ਆਪ ਕਾਂਗਰਸ ਦੇ ਰਸਤੇ ਤੇ; ਪਹਿਲਾਂ ਕਾਂਗਰਸ ਨੇ ਜ਼ਮੀਨ ਖੋਹੀ, ਹੁਣ ਆਪ ਖੋ ਰਹੀ” -ਬੱਬੇਹਾਲੀ
ਗੁਰਦਾਸਪੁਰ, 14 ਅਗਸਤ 2025 (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਰੋਸ਼ ਮੁਜਾਹਿਰਿਆਂ ਕਾਰਨ ਅਤੇ ਦਬਾਵ ਕਾਰਨ ਹੀ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਤੇ ਪਿੱਛੇ ਹਟਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਹ ਕਾਮਯਾਬੀ ਲੋਕਾਂ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਕਾਰਨ ਮਿਲੀ ਹੈ।
ਸ਼ਹਿਰ ਦੇ ਇਕ ਸਥਾਨਕ ਮਾਲ ਅੰਦਰ ਬੁਲਾਈ ਪ੍ਰੈਸ ਕਾਨਫਰੈਂਸ ਦੌਰਾਨ ਸਾਬਕਾ ਵਿਧਾਇਕ ਬੱਬੇਹਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਲੋਕਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਬੇਬਾਕੀ ਨਾਲ ਆਵਾਜ਼ ਬੁਲੰਦ ਕਰ ਰਿਹਾ ਹੈ ਅਤੇ ਲੋਕਾਂ ਦਾ ਵੀ ਉਨ੍ਹਾਂ ਨੂੰ ਬੇਹਿਸਾਬ ਸਾਥ ਮਿਲ ਰਿਹਾ। ਲੁਧਿਆਣਾ, ਬਠਿੰਡਾ, ਪਟਿਆਲਾ ਅਤੇ ਮੋਹਾਲੀ ਵਿੱਚ ਕੀਤੇ ਰੋਸ਼ ਪ੍ਰਦਰਸ਼ਨ ਸਰਕਾਰ ਲਈ ਵੱਡਾ ਦਬਾਅ ਸਾਬਤ ਹੋਏ ਹਨ। “ਦੂਸਰੀਆਂ ਪਾਰਟੀਆਂ ਬੈਕਫੁਟ ‘ਤੇ ਰਹੀਆਂ, ਪਰ ਅਕਾਲੀ ਦਲ ਨੇ ਫਰੰਟ ਫੁਟ ‘ਤੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜੀ ਅਤੇ ਜਿੱਤੀ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜ਼ਮੀਨਾਂ ਦੇ ਡੀਨੋਟੀਫਿਕੇਸ਼ਨ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ, ਨਾਲ ਹੀ ਕਿਸਾਨਾਂ ਅਤੇ ਆਮ ਵਰਗ ਨੂੰ ਯਕੀਨ ਦਵਾਇਆ ਕਿ “ਅਕਾਲੀ ਦਲ ਹਰ ਧੱਕੇ-ਸ਼ਾਹੀ ਅੱਗੇ ਚੱਟਾਨ ਵਾਂਗ ਖੜ੍ਹਾ ਰਹੇਗਾ”।
ਆਪ ਤੇ ਤਿੱਖਾ ਹਮਲਾ ਕਰਦੇ ਹੋਏ ਬੱਬੇਹਾਲੀ ਨੇ ਕਿਹਾ ਕਿ “ਆਪ ਕਾਂਗਰਸ ਦੇ ਰਸਤੇ ‘ਤੇ ਤੁਰ ਰਹੀ ਹੈ।” ਆਪਣੇ ਹਲਕੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ ਨਬੀਪੁਰ ਦੀ ਜ਼ਮੀਨ ਬਿਨਾਂ ਕਿਸਾਨਾਂ ਦੀ ਰਜ਼ਾਮੰਦੀ ਅਕਵਾਇਰ ਕੀਤੀ ਗਈ ਸੀ। “ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਗੱਲ ਲਿਆਉਣ ਤੋਂ ਬਾਅਦ ਕੈਬਿਨਿਟ ਵਿੱਚ ਮਤਾ ਪਾਸ ਕਰਵਾਇਆ ਗਿਆ ਕਿ ਬਿਨਾਂ ਕਿਸਾਨਾਂ ਦੀ ਮਰਜ਼ੀ ਕਿਸੇ ਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਵੇਗੀ।
ਇਸਦੇ ਬਾਵਜੂਦ, ਬੱਬੇਹਾਲੀ ਅਨੁਸਾਰ, ਕਾਂਗਰਸ ਦੇ ਕਾਰਜਕਾਲ ਦੌਰਾਨ ਪੁੱਡਾ, ਘੁਰਾਲਾ ਬਾਈਪਾਸ ਅਤੇ ਬੱਸ ਸਟੈਂਡ ਲਈ ਜ਼ਮੀਨ ਜ਼ਬਰਦਸਤੀ ਅਕਵਾਇਰ ਕੀਤੀ ਗਈ।
ਨਵਾਂ ਅਕਾਲੀ ਦਲ ਬਨਣ ਤੇ ਤੰਜ ਕਸਦੇ ਹੋਏ ਉਨ੍ਹਾਂ ਕਿਹਾ ਕਿ “ਅਕਾਲੀ ਦਲ ਨੂੰ ਤੋੜਨ ਲਈ ਪਹਿਲਾਂ ਵੀ ਕਈ ਧੜੇ ਬਣੇ, ਪਰ ਅਕਾਲੀ ਦਲ ਸੌ ਸਾਲ ਪੁਰਾਣੀ ਪਾਰਟੀ ਹੈ, ਚੱਟਾਨ ਵਾਂਗ ਮਜ਼ਬੂਤ ਹੈ।”
2027 ਦੇ ਚੋਣੀ ਗਠਜੋੜ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਸਾਫ਼ ਕਿਹਾ ਕਿ “ਸੁਖਬੀਰ ਬਾਦਲ ਜੋ ਵੀ ਫੈਸਲਾ ਕਰਨਗੇ, ਉਹ ਸਾਡੇ ਲਈ ਮੰਨਣਯੋਗ ਹੋਵੇਗਾ।” ਇਸ ਮੌਕੇ ਤੇ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਮੌਜੂਦਾ ਵਿਧਾਇਕ ਤੇ ਵੀ ਵੱਖ ਵੱਖ ਤਿੱਖੇ ਹਮਲੇ ਕੀਤੇ ਗਏ ਅਤੇ ਕਿਹਾ ਗਿਆ ਕਿ ਇਹ ਆਮ ਆਦਮੀ ਪਾਰਟੀ ਨਾਲ ਰਲੇ ਹੋਏ ਹਨ।
ਇਸ ਮੌਕੇ ਤੇ ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ ਕਾਦੀਆ, ਰਮਨਦੀਪ ਸਿੰਘ ਸੰਧੂ ਸਾਬਕਾ ਜਿਲਾ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਜਿਲਾ ਗੁਰਦਾਸਪੁਰ, ਨਰੇਸ਼ ਮਹਾਜਨ ਹਲਕਾ ਇੰਚਾਰਜ ਬਟਾਲਾ, ਰਵੀ ਮੋਹਨ ਹਲਕਾ ਇੰਚਾਰਜ ਭੋਆ, ਸੁਰਿੰਦਰ ਸਿੰਘ ਮਿੰਟਾ ਸ਼ਹਿਰੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਪਠਾਨਕੋਟ, ਗੁਲਸ਼ਨ ਸੈਣੀ ਸਾਬਕਾ ਸਿਟੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਗੁਰਦਾਸਪੁਰ, ਰਣਜੀਤ ਸਿੰਘ ਚਾਨਣ ਆਦਿ ਅਕਾਲੀ ਵਰਕਰ ਮੌਜੂਦ ਸਨ।