ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਕਰੋਨਾ ਵਾਇਰਸ ਦੀ ਮੌਜੂਦਾ ਸਥਿੱਤੀ ਦੇ ਮੱਦੇਨਜਰ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਦੇਣ ਦਾ ਫੈਸਲਾ
● ਕਰੋਨਾ ਵਾਇਰਸ ਦੀ ਮੌਜੂਦਾ ਸਥਿੱਤੀ ਨਾਲ ਨਿਪਟਣ ਲਈ ਉਦਯੋਗਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੂੰ ਮੱਦਦ ਦੀ ਅਪੀਲ
● ਕਰੋਨਾਂ ਦੇ ਖਤਰੇ ਨੂੰ ਗੰਭੀਰਤਾ ਨਾਲ ਲੈਣ ਅਤੇ ਸੰਭਵ ਇਹਤਿਆਤ ਵਰਤਣ
ਚੰਡੀਗੜ੍ਹ, 23 ਮਾਰਚ: ਪੰਜਾਬ ਦੇ ਪੇਂਡੂ ਵਿਕਾਸ, ਉੱਚੇਰੀ ਸਿੱਖਿਆ ਅਤੇ ਪਸ਼ੁ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿੱਤੀ ਦੇ ਨਾਲ ਨਜਿੱਠਣ ਅਤੇ ਲੋਕਾਂ ਦੀ ਮੱਦਦ ਲਈ ਇੱਕ ਮਹੀਨੇ ਦੀ ਆਪਣੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਦੇਣ ਦਾ ਫੈਸਲਾ ਕੀਤਾ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ. ਤ੍ਰਿਪਤ ਬਾਜਵਾ ਨੇ ਕਿਹਾ ਕਿ ਦੁਨੀਆ ਭਰ ਵਿਚ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿੱਤੀ ਕਾਰਨ ਸੂਬੇ ਦੇ ਲੋਕਾਂ ਨੂੰ ਵੀ 31 ਮਾਰਚ ਤੱਕ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ।ਜਿਸ ਕਾਰਨ ਗਰੀਬ ਲੋਕਾਂ ਦੇ ਰੁਜ਼ਗਾਰ ‘ਤੇ ਮਾੜਾ ਅਸਰ ਪੈਣ ਦੀ ਸੰਭਵਨਾ ਹੈ ਅਤੇ ਉਨ੍ਹਾਂ ਕੋਲ ਰੋਜਾਨਾਂ ਖਾਣ ਪੀਣ ਦੀਆਂ ਵਸਤਾਂ ਦੀ ਵੀ ਘਾਟ ਹੋ ਸਕਦੀ ਹੈ।ਉਨ੍ਹਾਂ ਇਸ ਮੌਕੇ ਉਦਯੋਗਿਕ ਘਰਾਨਿਆਂ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੰਕਟ ਦੀ ਘਟੀ ਵਿਚ ਲੋਕਾਂ ਦੀ ਹਰ ਸੰਭਵ ਮੱਦਦ ਲਈ ਅੱਗੇ ਆਉਣ।
ਸ. ਬਾਜਵਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸੰਕਟ ਦੀ ਘੜ੍ਹੀ ਵਿਚ ਸਰਕਾਰ ਵਲੋਂ ਲੋਕਾਂ ਨੂੰ ਇਸ ਆਫਤ ਤੋਂ ਬਚਾਉਣ ਲਈ ਉਠਾਏ ਜਾ ਰਹੇ ਹਰ ਕਦਮ ਦਾ ਪੂਰਨ ਸਹਿਯੋਗ ਕਰਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੌਕੇ ਘਬਰਾਉਣ ਦੀ ਲੋੜ ਨਹੀਂ ਬਲਕਿ ਸਿਹਤ ਵਿਭਾਗ ਵਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਨੂੰ ਇਨ ਬਿੰਨ ਪਾਲਣ ਕਰਨਾ ਯਕੀਨੀ ਬਣਾਉਣ।
ਉਨ੍ਹਾਂ ਨਾਲ ਹੀ ਆਸ ਜਤਾਈ ਕਿ ਸੰਕਟ ਦੀ ਘੜੀ ਵਿਚ ਹਮੇਸ਼ਾ ਮੋਹਰੀ ਭੂਮੀਕਾ ਨਿਭਾਉਣ ਵਾਲੇ ਪੰਜਾਬੀ ਇਸ ਲੜਾਈ ਵਿਚ ਵੀ ਸਭ ਤੋਂ ਅੱਗੇ ਹੋ ਕੇ ਲੜਾਈ ਲੜਨਗੇ ਅਤੇ ਇਸ ਮਹਾਂਮਾਰੀ ਨੂੰ ਆਪਣੇ ਹੌਂਸਲੇ ਅਤੇ ਦ੍ਰਿੜਤਾ ਨਾਲ ਮਾਤ ਦੇਣਗੇ।