ਭਗਵੰਤ ਮਾਨ ਨੇ ਕਿਹਾ, ਅਸੀਂ ਤੁਹਾਡੇ ਵਰਗੇ ਆਮ ਲੋਕ ਹੀ ਹਾਂ, ਇਸ ਲਈ ਅਸੀਂ ਤੁਹਾਡੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਸਾਡੇ ਉਮੀਦਵਾਰ ਨੂੰ ਜਿਤਾਓ, ਉਹ ਸੰਸਦ ਵਿੱਚ ਤੁਹਾਡੀ ਆਵਾਜ਼ ਬੁਲੰਦ ਕਰਨਗੇ
ਅਸੀਂ ਪੰਜਾਬ ਦੇ 90 ਫ਼ੀਸਦੀ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕੀਤੇ, ਇਲਾਜ ਲਈ ਆਮ ਆਦਮੀ ਕਲੀਨਿਕ ਬਣਾਏ ਅਤੇ ਆਮ ਘਰਾਂ ਦੇ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ – ਭਗਵੰਤ ਮਾਨ
ਮੈਂ ਹਰ ਰੋਜ਼ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਂ ਕਿਸੇ ਵੀ ਅਜਿਹੀ ਫਾਈਲ ‘ਤੇ ਦਸਤਖ਼ਤ ਨਾ ਕਰਾਂ, ਜਿਸ ਨਾਲ ਪੰਜਾਬ ਦੇ ਕਿਸੇ ਵੀ ਘਰ ਦਾ ਚੁੱਲ੍ਹਾ ਬੁਝ ਜਾਵੇ – ਭਗਵੰਤ ਮਾਨ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੀ ਟੋਨ ਬਦਲੀ, ਚੋਣਾਂ ਦੇ ਪਹਿਲੇ ਪੜਾਅ ‘ਚ ਹੀ ਲੋਕ ਬਦਲ ਗਏ, ਇੰਡੀਆ ਗੱਠਜੋੜ 102 ਸੀਟਾਂ ‘ਚੋਂ 60 ਤੋਂ 65 ਸੀਟਾਂ ‘ਤੇ ਜਿੱਤ ਰਿਹਾ ਹੈ-ਭਗਵੰਤ ਮਾਨ
10 ਸਾਲਾਂ ਤੋਂ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਉਹ ਅੱਜ ਵੀ ਮੰਗਲ-ਸੂਤਰ ਦੇ ਨਾਮ ‘ਤੇ ਵੋਟਾਂ ਮੰਗ ਰਹੇ ਹਨ – ਭਗਵੰਤ ਮਾਨ
ਜਲੰਧਰ ‘ਚ ਸੁਸ਼ੀਲ ਰਿੰਕੂ ‘ਤੇ ਮਾਨ ਨੇ ਕਿਹਾ- ਪੰਜਾਬ ਨੂੰ ਧੋਖਾ ਦੇਣ ਵਾਲੇ ਦੀ ਜ਼ਮਾਨਤ ਜ਼ਬਤ ਕਰਵਾ ਦਿਓ
ਜਲੰਧਰ/ਚੰਡੀਗੜ੍ਹ, 26 ਅਪ੍ਰੈਲ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਸ਼ਾਮ ਜਲੰਧਰ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ਪਵਨ ਕੁਮਾਰ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾ ਕੇ ਰਾਸ਼ਟਰੀ ਪੱਧਰ ‘ਤੇ ਪਹਿਚਾਣ ਦਿਵਾਈ, ਪਰ ਲਾਲਚ ਅਤੇ ਸਵਾਰਥ ਕਾਰਨ ਉਨ੍ਹਾਂ ਨੇ ਪਾਰਟੀ ਅਤੇ ਜਲੰਧਰ ਦੇ ਲੋਕਾਂ ਨਾਲ ਧੋਖਾ ਕੀਤਾ। ਮਾਨ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨਾਲ ਧੋਖਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾਉਣ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇਹ ਪਾਰਟੀ ਸਾਧਾਰਨ ਘਰਾਂ ਦੇ ਲੋਕਾਂ ਨੂੰ ਐਮਪੀ, ਐਮਐਲਏ, ਮੰਤਰੀ ਅਤੇ ਮੁੱਖ ਮੰਤਰੀ ਬਣਨ ਦਾ ਮੌਕਾ ਦਿੰਦੀ ਹੈ। ਅਸੀਂ ਵੀ ਤੁਹਾਡੇ ਵਰਗੇ ਆਮ ਲੋਕ ਹਾਂ। ਤੁਹਾਡੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ। ਉਹ ਸੰਸਦ ਵਿੱਚ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਹੱਕਾਂ ਲਈ ਲੜਨਗੇ।
ਮਾਨ ਨੇ ਕਿਹਾ ਕਿ ਅਸੀਂ ਪਿਛਲੇ ਦੋ ਸਾਲਾਂ ਵਿਚ ਕੀਤੇ ਕੰਮਾਂ ਦੇ ਆਧਾਰ ‘ਤੇ ਇਸ ਚੋਣ ਵਿਚ ਤੁਹਾਡੀਆਂ ਵੋਟਾਂ ਮੰਗ ਰਹੇ ਹਾਂ | ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਹੈ ਤਾਂ ਸਾਨੂੰ ਵੋਟ ਦਿਓ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਦੋ ਸਾਲਾਂ ਵਿੱਚ ਪੰਜਾਬ ਵਿੱਚ ਏਨਾ ਕੰਮ ਕਰ ਦਿੱਤਾ ਹੈ ਜੋ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਨਹੀਂ ਕੀਤਾ।
ਅਸੀਂ ਪੰਜਾਬ ਦੇ ਆਮ ਲੋਕਾਂ ਲਈ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਾ ਪ੍ਰਬੰਧ ਕੀਤਾ ਹੈ। ਅੱਜ ਪੰਜਾਬ ਦੇ 90 ਫ਼ੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਦੇ ਇਲਾਜ ਲਈ 850 ਆਮ ਆਦਮੀ ਕਲੀਨਿਕ ਖੋਲ੍ਹੇ ਅਤੇ ਆਮ ਘਰਾਂ ਦੇ 43000 ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਹਰ ਰੋਜ਼ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਂ ਅਜਿਹੀ ਕਿਸੇ ਫਾਈਲ ‘ਤੇ ਦਸਤਖ਼ਤ ਨਾ ਕਰਾਂ ਜਿਸ ਨਾਲ ਪੰਜਾਬ ਦੇ ਕਿਸੇ ਵੀ ਘਰ ਦਾ ਚੁੱਲ੍ਹਾ ਬੁਝ ਜਾਵੇ।
ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਆਪਣੇ ਬਿਆਨਾਂ ਨਾਲ ਦੇਸ਼ ਵਿੱਚ ਫ਼ਿਰਕੂ ਤਣਾਅ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਬਹੁਤ ਮੰਦਭਾਗੀ ਗੱਲ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜਾਤ, ਧਰਮ ਅਤੇ ਮੰਗਲ-ਸੂਤਰ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰ ਚੁਣਨ ਲਈ ਹੀ ਨਹੀਂ ਹੈ, ਬਲਕਿ ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ। ਜੇਕਰ ਭਾਜਪਾ ਇਸ ਵਾਰ ਜਿੱਤ ਜਾਂਦੀ ਹੈ ਤਾਂ ਦੇਸ਼ ਵਿੱਚ ਮੁੜ ਕਦੇ ਚੋਣਾਂ ਨਹੀਂ ਹੋਣਗੀਆਂ। ਇਹ ਰੂਸ ਅਤੇ ਚੀਨ ਵਰਗੇ ਦੇਸ਼ ਵਿੱਚ ਇੱਕ ਪਾਰਟੀ ਸਿਸਟਮ ਲਾਗੂ ਕਰਨਗੇ ਅਤੇ ਤੁਹਾਡੇ ਵੋਟ ਦੇ ਅਧਿਕਾਰ ਨੂੰ ਵੀ ਖੋਹ ਲੈਣਗੇ। ਇਸ ਲਈ ਇਸ ਵਾਰ ਭਾਜਪਾ ਨੂੰ ਹਰਾਉਣਾ ਬਹੁਤ ਹੀ ਜ਼ਰੂਰੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪੰਜਾਬ ਆਪਸੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਨਫ਼ਰਤ ਦੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ। ਇਸ ਵਾਰ ਵੀ ਅਸੀਂ ਇਕੱਠੇ ਹੋ ਕੇ ਨਫ਼ਰਤ ਦੀ ਰਾਜਨੀਤੀ ਨੂੰ ਹਰਾਵਾਂਗੇ।
ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਸੰਬੰਧ ਵਿਚ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ (ਟੀਨੂੰ) ਨੇ ਅਕਾਲੀ ਦਲ ਨਹੀਂ ਛੱਡਿਆ, ਸਗੋਂ ਅਕਾਲੀ ਦਲ ਨੇ ਹੀ ਇਹਨਾਂ ਨੂੰ ਛੱਡਿਆ ਹੈ, ਕਿਉਂਕਿ ਜਦੋਂ ਕੰਮ ਦੀ ਗੱਲ ਆਈ ਤਾਂ ਪਾਰਟੀ ਨੇ ਇਹਨਾਂ ਨੂੰ ਵਰਤਿਆ ਅਤੇ ਜਦੋਂ ਮਿਹਨਤ ਦਾ ਫਲ ਦੇਣ ਦੀ ਗੱਲ ਆਉਂਦੀ ਹੈ ਤਾਂ ਚਾਚਾ, ਭਤੀਜੇ, ਜੀਜੇ ਅਤੇ ਸਾਲੇ ਅੱਗੇ ਹੋ ਫਲ ਲੈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਟੀਨੂੰ ਨੇ ਵੀ ਇੱਕ ਆਮ ਪਰਿਵਾਰ ਵਿੱਚੋਂ ਸਿਆਸਤ ਵਿੱਚ ਆ ਕੇ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿੱਤਾਂ ਦਿਓ, ਉਹ ਲੋਕ ਸਭਾ ਵਿਚ ਜਲੰਧਰ ਦੇ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ।