬਹੁਤ ਲਾਹੇਵੰਦ ਸਾਬਤ ਹੋਵੇਗਾ।

ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਠੁਕਰਾ ਦੇਣ ਜਿਹਨਾਂ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ।ਉਹਨਾਂ ਕਿਹਾ ਕਿ ਸੂਬੇ ਨੂੰ ਇਸਦੀ ਰਾਜਧਾਨੀ ਨਹੀਂ ਦਿੱਤੀਗਈ,  ਇਸਦੇ ਅੱਧੇ ਦਰਿਆਈ ਪਾਣੀ ਖੋਹ ਲਏ ਗਏ ਅਤੇ ਰਾਈਪੇਰੀਅਨ ਸਿਧਾਂਤ ਦੇ ਖਿਲਾਫ ਰਾਜਸਥਾਨ ਨੂੰ ਦੇ ਦਿੱਤੇ ਗਏ ਅਤੇ 1966 ਵਿਚ ਪੰਜਾਬ ਦੇ ਪੁਨਰਗਠਨ ਵੇਲੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਦਿੱਤੇ ਗਏ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਹਨਾਂ ਇਤਿਹਾਸਕ ਗਲਤੀਆਂ ਨੂੰ ਦਰੁੱਸਤ ਕਰੇਗਾ। ਉਹਨਾਂ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਰਾਜਸਥਾਨ ਨਹਿਰ ਰਾਹੀਂ ਜਾਂਦਾ ਪਾਣੀ ਬੰਦ ਕਰਾਂਗੇ। ਅਸੀਂ ਨਵੀਂਆਂ ਨਹਿਰਾਂ ਉਸਾਰਾਂਗੇ ਅਤੇ ਇਹ ਪਾਣੀ ਸਾਡੇ ਕਿਸਾਨਾਂ ਦੇ ਖੇਤਾਂ ਵਿਚ ਲੈ ਕੇ ਜਾਵਾਂਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ਲਗਾਤਾਰ ਬੋਲੇ ਜਾ ਰਹੇ ਝੂਠ ਵੀ ਬੇਨਕਾਬ ਕੀਤੇ। ਉਹਨਾਂ ਕਿਹਾ ਕਿ ਭਗਵੰਤ ਮਾਨ ਝੂਠ ਬੋਲ ਰਹੇ ਹਨ ਕਿ ਇਨਵੈਸਟ ਪੰਜਾਬ ਦੌਰਾਨ ਸੂਬੇ ਵਿਚ ਆਪ ਸਰਕਾਰ ਦੇ ਰਾਜ ਵਿਚ 1.50 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ। ਉਹਨਾਂ ਕਿਹਾ ਕਿ ਤਾਜ਼ਾ ਆਰ ਟੀ ਆਈ ਜਾਣਕਾਰੀ ਦੱਸਦੀ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਸਿਰਫ 2600 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।

ਉਹਨਾਂ ਇਹ ਵੀ ਦੱਸਿਆ ਕਿ ਆਪ ਸਰਕਾਰ ਔਰਤਾਂ ਨੂੰ ਸਿਰਫ ਛੇ ਮਹੀਨੇ ਵਾਸਤੇ 1-1 ਹਜ਼ਾਰ ਰੁਪਏ ਦੇਣਾ ਚਾਹੁੰਦੀ ਹੈ ਜਿਸ ਵਾਸਤੇ ਪਾਵਰਕਾਮ ਵੱਲੋਂ ਕਿਸਾਨਾਂ ਨੂੰ ਟਿਊਬਵੈਲਾਂ ਵਾਸਤੇ ਮਿਲਦੀ ਮੁਫਤ ਬਿਜਲੀ ਦੀ ਸਬਸਿਡੀ ਦੀ ਰਾਸ਼ੀ ਨਹੀਂ ਦਿੱਤੀ ਜਾ ਰਹੀ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਦਿਨ ਵੇਲੇ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ, ਇਕ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਜਿਸਦੇ ਕਾਲਜ ਹਰ ਜ਼ਿਲ੍ਹੇ ਵਿਚ ਹੋਣਗੇ ਤੇ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਵਾਸਤੇ ਹੋਣਗੀਆਂ।

ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ ਅਤੇ ਸੋਨੂੰ ਲੰਗਾਹ ਨੇ ਵੀ ਸੰਬੋਧਨ ਕੀਤਾ।

Written By
The Punjab Wire