“ਕੇਵਾਈਸੀ ਦਾ ਨਾਟਕ ਕਰਕੇ ਪਹਿਲਾਂ ਰਾਸ਼ਨ ਰੋਕਣਾ ਤੇ ਚੋਣਾਂ ਨੇੜੇ ‘ਵੋਟ ਬਦਲੇ ਨੋਟ’ ਹੈ ਭਾਜਪਾ ਦੀ ਸਾਜ਼ਿਸ਼, ਪਰ ਮਾਨ ਸਰਕਾਰ ਕਿਸੇ ਮਾਂ ਦੀ ਥਾਲੀ ਖ਼ਾਲੀ ਨਹੀਂ ਰਹਿਣ ਦੇਵੇਗੀ : ਸ਼ੈਰੀ ਕਲਸੀ”
ਮਾਨ ਸਰਕਾਰ ਗਰੀਬਾਂ ਦੇ ਦਰਦ ਨੂੰ ਸਮਝਦੀ ਹੈ, ਗਰੀਬਾਂ ਲਈ ਖੜ੍ਹੀ ਸੀ, ਹੈ ਅਤੇ ਰਹੇਗੀ ਕਿਸੇ ਬੱਚੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ– ਸ਼ੈਰੀ ਕਲਸੀ
ਗੁਰਦਾਸਪੁਰ, 24 ਅਗਸਤ (ਮੰਨਨ ਸੈਨੀ) – ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕੁਲ 1.53 ਕਰੋੜ ਰਾਸ਼ਨ ਕਾਰਡਾਂ ਵਿੱਚੋ 55 ਲੱਖ ਗ਼ਰੀਬ ਪਰਿਵਾਰਾਂ ਦਾ ਰਾਸ਼ਨ ਬੰਦ ਕਰਕੇ “ਨੋਟ ਫਾਰ ਵੋਟ” ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਗਰੀਬ ਪੰਜਾਬੀਆਂ ਨੂੰ ਮਿਲਣ ਵਾਲੀ ਮੁਫ਼ਤ ਰਾਸ਼ਨ ਬੰਦ ਕਰਨ ਜਾ ਰਹੀ ਹੈ। ਜੋ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿਘ ਸ਼ੈਰੀ ਕਲਸੀ ਵੱਲੋਂ ਅੱਜ ਸਥਾਨਿਕ ਪੰਚਾਇਤ ਭਵਨ ਵਿੱਖੇ ਪੱਤਰਕਾਰਾ ਨਾਲ ਮਿਲਣੀ ਦੌਰਾਨ ਕੀਤਾ ਗਿਆ।
ਸ਼ੈਰੀ ਕਲਸੀ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਕੇ.ਵਾਈ.ਸੀ. ਦੀ ਆੜ ਲੈ ਕੇ ਜੁਲਾਈ ਮਹੀਨੇ ਤੋਂ ਹੀ 23 ਲੱਖ ਗ਼ਰੀਬਾਂ ਦਾ ਰਾਸ਼ਨ ਰੋਕ ਚੁੱਕੀ ਹੈ ਅਤੇ ਹੁਣ 30 ਸਤੰਬਰ ਤੋਂ ਬਾਅਦ 32 ਲੱਖ ਹੋਰ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਧਮਕੀ ਦੇ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਸ. ਜਗਰੂਪ ਸਿੰਘ ਸੇਖਵਾਂ, ਸ. ਬਲਬੀਰ ਸਿੰਘ ਪੰਨੂ, ਸ੍ਰੀ ਸ਼ਮਸ਼ੇਰ ਸਿੰਘ ਦੀਨਾਨਗਰ, ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਤੇ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮੁਖਦੇਵ ਸਿੰਘ ਆਲੋਵਾਲ ਵੀ ਮੌਜੂਦ ਸਨ।
“ਰਾਸ਼ਨ ਰੋਕ, ਵੋਟਾਂ ਖਰੀਦਣ ਦੀ ਸਾਜ਼ਿਸ਼”
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਭਾਜਪਾ ਆਗੁਆ ਦਾ ਕਹਿਣਾ ਹੈ ਕਿ ਸੇਵਾ ਕੇਂਦਰ ਅਤੇ 1076 ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਦਾ ਜਵਾਬ ਦਿੰਦਿਆਂ ਸ਼ੈਰੀ ਕਲਸੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ “ਭਾਜਪਾ ਸਰਕਾਰ ਪਹਿਲਾਂ ਗ਼ਰੀਬਾਂ ਦੀ ਥਾਲੀ ਤੋਂ ਰਾਸ਼ਨ ਖੋਹਵੇਗੀ ਅਤੇ ਫਿਰ ਚੋਣਾਂ ਤੋਂ ਮਹੀਨਾ ਪਹਿਲਾਂ ਕਿਸਾਨਾਂ ਦਿਆਂ ਖਾਤਿਆਂ ਅੰਦਰ 2000 ਰੁਪਏ ਖਾਤਿਆਂ ਵਿੱਚ ਪਾ ਕੇ ਵੋਟਾਂ ਖਰੀਦਣ ਦੀ ਯੋਜਨਾ ਤੇ ਕੰਮ ਕਰੇਗੀ। ਪਰ ਅਸੀਂ ਇਹ ਢੋਂਗ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।”
ਉਨ੍ਹਾਂ ਜੋਰ ਦੇ ਕੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਪੰਜਾਬੀਆਂ ਨੂੰ 600 ਯੁਨਿਟ ਮੁਫ਼ਤ ਬਿਜਲੀ ਦਿੱਤੀ ਸੀ, ਉਸ ਵੇਲੇ ਕਿਸੇ ਕੋਲੋ ਕੋਈ ਕੇਵਾਈਸੀ ਨਹੀਂ ਮੰਗੀ ਗਈ। ਹੁਣ ਸਰਕਾਰ 18 ਸਾਲ ਤੋਂ ਉਪਰ ਦੀਆਂ ਮਹਿਲਾਵਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਤੇ ਕੰਮ ਕਰ ਰਹੀ ਹੈ ਅਤੇ ਉਹ ਵੀ ਮੁਫ਼ਤ ਬਿਜਲੀ ਵਾਂਗ ਹੋਵੇਗੀ।
“ਭਾਜਪਾ ਗ਼ਰੀਬਾਂ ਦੇ ਦਰਦ ਨੂੰ ਨਹੀਂ ਸਮਝਦੀ”
ਸ਼ੈਰੀ ਕਲਸੀ ਨੇ ਤਿੱਖਾ ਸਵਾਲ ਕੀਤਾ –”ਕੀ ਇੱਕ ਘਰ ਦੇ ਇੱਕ ਪੁੱਤਰ ਨੂੰ ਨੌਕਰੀ ਮਿਲ ਜਾਣ ਨਾਲ ਪੂਰਾ ਪਰਿਵਾਰ ਅਮੀਰ ਹੋ ਜਾਂਦਾ ਹੈ? ਕੀ ਕਿਸੇ ਕੋਲ ਪੁਰਾਣੀ ਕਾਰ ਹੋਣ ਦਾ ਮਤਲਬ ਹੈ ਕਿ ਉਹ ਭੁੱਖਾ ਨਹੀਂ ਰਹਿ ਸਕਦਾ? ਅਸਲ ‘ਚ ਭਾਜਪਾ ਪੰਜਾਬ ਦੇ ਪਿੰਡਾਂ ਦੀ ਅਸਲੀ ਹਕੀਕਤ ਨੂੰ ਨਹੀਂ ਜਾਣਦੀ।”
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦੇ ਹਨ, ਪਰ ਮੋਦੀ ਸਰਕਾਰ ਹੁਣ ਪੰਜਾਬ ਦੇ ਗ਼ਰੀਬ ਪਰਿਵਾਰਾਂ ਦੀਆਂ ਥਾਲੀਆਂ ਖ਼ਾਲੀ ਕਰਨਾ ਚਾਹੁੰਦੀ ਹੈ।
ਮਾਨ ਸਰਕਾਰ ਦਾ ਭਰੋਸਾ – ਕਿਸੇ ਦਾ ਰਾਸ਼ਨ ਨਹੀਂ ਰੁਕੇਗਾ
ਸ਼ੈਰੀ ਕਲਸੀ ਨੇ ਭਰੋਸਾ ਦਿਵਾਇਆ ਕਿ ਜਿੰਨਾ ਚਿਰ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ, ਕਿਸੇ ਵੀ ਗ਼ਰੀਬ ਦਾ ਰਾਸ਼ਨ ਨਹੀਂ ਰੁਕੇਗਾ। ਉਨ੍ਹਾਂ ਦੱਸਿਆ ਕਿ 1.29 ਕਰੋੜ ਰਾਸ਼ਨ ਕਾਰਡਾਂ ਦੀ ਤਸਦੀਕ ਮੁਕੰਮਲ ਹੋ ਗਈ ਹੈ ਤੇ ਬਾਕੀਆਂ ਦੀ ਤਸਦੀਕ ਅਗਲੇ ਛੇ ਮਹੀਨਿਆਂ ਵਿੱਚ ਘਰ-ਘਰ ਜਾ ਕੇ ਕੀਤੀ ਜਾਵੇਗੀ।
“ਇਹ ਸਿਰਫ਼ ਰਾਸ਼ਨ ਦੀ ਨਹੀਂ, ਸਨਮਾਨ ਅਤੇ ਅਧਿਕਾਰਾਂ ਦੀ ਲੜਾਈ ਹੈ। ਜੇ ਲੋੜ ਪਈ ਤਾਂ ਆਮ ਆਦਮੀ ਪਾਰਟੀ ਵੱਲੋਂ ਸੂਬਾ-ਪੱਧਰੀ ਅੰਦੋਲਨ ਕੀਤਾ ਜਾਵੇਗਾ, ਅਦਾਲਤਾਂ ਦੇ ਦਰਵਾਜੇ ਖੜਕਾਏ ਜਾਣਗੇਂ। ਕਿਸੇ ਮਾਂ ਦੀ ਥਾਲੀ ਖ਼ਾਲੀ ਨਹੀਂ ਰਹੇਗੀ ਤੇ ਨਾ ਹੀ ਕਿਸੇ ਬੱਚੇ ਨੂੰ ਭੁੱਖਾ ਸੌਣ ਦਿੱਤਾ ਜਾਵੇਗਾ।” ਸ਼ੈਰੀ ਕਲਸੀ ਨੇ ਕਿਹਾ।