Close

Recent Posts

PUNJAB FLOODS

ਮਿਲਕਫੈੱਡ ਨੇ ਹੜ੍ਹ ਪ੍ਰਭਾਵਿਤ ਜਿ਼ਲ੍ਹਿਆਂ ਵਿੱਚ ਮੁਫ਼ਤ ਪਸ਼ੂ ਚਾਰਾ ਮੁਹੱਈਆ ਕਰਵਾਉਣ ਲਈ 50 ਕਰੋੜ ਦੀ ਐਨ.ਡੀ.ਡੀ.ਬੀ. ਗ੍ਰਾਂਟ ਦੀ ਕੀਤੀ ਮੰਗ

ਮਿਲਕਫੈੱਡ ਨੇ ਹੜ੍ਹ ਪ੍ਰਭਾਵਿਤ ਜਿ਼ਲ੍ਹਿਆਂ ਵਿੱਚ ਮੁਫ਼ਤ ਪਸ਼ੂ ਚਾਰਾ ਮੁਹੱਈਆ ਕਰਵਾਉਣ ਲਈ 50 ਕਰੋੜ ਦੀ ਐਨ.ਡੀ.ਡੀ.ਬੀ. ਗ੍ਰਾਂਟ ਦੀ ਕੀਤੀ ਮੰਗ
  • PublishedSeptember 6, 2025

ਪ੍ਰਭਾਵਿਤ ਪਿੰਡਾਂ ਵਿੱਚ ਨਿਰਵਿਘਨ ਦੁੱਧ ਇਕੱਠਾ ਕਰਨ ਲਈ ਕਿਸ਼ਤੀਆਂ ਅਤੇ ਹੋਰ ਵਾਹਨ ਕੀਤੇ ਤਾਇਨਾਤ

ਵੇਰਕਾ` ਕਰ ਰਿਹਾ ਹੈ ਪੰਜਾਬ ਭਰ ਵਿੱਚ ਵੱਡੇ ਪੱਧਰ `ਤੇ ਰਾਹਤ ਕਾਰਜਾਂ ਦੀ ਅਗਵਾਈ

ਚੰਡੀਗੜ੍ਹ, 6 ਸਤੰਬਰ 2025 (ਦੀ ਪੰਜਾਬ ਵਾਇਰ)–  ਪੰਜਾਬ ਇੰਨ੍ਹੀਂ ਦਿਨੀਂ ਆਪਣੇ ਸਭ ਤੋਂ ਭਿਆਨਕ ਤੇ ਵਿਨਾਸ਼ਕਾਰੀ ਹੜ੍ਹਾਂ ਦੀ ਮਾਰ ਹੇਠ ਹੈ – ਲਗਭਗ 1,900 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲਗਭਗ 4 ਲੱਖ ਹੈਕਟੇਅਰ ਉਪਜਾਊ ਜ਼ਮੀਨ ਡੁੱਬ ਗਈ ਹੈ ।ਇਸ ਸੰਕਟਕਾਲੀ ਦੌਰ ਵਿੱਚ ਸਹਿਕਾਰਤਾ ਵਿਭਾਗ ਨੇ ਮਿਲਕਫੈੱਡ ਪੰਜਾਬ (ਵੇਰਕਾ) ਅਤੇ ਇਸ ਨਾਲ ਸੰਬੰਧਿਤ ਮਿਲਕ ਯੂਨੀਅਨਾਂ ਦੇ ਨਾਲ ਮਿਲ ਕੇ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਦੀ ਸਹਾਇਤਾ ਲਈ ਰਾਹਤ ਅਤੇ ਮੁੜ-ਵਸੇਬਾ ਕਾਰਜ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਅੰਮ੍ਰਿਤਸਰ, ਫਿਰੋਜ਼ਪੁਰ, ਅਬੋਹਰ, ਫਾਜਿ਼ਲਕਾ ਅਤੇ ਜਲੰਧਰ ਹਨ, ਜਿੱਥੇ  ਲਗਭਗ 3.5 ਲੱਖ ਪ੍ਰਭਾਵਿਤ ਲੋਕ ਹਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਜੂਝ ਰਹੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਮਿਲਕਫੈੱਡ ਪੰਜਾਬ ਨੇ ਇੱਕ ਵਿਆਪਕ ਦੋ-ਪੱਖੀ ਰਣਨੀਤੀ ਨੂੰ ਸ਼ੁਰੂ ਕੀਤੀ ਹੈ, ਜਿਸ ਤਹਿਤ ਡੇਅਰੀ ਕਿਸਾਨਾਂ ਅਤੇ ਪਸ਼ੂਆਂ ਨੂੰ ਦੀ ਸਿਹਤਮੰਦੀ ਕਾਇਮ ਰੱਖਣ ਦੇ ਨਾਲ- ਨਾਲ  ਪ੍ਰਭਾਵਿਤ ਆਬਾਦੀ ਨੂੰ ਦੁੱਧ ਅਤੇ ਭੋਜਨ ਦੀ ਜ਼ਰੂਰੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਪਹਿਲਕਦਮੀ ਬਾਰੇ ਬੋਲਦਿਆਂ ਸਹਿਕਾਰਤਾ ਵਿਭਾਗ ਦੇ  ਵਿੱਤ ਕਮਿਸ਼ਨਰ ਸੁਮੇਰ ਗੁਰਜਰ ਨੇ ਕਿਹਾ ਕਿ ਇਹ ਸਿਰਫ਼ ਰਾਹਤ ਨਹੀਂ ਹੈ – ਇਹ ਵੇਰਕਾ ਦਾ ਪੰਜਾਬ ਦੇ ਲੋਕਾਂ ਪ੍ਰਤੀ ਮੋਹ-ਪਿਆਰ ਤੇ ਸਤਿਕਾਰ ਹੈ । ਸਾਡੀਆਂ ਟੀਮਾਂ ਲਗਾਤਾਰ ਕਿਸਾਨਾਂ ਦੀ ਖਾਧ-ਖੁ਼ਰਾਕ ਦੀ ਰੱਖਿਆ, ਪਸ਼ੂਆਂ ਦੀ ਰੱਖਿਆ ਕਰ ਰਹੀਆਂ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪਰਿਵਾਰ ਪੋਸ਼ਣ ਤੋਂ ਵਾਂਝਾ ਨਾ ਰਹੇ।

ਆਵਾਜਾਈ ਦੇ ਰਸਤੇ ਪਾਣੀ ਹੇਠ ਡੁੱਬ ਜਾਣ ਕਾਰਨ, ਡੇਅਰੀ ਨਾਲ ਜੁੜੇ ਕਿਸਾਨ ਦੁੱਧ ਲਿਆਉਣ-ਲਿਜਾਣ ਤੋਂ ਅਸਮਰੱਥ ਹਨ, ਜਿਸ ਨਾਲ ਉਹਨਾਂ ਨੂੰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਇਸ ਚੁਣੌਤੀਪੂਰਨ ਸਮੇਂ ਵਿੱਚ ਮਿਲਕਫੈੱਡ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਦੁੱਧ ਇਕੱਠਾ ਕਰਨ ਵਾਲੀਆਂ ਥਾਵਾਂ ਤੱਕ ਪਹੁੰਚਣ ਲਈ ਕਿਸ਼ਤੀਆਂ ਅਤੇ ਅਸਥਾਈ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ,ਜਿਸ ਨਾਲ ਕੱਚੇ ਦੁੱਧ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਅਸਾਧਾਰਨ ਉਪਰਾਲੇ ਨੇ ਜਿੱਥੇ ਕਿਸਾਨਾਂ ਦੀ ਆਮਦਨ ਨੂੰ ਸੁਰੱਖਿਅਤ ਰੱਖਿਆ ਹੈ ਉੱਥੇ ਹੀ ਇਸ ਔਖੀ ਘੜੀ ਵਿੱਚ ਵੀ ਪੰਜਾਬ ਦੀ ਦੁੱਧ ਸਪਲਾਈ  ਨੂੰ ਚਲਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਮਿਲਕਫੈੱਡ ਦੇ ਐਮ.ਡੀ. ਰਾਹੁਲ ਗੁਪਤਾ ਨੇ ਅੱਗੇ ਕਿਹਾ, ਪਾਣੀ ਵਿੱਚ ਡੁੱਬੇ ਸ਼ੈੱਡਾਂ ਵਿੱਚ ਫਸੇ ਹਜ਼ਾਰਾਂ ਪਸ਼ੂਆਂ ਨੂੰ ਤਰਜੀਹੀ ਸਹਾਇਤਾ ਮਿਲ ਰਹੀ ਹੈ। ਸਬੰਧਤ ਦੁੱਧ ਯੂਨੀਅਨਾਂ ਦੇ ਤਾਲਮੇਲ ਨਾਲ, ਮਿਲਕਫੈੱਡ ਵੱਲੋਂ ਪਸ਼ੂਆਂ ਦੀ ਖੁਰਾਕ ਅਤੇ ਚੋਕਰ (ਚੋਕਰ) ਸਬਸਿਡੀ `ਤੇ ਸਪਲਾਈ ਕੀਤੀ ਜਾ ਰਹੀ  ਹੈ। ਇਸ ਯਤਨ ਨੂੰ ਹੋਰ ਅੱਗੇ ਵਧਾਉਣ ਲਈ, ਮਿਲਕਫੈੱਡ ਨੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨ.ਡੀ.ਡੀ.ਬੀ.) ਨਾਲ ਵੀ 50 ਕਰੋੜ ਦੀ ਗ੍ਰਾਂਟ ਲਈ ਪਹੁੰਚ ਕੀਤੀ ਹੈ, ਜਿਸਦੇ ਮਨਜ਼ੂਰ ਹੋਣ ਤੋਂ ਬਾਅਦ ਪ੍ਰਭਾਵਿਤ ਜਿ਼ਲ੍ਹਿਆਂ ਵਿੱਚ ਪਸ਼ੂ ਖੁਰਾਕ ਦੀ ਮੁਫਤ ਵੰਡ ਕੀਤੀ ਜਾਣੀ ਸੰਭਵ ਹੋ ਸਕੇਗੀ।

ਮਨੁੱਖੀ ਰਾਹਤ ਦੇਣ ਪੱਖੋਂ ਮਿਲਕਫੈੱਡ ਜਿ਼ਲ੍ਹਾ ਪ੍ਰਸ਼ਾਸਨ ਰਾਹੀਂ ਤਾਜ਼ਾ ਦੁੱਧ, ਸਕਿਮਡ ਮਿਲਕ ਪਾਊਡਰ, ਹੋਲ ਮਿਲਕ ਪਾਊਡਰ, ਡੇਅਰੀ ਵ੍ਹਾਈਟਨਰ ਸਪਲਾਈ ਕਰਨ ਲਈ ਕੰਮ ਕਰ ਰਿਹਾ ਹੈ। ਇਹ ਜ਼ਰੂਰੀ ਵਸਤੂਆਂ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਆਬਾਦੀ ਵਾਲੇ ਪਰਿਵਾਰਾਂ ਲਈ ਖਾਸ ਤੌਰ `ਤੇ ਮਹੱਤਵਪੂਰਨ ਹਨ। ਸਾਰੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਿਰਵਿਘਨ ਪੋਸ਼ਣ ਨੂੰ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਹਨ।

ਐਮ.ਡੀ. ਨੇ ਅੱਗੇ ਦੱਸਿਆ ਕਿ ਡੇਅਰੀ ਸਪਲਾਈ ਤੋਂ ਇਲਾਵਾ, ਮਿਲਕਫੈੱਡ ਅਤੇ ਇਸਦੀਆਂ ਯੂਨੀਅਨਾਂ ਨੇ ਫਸੇ ਪਰਿਵਾਰਾਂ ਲਈ 15,000 ਫੂਡ ਕਿੱਟਾਂ ਦਾ ਵਾਅਦਾ ਕੀਤਾ ਹੈ। ਵੇਰਕਾ ਜਲੰਧਰ, ਮੋਹਾਲੀ ਅਤੇ ਸੰਗਰੂਰ ਡੇਅਰੀਆਂ ਤੋਂ ਪਹਿਲਾਂ ਹੀ ਵੰਡ ਸ਼ੁਰੂ ਹੋ ਗਈ ਹੈ ਅਤੇ ਸਪਲਾਈ ਲਗਾਤਾਰ ਰਾਹਤ ਕੈਂਪਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੀਤੀ ਜਾ ਰਹੀ ਹੈ।

ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਮਿਲਕਫੈੱਡ ਪੰਜਾਬ ਦੀਆਂ ਕਾਰਵਾਈਆਂ ਐਮਰਜੈਂਸੀ ਰਾਹਤ ਤੋਂ ਅਗਾਂਹ ਹਨ। ਇਸ ਅਣਕਿਆਸੀ ਚੁਣੌਤੀ ਦੇ ਸਾਮ੍ਹਣੇ, ਮਿਲਕਫੈੱਡ ਪੰਜਾਬ ਅਤੇ ਇਸਦੀਆਂ ਯੂਨੀਅਨਾਂ ਨੇ ਨਾ ਸਿਰਫ਼ ਕਿਸਾਨਾਂ ਅਤੇ ਪਸ਼ੂਆਂ ਲਈ ਮਦਦ ਕੀਤੀ ਹੈ   ਸਗੋਂ ਇਹ ਵੀ ਯਕੀਨੀ ਬਣਾਇਆ ਹੈ ਕਿ ਕੋਈ ਵੀ ਪਰਿਵਾਰ ਲੋੜੀਂਦੀਆਂ ਚੀਜ਼ਾਂ ਤੋਂ ਵਾਂਝਾ ਨਾ ਰਹੇ।

ਜਿਵੇਂ-ਜਿਵੇਂ ਪੰਜਾਬ ਰਿਕਵਰੀ ਵੱਲ ਵਧਦਾ ਜਾਵੇਗਾ , ਵੇਰਕਾ ਦੇ ਰਾਹਤ ਯਤਨ, ਸਹਿਯੋਗ, ਹਮਦਰਦੀ ਅਤੇ ਰਾਸ਼ਟਰ ਨੂੰ ਪੋਸ਼ਣ ਦੇਣ ਦੀ ਆਪਣੀ ਵਚਨਬੱਧਤਾ ਨਿਰੰਤਰ ਬਰਕਰਾਰ ਰਹੇਗੀ।

Written By
The Punjab Wire