ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾਵੇਗਾ ਮਰੀਜ਼ਾਂ ਦਾ ਚੈੱਕਅਪ
ਬਟਾਲਾ, 20 ਦਸੰਬਰ 2024 (ਦੀ ਪੰਜਾਬ ਵਾਇਰ)। ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਕਲਸੀ ਕੇ.ਜੇ. ਚੈਰੀਟੇਬਲ ਹਸਪਤਾਲ, ਬਟਾਲਾ ਵੱਲੋਂ ਮਿਤੀ 22 ਦਸੰਬਰ 2024 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਬਟਾਲਾ ਵਿਖੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਵਿਖੇ ਲੱਗਣ ਵਾਲੇ ਇਸ ਫ਼ਰੀ ਮੈਗਾ ਮੈਡੀਕਲ ਕੈਂਪ ਵਿੱਚ ਜਨਰਲ ਸਰਜੀਕਲ, ਜਨਰਲ ਮੈਡੀਸਨ, ਦਿਲ, ਦਿਮਾਗ਼, ਪੇਟ, ਅੰਤੜੀਆਂ, ਬਲੱਡ ਪ੍ਰੈਸ਼ਰ, ਅੱਖਾਂ, ਸ਼ੂਗਰ, ਗੁਰਦਿਆਂ, ਜਨਾਨਾ ਰੋਗਾਂ, ਹੱਡੀਆਂ, ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਸ਼ੂਗਰ, ਹੱਡੀਆਂ ਦੇ ਟੈੱਸਟ ਬੀ.ਐੱਮ.ਡੀ, ਈ.ਸੀ.ਜੀ. ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਰੂਰਤਮੰਦ ਮਰੀਜ਼ਾਂ ਦੇ ਹੋਰ ਜ਼ਰੂਰੀ ਟੈੱਸਟ ਅੱਧੇ ਖ਼ਰਚ ‘ਤੇ ਕੀਤੇ ਜਾਣਗੇ।
ਸ੍ਰੀ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੈਗਾ ਮੈਡੀਕਲ ਕੈਂਪ ਵਿੱਚ ਪਹੁੰਚ ਕੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਬਟਾਲਾ ਵਿਧਾਨ ਸਭਾ ਹਲਕੇ ਦੇ ਵਸਨੀਕ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਆਪਣੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਇਖ਼ਲਾਕੀ ਫ਼ਰਜ਼ ਹੈ। ਸ੍ਰੀ ਕਲਸੀ ਨੇ ਕਿਹਾ ਕਿ ਜਿੱਥੇ ਵਿਧਾਨ ਸਭਾ ਹਲਕਾ ਬਟਾਲਾ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਅਜਿਹੇ ਉਪਰਾਲੇ ਕਰਕੇ ਲੋਕਾਂ ਨੂੰ ਸਹੂਲਤ ਦੇਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।