Close

Recent Posts

Punjab

ਹੜ੍ਹਾਂ ਜਿਹੀ ਔਖੀ ਘੜੀ ‘ਚ ਸਿਆਸਤ ਕਰਨ ਅਤੇ ਸਦਨ ਨੂੰ ਗੁਮਰਾਹ ਕਰਨ ਤੋਂ ਬਾਜ਼ ਨਾ ਆਈ ਵਿਰੋਧੀ ਧਿਰ: ਬਰਿੰਦਰ ਕੁਮਾਰ ਗੋਇਲ

ਹੜ੍ਹਾਂ ਜਿਹੀ ਔਖੀ ਘੜੀ ‘ਚ ਸਿਆਸਤ ਕਰਨ ਅਤੇ ਸਦਨ ਨੂੰ ਗੁਮਰਾਹ ਕਰਨ ਤੋਂ ਬਾਜ਼ ਨਾ ਆਈ ਵਿਰੋਧੀ ਧਿਰ: ਬਰਿੰਦਰ ਕੁਮਾਰ ਗੋਇਲ
  • PublishedSeptember 29, 2025

ਪ੍ਰਤਾਪ ਸਿੰਘ ਬਾਜਵਾ ਦੇ ਰਣਜੀਤ ਸਾਗਰ ਡੈਮ ਤੋਂ 7 ਲੱਖ ਕਿਊਸਿਕ ਪਾਣੀ ਛੱਡਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

ਜਲ ਸਰੋਤ ਵਿਭਾਗ ਨੇ ਰਣਜੀਤ ਸਾਗਰ ਡੈਮ ਤੋਂ ਕਰੀਬ 2.15 ਲੱਖ ਕਿਊਸਿਕ ਪਾਣੀ ਛੱਡਿਆ”

ਕਿਹਾ, ਮਾਨ ਸਰਕਾਰ ਨੇ ਡਰੇਨਾਂ ਦੀ ਸਫ਼ਾਈ ਲਈ ਜੋ ਕੰਮ ਕੀਤਾ, ਉਹ ਪਿਛਲੇ 70 ਸਾਲ ਵਿੱਚ ਨਹੀਂ ਹੋਇਆ

ਸਾਡੀ ਸਰਕਾਰ ਨੇ ਟੇਲਾਂ ਤੇ ਪੈਂਦੇ ਆਖ਼ਰੀ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ: ਜਲ ਸਰੋਤ ਮੰਤਰੀ

ਚੰਡੀਗੜ੍ਹ, 29 ਸਤੰਬਰ 2025 (ਦੀ ਪੰਜਾਬ ਵਾਇਰ)– ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹੜ੍ਹਾਂ ਤੇ ਸਿਆਸਤ ਕਰਨ ਅਤੇ ਸਦਨ ਨੂੰ ਗੁਮਰਾਹ ਕਰਨ ਨੂੰ ਲੈ ਕੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲਿਆ।

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ “ਪੰਜਾਬ ਦਾ ਪੁਨਰਵਾਸ” ਮਤੇ ਤੇ ਦੂਜੇ ਦਿਨ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਲੰਬਾ ਸਮਾਂ ਸੱਤਾ ਦਾ ਸੁਖ ਭੋਗਣ ਵਾਲੀ, ਅੱਜ ਦੀ ਵਿਰੋਧੀ ਧਿਰ ਦੇ ਆਗੂ ਸਿਰਫ਼ ਰਾਜਨੀਤੀ ਕਰਨ ਲਈ ਹੀ ਸਾਡੀ ਸਰਕਾਰ ਉਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਫੋਕੀ ਰਾਜਨੀਤੀ ਲਈ ਸਦਨ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਰਣਜੀਤ ਸਾਗਰ ਡੈਮ ਤੋਂ 7 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਦਕਿ ਸੱਚਾਈ ਇਹ ਹੈ ਕਿ ਰਣਜੀਤ ਸਾਗਰ ਡੈਮ ਤੋਂ ਕਰੀਬ 2.15 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਵਿਚ ਝੂਠ ਬੋਲ ਕੇ ਅਪਰਾਧ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਸਦਨ ਤੋਂ ਮੁਆਫ਼ੀ ਮੰਗਣ ਚਾਹੀਦੀ ਹੈ ਅਤੇ ਸਦਨ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।

ਸ੍ਰੀ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪ੍ਰਵਾਹ ਨਹੀਂ ਹੈ, ਸਗੋਂ ਇਸ ਨੂੰ ਹਰ ਸਮੇਂ ਰਾਜਨੀਤੀ ਕਰਨ ਦੀ ਹੀ ਰਹਿੰਦੀ ਹੈ।

ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਬੀਤੇ ਕੱਲ੍ਹ ਮਾਧੋਪੁਰ ਹੈੱਡਵਰਕਸ ਟੁੱਟਣ ਤੋਂ ਇਕ ਮਹੀਨੇ ਬਾਅਦ ਉਥੋਂ ਦਾ ਦੌਰਾ ਕਰਕੇ ਆਏ ਹਨ ਪਰ ਉਨ੍ਹਾਂ ਨੇ ਹੈੱਡਵਰਕਸ ਦਾ ਗੇਟ ਖੋਲ੍ਹਣ ਸਮੇਂ ਸ਼ਹੀਦ ਹੋਏ ਵਿਭਾਗ ਦੇ ਮੁਲਾਜ਼ਮ ਬਾਰੇ ਇਕ ਸ਼ਬਦ ਤੱਕ ਨਹੀਂ ਬੋਲਿਆ ਅਤੇ ਨਾ ਹੀ ਉਨ੍ਹਾਂ 26 ਮੁਲਾਜ਼ਮਾਂ ਬਾਰੇ ਕੋਈ ਸ਼ਬਦ ਬੋਲਿਆ, ਜੋ ਮਾਧੋਪੁਰ ਹੈੱਡਵਰਕਸ ਵਿਖੇ ਫਸੇ ਰਹੇ ਅਤੇ ਉਨ੍ਹਾਂ ਨੂੰ ਏਅਰਲਿਫਟ ਕਰਨਾ ਪਿਆ।

ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਧਿਰ ਦੇ ਆਗੂ ਗੁਰਦਾਸਪੁਰ ਦੇ ਸੱਕੀ ਨਾਲੇ ਦੀ ਸਫ਼ਾਈ ਨਾ ਹੋਣ ਬਾਰੇ ਝੂਠਾ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿੱਚ ਲੱਗੇ ਬਾਬਾ ਗੁੱਜਰ ਮੇਲੇ ਦੌਰਾਨ ਇਲਾਕੇ ਦੀਆਂ 20 ਪੰਚਾਇਤਾਂ ਨੇ ਮੇਰਾ ਸਨਮਾਨ ਇਸ ਲਈ ਕੀਤਾ ਕਿ ਮੈਂ ਸੱਕੀ ਨਾਲੇ ਦੀ ਸਫ਼ਾਈ ਕਰਵਾਈ ਹੈ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਰੇਨਾਂ ਦੀ ਸਫ਼ਾਈ ਲਈ ਜੋ ਕੰਮ ਕੀਤਾ, ਉਹ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਟੇਲਾਂ ਤੇ ਪੈਂਦੇ ਆਖ਼ਰੀ ਪਿੰਡਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਸੰਭਵ ਹੋਈ ਹੈ। ਉਨ੍ਹਾਂ ਦੱਸਿਆ ਕਿ 2022 ਤੋਂ ਪਹਿਲਾਂ ਸੂਬੇ ਦੇ ਖੇਤੀਬਾੜੀ ਅਧੀਨ ਰਕਬੇ ਵਿੱਚ ਸਿਰਫ਼ 21 ਫ਼ੀਸਦੀ ਨਹਿਰੀ ਪਾਣੀ ਲੱਗਦਾ ਸੀ ਜਿਸ ਨੂੰ ਸਾਡੀ ਸਰਕਾਰ ਨੇ ਵਧਾ ਕੇ 64 ਫ਼ੀਸਦੀ ਕਰ ਦਿੱਤਾ ਹੈ ਅਤੇ ਭਵਿੱਖ ਵਿੱਚ ਇਸ ਨੂੰ 31 ਮਾਰਚ, 2026 ਤੱਕ 76 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਖੇਤਾਂ ਨੂੰ 38 ਤੋਂ 40 ਸਾਲ ਬਾਅਦ ਨਹਿਰੀ ਪਾਣੀ ਮਿਲਿਆ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ।

ਸ੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੋਈ ਹੈ, ਉਥੇ ਨਾਲ ਹੀ ਡੈਮਾਂ ਵਿਚੋਂ ਪਾਣੀ ਦੀ ਸਹੀ ਵਰਤੋਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਹੀ ਹਰਿਆਣਾ ਹਰ ਸਾਲ ਵਾਧੂ ਪਾਣੀ ਦੀ ਮੰਗ ਕਰ ਲੈਂਦਾ ਸੀ।

ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਰਾਬਰ ਆਪਣਾ ਮੌਕ ਸੈਸ਼ਨ ਚਲਾਉਣਾ ਇਸ ਅਜ਼ੀਮ ਸਦਨ ਦੀ ਤੌਹੀਨ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Written By
The Punjab Wire