ਸਰੱਬਤ ਦਾ ਭਲਾ ਟਰੱਸਟ ਨੇ ਸਰਹੱਦੀ ਪਿੰਡਾਂ ‘ਚ 20 ਟਨ ਪਸ਼ੂ-ਚਾਰਾ ਵੰਡਿਆ
ਹਾਲਾਤ ਠੀਕ ਹੋਣ ਤੱਕ ਸੇਵਾ ਜਾਰੀ ਰੱਖਾਂਗੇ : ਡਾ.ਉਬਰਾਏ
ਅਜਨਾਲਾ/ਅੰਮ੍ਰਿਤਸਰ,13 ਸਤੰਬਰ 2025 (ਦੀ ਪੰਜਾਬ ਵਾਇਰ) – ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਸੇਵਾ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਅਜਨਾਲਾ ਹਲਕੇ ਦੇ ਇਤਿਹਾਸਿਕ ਕਸਬਾ ਰਮਦਾਸ ਨੇੜਲੇ ਸਰਹੱਦੀ ਪਿੰਡਾਂ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵੰਡਿਆ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਓਬਰਾਏ ਨੇ ਦੱਸਿਆ ਕਿ ਇਸ ਔਖੀ ਘੜੀ ਵੇਲੇ ਪੰਜਾਬ ਦੇ ਸਮੁੱਚੇ ਪ੍ਰਭਾਵਿਤ ਖੇਤਰਾਂ ਵਿੱਚ ਉਨ੍ਹਾਂ ਦੀਆਂ ਟੀਮਾਂ ਦਿਨ-ਰਾਤ ਸੇਵਾ ਕਾਰਜ ਨਿਭਾ ਰਹੀਆਂ ਹਨ ਅਤੇ ਇਹ ਸੇਵਾ ਪੂਰੀ ਤਰ੍ਹਾਂ ਨਾਲ ਹਾਲਾਤ ਠੀਕ ਹੋਣ ਤੱਕ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਅੱਜ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ,ਵਿੱਤ ਸਕੱਤਰ ਨਵਜੀਤ ਸਿੰਘ ਘਈ, ਐਕਸੀਅਨ ਜਗਦੇਵ ਸਿੰਘ ਛੀਨਾ ਦੀ ਮੌਜੂਦਗੀ ਵਿਚ ਅਜਨਾਲਾ ਹਲਕੇ ਪਿੰਡ ਪਸ਼ੀਆ,ਆਬਾਦੀ ਚੰਡੀਗੜ੍ਹ, ਜੱਟਾ, ਮਹਿਮਦ ਮੰਦਰਾਂ ਵਾਲਾ, ਰੋੜੇਵਾਲ, ਧੰਗਈ, ਲੱਖੂਵਾਲ, ਘੋਨੇਵਾਲ, ਕੋਟ ਗੁਰਬਖਸ਼, ਧੂਰੀਆਂ , ਦਰਿਆ ਮੂਸਾ, ਸਿੰਘੋਕੇ,ਨਿਸੋਕੇ ਆਦਿ ਪਿੰਡਾਂ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵੰਡਿਆ ਗਿਆ ਹੈ।
ਇਸ ਦੌਰਾਨ ਸਰਪੰਚ ਗੁਰਪ੍ਰੀਤ ਸਿੰਘ,ਮਨਰਾਜ ਸਿੰਘ,ਸੁੱਖ ਧੰਗਈ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਡਾ. ਉਬਰਾਏ ਦਾ ਇਸ ਔਖੀ ਘੜੀ ਵੇਲੇ ਮਦਦ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ ਗਿਆ।