ਕਿਹਾ ਮੈਂ ਨਹੀਂ ਕੁਝ ਨੁਮਾਇੰਦੇ ਕਈ ਸਾਲਾਂ ਤੋਂ ਲਗਾ ਰਹੇ ਪਾਰਟੀ ਨੂੰ ਢਾਹ
ਗੁਰਦਾਸਪੁਰ, 4 ਮਈ 2024 (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਸਮਰਥਕਾਂ ਨਾਲ ਧਾਰੀਵਾਲ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣਾ ਸਖ਼ਤ ਰੁੱਖ ਦਿਖਾਇਆ। ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਆਪਣੇ ਹੀ ਲੋਕ ਮੇਰੇ ਵਿਰੁੱਧ ਹਨ। ਲੋਕ ਸਭਾ ਚੋਣਾਂ ਦੌਰਾਨ ਮੇਰੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ। ਇਸ ਲਈ ਉਨ੍ਹਾਂ ਐਲਾਨ ਕੀਤਾ ਕਿ ਉਹ 22 ਤਰੀਕ ਨੂੰ ਵੱਡੀ ਰੈਲੀ ਕਰਨਗੇ ਅਤੇ ਉਸ ਵਿੱਚ ਉਹ ਵੱਡਾ ਫੈਸਲਾ ਲੈਣਗੇ।
ਪਰ ਦੱਸਣਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਵਿੱਚੋ ਪਿਛਲੇ ਕਈ ਸਾਲਾਂ ਤੋਂ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਲੰਗਾਹ ਵੱਲੋਂ ਬੀਤੇਂ ਦਿਨ੍ਹੀਂ ਪਾਰਟੀ ਹਾਈਕਮਾਨ ਨੂੰ ਪੱਤਰ ਲਿੱਖ ਕੇ ਪਾਰਟੀ ਅੰਦਰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਅਕਾਲੀ ਦੇ ਕੁਝ ਨੁਮਾਇੰਦੇ ਪਿਛਲੇ ਕਈ ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ‘ਤੇ ਪਰਚੇ ਵੀ ਚੱਲ ਰਹੇ ਹਨ ਪਰ ਪਾਰਟੀ ਨੇ ਚੋਣਾਂ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਦੀ ਮੱਤ ਹਲਕਾ ਇੰਚਾਰਜਾਂ ਨੇ ਮਾਰ ਦਿੱਤੀ ਹੈ।
ਕਾਂਗਰਸ ਵਾਲਿਆਂ ਨੇ ਘੱਟ, ਅਕਾਲੀਆਂ ਨੇ ਜ਼ਿਆਦਾ ਨੁਕਸਾਨ ਕੀਤਾ
ਉਨ੍ਹਾਂ ਕਿਹਾ ਕਿ ਉਹ ਪਿਛਲੇ 7 ਸਾਲਾਂ ਤੋਂ ਅਕਾਲੀ ਦਲ ਨਾਲ ਹਨ ਅਤੇ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦਾ ਬਹੁਤ ਘੱਟ ਨੁਕਸਾਨ ਕੀਤਾ ਹੈ ਪਰ ਉਨ੍ਹਾਂ ਦੇ ਆਪਣੇ ਹੀ ਲੋਕ ਉਨ੍ਹਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ। ਜਿਸ ਕਾਰਨ ਅਕਾਲੀ ਦਲ ਨੂੰ ਨੁਕਸਾਨ ਹੋਵੇਗਾ।
22 ਨੂੰ ਰੈਲੀ ਕਰਕੇ ਸਖ਼ਤ ਰੁਖ਼ ਅਖਤਿਆਰ ਕਰਨਗੇ
ਲੰਗਾਹ ਨੇ ਕਿਹਾ ਕਿ ਕੁਝ ਸਥਾਨਕ ਆਗੂ ਹਾਈਕਮਾਂਡ ਨੂੰ ਗੁਮਰਾਹ ਕਰ ਰਹੇ ਹਨ। ਜਿਸ ਕਾਰਨ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਅਜੇ ਵੀ ਉਨ੍ਹਾਂ ਨਾਲ ਸੰਪਰਕ ਨਾ ਕੀਤਾ ਤਾਂ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇੰਨਾ ਹੀ ਨਹੀਂ ਉਨ੍ਹਾਂ 22 ਤਰੀਕ ਨੂੰ ਵੱਡੀ ਰੈਲੀ ਕਰਕੇ ਸਖ਼ਤ ਰੁਖ਼ ਅਪਣਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਅਗਰ ਅਕਾਲੀ ਦਲ ਨਹੀਂ ਪੁੱਛਣਗੇ ਅਤੇ ਫੈਸਲਾ ਲੈਣਗੇ ਕਿ ਇਹਨਾਂ ਨਾਲ ਰਹਿਣਾ ਹੈ ਯਾ ਨਹੀਂ ਇਨ੍ਹਾਂ ਨੂੰ ਅਸੀ ਆਪਣੀ ਪਾਵਰ ਦੱਸਾਂਗੇ।