Close

Recent Posts

Punjab PUNJAB FLOODS

ਰਾਹਤ ਨਹੀਂ, ਅਪਮਾਨਃ ਅਮਨ ਅਰੋੜਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਰਾਹਤ ਪੈਕੇਜ ਸੂਬੇ ਨਾਲ ਭੱਦਾ ਮਜ਼ਾਕ ਕਰਾਰ

ਰਾਹਤ ਨਹੀਂ, ਅਪਮਾਨਃ ਅਮਨ ਅਰੋੜਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਰਾਹਤ ਪੈਕੇਜ ਸੂਬੇ ਨਾਲ ਭੱਦਾ ਮਜ਼ਾਕ ਕਰਾਰ
  • PublishedSeptember 9, 2025

ਮੋਦੀ ਜੀ ਨੇ ਪੰਜਾਬ ਦੇ ਦਰਦ ਤੋਂ ਮੂੰਹ ਫੇਰਿਆ: ਅਰੋੜਾ

ਚੰਡੀਗੜ੍ਹ, 9 ਸਤੰਬਰ 2025 ( ਦੀ ਪੰਜਾਬ ਵਾਇਰ)– ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਭਿਆਨਕ ਹੜ੍ਹਾਂ ਕਾਰਨ 20,000 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਸੂਬੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ 1600 ਕਰੋੜ ਰੁਪਏ ਦੇ “ਨਿਗੂਣੇ” ਰਾਹਤ ਪੈਕੇਜ ‘ਤੇ ਡੂੰਘੀ ਨਿਰਾਸ਼ਾ ਪ੍ਰਗਟ ਕਰਦਿਆਂ ਇਸਨੂੰ ਹੜ੍ਹਾਂ ਮਾਰੇ ਪੰਜਾਬ ਨਾਲ ਭੱਦਾ ਮਜ਼ਾਕ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਿੱਚ ਹੜ੍ਹਾਂ ਕਾਰਨ ਬਣੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਦੌਰੇ ‘ਤੇ ਆਏ ਸਨ।ਸ੍ਰੀ ਅਰੋੜਾ ਨੇ ਕੇਂਦਰ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੂਬੇ ਨੂੰ ਕੋਈ ਠੋਸ ਰਾਹਤ, ਜਿਸਦੀ ਉਨ੍ਹਾਂ ਤੋਂ ਉਮੀਦ ਸੀ, ਦੇਣ ਦੀ ਬਜਾਏ ਸੂਬੇ ਨਾਲ “ਭੱਦਾ ਮਜ਼ਾਕ” ਕੀਤਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਥੇ ਆ ਕੇ ਸੂਬੇ ਦੇ ਹਾਲਾਤ ਦੇਖਣ ਤੋਂ ਬਾਅਦ ਵੀ ਇਹ ਨਿਗੂਣਾ ਪੈਕੇਜ ਦੇ ਕੇ ਸਮੁੱਚੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕਿਸਾਨਾਂ ਦੀ ਜ਼ਿੰਦਗੀ ਦਾਅ ‘ਤੇ ਲੱਗੀ ਹੋਈ ਹੈ ਅਤੇ ਉਨ੍ਹਾਂ ਦੇ ਘਰ, ਫਸਲਾਂ, ਪਸ਼ੂ ਹੜ੍ਹਾਂ ਵਿੱਚ ਵਹਿ ਗਏ ਹਨ, ਤਾਂ ਅਜਿਹਾ ਸਭ ਕੁਝ ਧਿਆਨ ‘ਚ ਰੱਖਦਿਆਂ ਕੇਂਦਰ ਦਾ ਹੁੰਗਾਰਾ ਨਾ ਸਿਰਫ਼ ਬੇਹੱਦ ਨਿੰਦਣਯੋਗ ਅਤੇ ਨਿਗੂਣਾ ਹੈ ਸਗੋਂ ਪੰਜਾਬ ਦਾ ਘੋਰ ਅਪਮਾਨ ਹੈ। ਉਨ੍ਹਾਂ ਕਿਹਾ ਕਿ 1600 ਕਰੋੜ ਰੁਪਏ ਹਰ ਉਸ ਨਾਗਰਿਕ ਦੇ ਮੂੰਹ ‘ਤੇ ਚਪੇੜ ਹਨ, ਜਿਨ੍ਹਾਂ ਨੇ ਹੜ੍ਹਾਂ ਵਿੱਚ ਆਪਣਾ ਸਭ ਕੁਝ ਗੁਆ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਲਈ ਕੇਂਦਰ ਵੱਲੋਂ ਰੋਕੇ ਹੋਏ ਫੰਡਾਂ ਦੇ 60,000 ਕਰੋੜ ਰੁਪਏ ਅਤੇ ਹੜ੍ਹ ਰਾਹਤ ਪੈਕੇਜ ਲਈ 20,000 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਲਗਾਤਾਰ ਮੰਗ ਕਰ ਰਹੀ ਹੈ, ਪਰ ਸ੍ਰੀ ਮੋਦੀ ਵੱਲੋਂ ਦਿੱਤੀ ਗਈ ਇਹ ਨਿਗੂਣੀ ਸਹਾਇਤਾ ਪੰਜਾਬੀਆਂ ਨਾਲ ਇੱਕ ਘਟੀਆ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਦੀ ਦੁਰਦਸ਼ਾ ਪ੍ਰਤੀ ਕੇਂਦਰ ਦੀ ਸਪੱਸ਼ਟ ਅਣਦੇਖੀ ਨੂੰ ਦਰਸਾਉਂਦਾ ਹੈ।ਸ੍ਰੀ ਅਮਨ ਅਰੋੜਾ ਨੇ ਕਿਹਾ, “ਪੰਜਾਬ ਦੀ ਜਿੰਦ-ਜਾਨ, ਸਾਡੀ ਖੇਤੀਬਾੜੀ, ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਸਾਡੇ ਕਿਸਾਨਾਂ ਨੇ ਜਿਨ੍ਹਾਂ ਫਸਲਾਂ ਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਸੀ, ਉਹ ਕਟਾਈ ਤੋਂ ਸਿਰਫ਼ 15-20 ਦਿਨ ਪਹਿਲਾਂ ਹੀ ਤਬਾਹ ਹੋ ਗਈਆਂ ਹਨ। ਉਨ੍ਹਾਂ ਕੋਲ ਦੁਬਾਰਾ ਬਿਜਾਈ ਦਾ ਕੋਈ ਮੌਕਾ ਨਹੀਂ ਹੈ। ਸਾਡੇ ਕਿਸਾਨ ਪੂਰੇ ਸੀਜ਼ਨ ਦੀ ਆਮਦਨ ਗੁਆ ਚੁੱਕੇ ਹਨ।” ਉਨ੍ਹਾਂ ਦੱਸਿਆ ਕਿ ਕੁੱਲ 4.80 ਲੱਖ ਏਕੜ ਖੇਤੀਬਾੜੀ ਜ਼ਮੀਨ ਪ੍ਰਭਾਵਿਤ ਹੋਈ ਹੈ ਅਤੇ ਸਭ ਤੋਂ ਵੱਧ ਨੁਕਸਾਨ ਝੋਨੇ ਨੂੰ ਹੋਇਆ ਹੈ ਜੋ 3.71 ਲੱਖ ਏਕੜ ਤੋਂ ਵੱਧ ਰਕਬਾ ਬਣਦਾ ਹੈ।ਉਨ੍ਹਾਂ ਦੱਸਿਆ ਕਿ 1988 ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹਾਂ ਨੇ 52 ਕੀਮਤੀ ਜਾਨਾਂ ਲੈ ਲਈਆਂ ਹਨ ਅਤੇ ਹੜ੍ਹਾਂ ਕਾਰਨ 2000 ਤੋਂ ਵੱਧ ਪਿੰਡਾਂ ਦੇ ਲਗਭਗ 4 ਲੱਖ ਲੋਕ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਹੋਏ ਨੁਕਸਾਨ ਨੂੰ ਦੇਖਦਿਆਂ ਪੁਨਰਵਾਸ ਲਈ ਵਿਆਪਕ ਯਤਨਾਂ ਦੀ ਭਾਰੀ ਜ਼ਰੂਰਤ ਹੈ।ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਤੁਰੰਤ ਜ਼ਿੰਮੇਵਾਰੀ ਦੀ ਭਾਵਨਾ ਨਾਲ ਨੁਕਸਾਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਇਸ ਆਫ਼ਤ ਦੀ ਗੰਭੀਰਤਾ ਅਤੇ ਦੇਸ਼ ਲਈ ਪੰਜਾਬ ਦੇ ਵੱਡਮੁੱਲੇ ਯੋਗਦਾਨ ਨੂੰ ਵੇਖਦਿਆਂ ਇੱਕ ਵਿਆਪਕ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਮੁਸ਼ਕਲ ਘੜੀ ਵਿੱਚ ਪੰਜਾਬ ਦੇ ਇਤਿਹਾਸਕ ਯੋਗਦਾਨ ਅਤੇ ਕੇਂਦਰ ਦੀ ਅੱਖੋ-ਪਰੋਖੇ ਕਰਨ ਸਬੰਧੀ ਨੀਤੀ ਦਰਮਿਆਨ ਸਪੱਸ਼ਟ ਅੰਤਰ ‘ਤੇ ਚਾਨਣਾ ਪਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, “ਆਜ਼ਾਦੀ ਸੰਘਰਸ਼ ਤੋਂ ਲੈ ਕੇ ਦੇਸ਼ ਦੇ ਅੰਨ ਭੰਡਾਰ ਭਰਨ ਤੱਕ, ਪੰਜਾਬ ਹਮੇਸ਼ਾ ਦੇਸ਼ ਦੀ ਤਲਵਾਰ ਅਤੇ ਢਾਲ ਰਿਹਾ ਹੈ। ਸੂਬੇ ਦੇ ਕਿਸਾਨਾਂ ਨੇ ਦਹਾਕਿਆਂ ਤੋਂ ਭਾਰਤ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਅਤੇ ਸਾਡੇ ਨੌਜਵਾਨਾਂ ਨੇ ਇਸਦੀਆਂ ਸਰਹੱਦਾਂ ਦੀ ਬਹਾਦਰੀ ਨਾਲ ਰਾਖੀ ਕੀਤੀ ਹੈ। ਹੁਣ ਜਦੋਂ ਸਾਡੀ ਆਪਣੀ ਜ਼ਮੀਨ ਹੜ੍ਹਾਂ ਵਿੱਚ ਡੁੱਬ ਰਹੀ ਹੈ ਅਤੇ ਸਾਡੇ ਲੋਕ ਦੁੱਖਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਫਿਰ ਵੀ ਭਾਰਤ ਸਰਕਾਰ ਦਾ ਰਵੱਈਆ ਸਿਰਫ਼ ਮੰਗਾਂ ਤੋਂ ਮੂੰਹ ਫੇਰਨ ਵਾਲਾ ਹੈ।”

Written By
The Punjab Wire