Close

Recent Posts

ਪੰਜਾਬ ਰਾਜਨੀਤੀ

ਅਕਾਲੀ-ਭਾਜਪਾ ਗੱਠਜੋੜ ‘ਤੇ ਚੰਨੀ ਦਾ ਹਮਲਾ: “ਇਹ ਸੱਤਾ ਦਾ ਲਾਲਚ ਹੈ, ਪੰਜਾਬ ਦੀ ਭਲਾਈ ਨਹੀਂ”- ਚੰਨੀ

ਅਕਾਲੀ-ਭਾਜਪਾ ਗੱਠਜੋੜ ‘ਤੇ ਚੰਨੀ ਦਾ ਹਮਲਾ: “ਇਹ ਸੱਤਾ ਦਾ ਲਾਲਚ ਹੈ, ਪੰਜਾਬ ਦੀ ਭਲਾਈ ਨਹੀਂ”- ਚੰਨੀ
  • PublishedNovember 24, 2026

ਚੰਡੀਗੜ੍ਹ, 24 ਨਵੰਬਰ 2026 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਹੋਏ ਗੱਠਜੋੜ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਸੱਤਾ ਦੇ ਲਾਲਚ ਕਾਰਨ ਹੋਇਆ ਹੈ, ਪੰਜਾਬ ਦੀ ਭਲਾਈ ਲਈ ਨਹੀਂ।

ਚੰਨੀ ਨੇ ਕਿਹਾ ਕਿ ਜੇ ਇਹ ਗੱਠਜੋੜ ਸੱਚਮੁੱਚ ਪੰਜਾਬ ਦੇ ਭਲੇ ਲਈ ਹੁੰਦਾ, ਤਾਂ ਅਕਾਲੀ ਦਲ ਪਹਿਲਾਂ ਕੇਂਦਰ ਸਰਕਾਰ ਤੋਂ ਪੰਜਾਬ ਦੀਆਂ ਮੰਗਾਂ ਬਾਰੇ ਐਲਾਨ ਕਰਵਾਉਂਦਾ। ਉਨ੍ਹਾਂ ਸਵਾਲ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 750 ਕਿਸਾਨਾਂ ਅਤੇ ਬੰਦੀ ਸਿੰਘਾਂ ਦੇ ਮੁੱਦੇ ‘ਤੇ ਅਕਾਲੀ ਦਲ ਕਿੱਥੇ ਖੜ੍ਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਕੇਂਦਰ ਤੋਂ ਪੰਜਾਬ ਲਈ ਸਿਰਫ਼ ਨਮੋਸ਼ੀ ਲੈ ਕੇ ਆਇਆ ਹੈ।

MSP ‘ਤੇ ਚੁੱਪੀ ਦਾ ਸਵਾਲ: ਚੰਨੀ ਨੇ ਦੱਸਿਆ ਕਿ ਉਹ ਸੰਸਦ ਦੀ ਖੇਤੀਬਾੜੀ ਸੰਬੰਧੀ ਸਥਾਈ ਕਮੇਟੀ ਦੇ ਚੇਅਰਮੈਨ ਹਨ। ਇਸ ਕਮੇਟੀ ਨੇ ਕੇਂਦਰ ਸਰਕਾਰ ਨੂੰ MSP ਨੂੰ ਕਾਨੂੰਨੀ ਗਾਰੰਟੀ ਬਣਾਉਣ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਪਰ ਉਨ੍ਹਾਂ ਮੁਤਾਬਕ ਅੱਜ ਤੱਕ ਨਾ ਕੇਂਦਰ ਸਰਕਾਰ ਅਤੇ ਨਾ ਹੀ ਅਕਾਲੀ ਦਲ ਨੇ ਇਸ ‘ਤੇ ਕੁਝ ਬੋਲਿਆ ਹੈ।

ਬੇਅਦਬੀ ਦਾ ਮੁੱਦਾ: ਚੰਨੀ ਨੇ ਪੁੱਛਿਆ, “ਕੀ ਅੱਜ ਸੁਖਬੀਰ ਬਾਦਲ ਨੂੰ ਬੇਅਦਬੀ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੇ ਬਰੀ ਕਰ ਦਿੱਤਾ ਹੈ?” ਉਨ੍ਹਾਂ ਇਸ ਸਮਝੌਤੇ ਨੂੰ ਪੰਜਾਬ ਲਈ ਬਹੁਤ ਖ਼ਤਰਨਾਕ ਕਰਾਰ ਦਿੱਤਾ।

ਨਸ਼ੇ ਅਤੇ ਕਾਨੂੰਨ-ਵਿਵਸਥਾ ‘ਤੇ ਵੀ ਨਿਸ਼ਾਨਾ: ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਫੈਲਾਉਣ ਲਈ ਜਿੰਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜ਼ਿੰਮੇਵਾਰ ਹਨ, ਓਨੀ ਹੀ ਭਾਜਪਾ ਵੀ ਜ਼ਿੰਮੇਵਾਰ ਹੈ। ਉਨ੍ਹਾਂ ਸਵਾਲ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਸ਼ੇ ‘ਤੇ ਨਕੇਲ ਪਾਉਣ ਤੋਂ ਕਿਸ ਨੇ ਰੋਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਾਬਲ ਪ੍ਰਸ਼ਾਸਕ ਸਾਬਤ ਨਹੀਂ ਹੋ ਸਕੇ।

“ਪੰਜਾਬ ਨੂੰ ਲੜਨ-ਮਰਨ ਵਾਲੇ ਲੋਕ ਚਾਹੀਦੇ ਹਨ”: ਚੰਨੀ ਨੇ ਕਿਹਾ ਕਿ ਭਾਜਪਾ ਕੋਲ ਅੱਜ ਕਾਂਗਰਸ ਦੇ ਰੱਦ ਕੀਤੇ ਹੋਏ ਆਗੂ ਹਨ, ਜਦਕਿ ਅਕਾਲੀ ਦਲ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਜਾਬ ਲਈ ਲੜਨ, ਮਰਨ ਅਤੇ ਡਟਣ ਵਾਲੇ ਲੋਕ ਚਾਹੀਦੇ ਹਨ, ਜੋ ਇਹ ਲੋਕ ਨਹੀਂ ਹਨ।

Written By
The Punjab Wire