ਤਿੱਬੜ ਥਾਣੇ ਦੇ ਐੱਸਐੱਚਓ ਖ਼ਿਲਾਫ਼ ਦਿੱਤਾ ਜਾਵੇਗਾ ਧਰਨਾ
ਗੁਰਦਾਸਪੁਰ , 30 ਜਨਵਰੀ 2025 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ, ਹਲਕਾ ਗੁਰਦਾਸਪੁਰ ਦੀ ਮੀਟਿੰਗ 1 ਫਰਵਰੀ ਦਿਨ ਸਨਿੱਚਰਵਾਰ ਨੂੰ ਪਿੰਡ ਬੱਬੇਹਾਲੀ ਦੇ ਪ੍ਰੀਤ ਪੈਲੇਸ ਵਿੱਚ ਹੋਵੇਗੀ । ਦੁਪਹਿਰ ਇੱਕ ਵਜੇ ਹੋਣ ਵਾਲੀ ਇਸ ਮੀਟਿੰਗ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਕੀਤੀ ਜਾਵੇਗੀ । ਉਨ੍ਹਾਂ ਹਲਕੇ ਦੇ ਸਮੂਹ ਵਰਕਰਾਂ ਨੂੰ ਵਧ ਚੜ੍ਹ ਕੇ ਸਮੇਂ ਸਿਰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ।
ਪ੍ਰੈਸ ਨੂੰ ਜਾਰੀ ਬਿਆਨ ਜਾਰੀ ਕਰਦੇ ਹੋਏ ਸਰਦਾਰ ਬੱਬੇਹਾਲੀ ਨੇ ਕਿਹਾ ਕਿ ਇਸੇ ਦਿਨ ਦੁਪਹਿਰ ਦੋ ਵਜੇ ਤੋਂ ਅਣਮਿਥੇ ਸਮੇਂ ਲਈ ਥਾਣਾ ਤਿੱਬੜ ਦੇ ਐੱਸਐੱਚਓ ਖ਼ਿਲਾਫ਼ ਉਸ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀਟੀ ਰੋਡ ਤੇ ਧਰਨਾ ਵੀ ਦਿੱਤਾ ਜਾਵੇਗਾ । ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਥਾਣਾ ਮੁਖੀ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ । ਮੁਦਈਆਂ ਨੂੰ ਮੁਲਜ਼ਮ ਬਣਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਮੁੱਦਈ । ਉਨ੍ਹਾਂ ਕਿਹਾ ਕਿ ਥਾਣਾ ਤਿੱਬੜ ਅਧੀਨ ਆਉਂਦੇ ਪਿੰਡਾਂ ਵਿੱਚ ਨਸ਼ਿਆਂ ਦੀ ਵਿੱਕਰੀ ਬੇਰੋਕ ਟੋਕ ਜਾਰੀ ਹੈ ਅਤੇ ਇਹ ਸਭ ਥਾਣਾ ਮੁਖੀ ਦੀ ਸ਼ਹਿ ਤੇ ਹੋ ਰਿਹਾ ਹੈ ।