ਭਾਜਪਾ 5 ਅਤੇ ਅਕਾਲੀ 8 ਤੇ ਲੜਣਗੇ ਚੋਣ, ਪਟਿਆਲਾ ਅਤੇ ਜਲੰਧਰ ਸੀਟ ਵੀ ਗਈਆਂ ਭਾਜਪਾ ਦੇ ਕੋਟੇ
ਚੰਡੀਗੜ੍ਹ, 11 ਮਾਰਚ 2024 (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਫਾਈਨਲ ਹੋ ਗਿਆ ਹੈ ਅਤੇ ਇਸ ਸਬੰਧੀ ਆਖ਼ਰੀ ਤੇ ਅਹਿਮ ਮੀਟਿੰਗ ਦਿੱਲੀ ਵਿਖੇ 13 ਮਾਰਚ ਨੂੰ ਹੋਣ ਜਾ ਰਹੀ ਹੈ। ਜੇਕਰ ਸੱਭ ਕੁਝ ਠੀਕ ਰਿਹਾ ਤਾਂ 13 ਮਾਰਚ ਨੂੰ ਹੀ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਗੱਠਜੋੜ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 12 ਮਾਰਚ ਨੂੰ ਹੀ ਦਿੱਲੀ ਲਈ ਰਵਾਨਾ ਹੋ ਜਾਣਗੇ। ਇਸ ਲਈ ਉਮੀਦ ਲਾਈ ਜਾ ਰਹੀ ਹੈ ਕਿ 13 ਮਾਰਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਪੰਜਾਬ ਵਿੱਚ ਅਹਿਮ ਦਿਨ ਹੋਵੇਗਾ। ਪਰ ਇਸ ਦੇ ਬਾਵਜੂਦ ਹਾਲੇ ਤੱਕ ਗਠਜੋੜ ਨੂੰ ਲੈ ਕੇ ਪੂਰੀ ਤਰ੍ਹਾਂ ਸ਼ੰਕੇ ਬਰਕਰਾਰ ਹਨ। ਜਿਸ ਦੀ ਵਜਿਹ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲ੍ਹੀ ਬਰਸੀ ਤੇ ਕਿਸੇ ਵੱਡੀ ਲੀਡਰਸ਼ਿਪ ਦਾ ਨਾ ਆਉਣਾ ਅਤੇ ਸੁਖਬੀਰ ਬਾਦਲ ਵੱਲੋਂ ਪੰਜਾਬ ਪ੍ਰਧਾਨ ਸੁਨੀਲ ਜਾਖੜ੍ਹ ਦੀ ਮੌਜੂਦਗੀ ਵਿੱਚ ਅਕਾਲੀ ਏਕਤਾ ਦੀ ਅਪੀਲ ਤਾਂ ਕੀਤੀ ਗਈ, ਪਰ ਅਜੇ ਤੱਕ ਗਠਜੋੜ ਬਾਰੇ ਕੋਈ ਸ਼ਬਦ ਨਾ ਬੋਲਿਆ ਗਿਆ। ਹਾਲਾਂਕਿ ਜਾਖੜ੍ਹ ਗੱਲਾ ਗੱਲਾ ਵਿੱਚ ਸੰਕੇਤ ਦੇ ਗਏ। ਬਾਕਿ ਭਵਿੱਖ ਦੇ ਗਰਭ ਵਿੱਚ ਕੀ ਹੈ ਇਸ ਲਈ ਇੰਤਜਾਰ ਕਰਨਾ ਪਵੇਗਾ।
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਦੋਵਾਂ ਪਾਰਟੀਆਂ ਵਿੱਚ ਹੁਣ ਤੱਕ ਹੋਈਆਂ ਮੀਟਿੰਗਾਂ ਵਿੱਚ ਲਗਭਗ ਫੈਸਲਾ ਹੋ ਗਿਆ ਹੈ ਅਤੇ ਹੁਣ ਇਸ ਦਾ ਵੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਪੰਜਾਬ ਵਿੱਚ ਹੁਣ ਤੱਕ ਸਿਰਫ਼ 3 ਲੋਕ ਸਭਾ ਸੀਟਾਂ ‘ਤੇ ਚੋਣ ਲੜਦੀ ਆਈ ਭਾਰਤੀ ਜਨਤਾ ਪਾਰਟੀ ਇਸ ਵਾਰ 5 ਲੋਕ ਸਭਾ ਸੀਟਾਂ ‘ਤੇ ਚੋਣਾਂ ਲੜੇਗੀ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇਲਾਵਾ ਇਸ ਵਾਰ ਭਾਜਪਾ ਦੇ ਕੋਟੇ ਵਿੱਚ ਪਟਿਆਲਾ ਅਤੇ ਜਲੰਧਰ ਵੀ ਸ਼ਾਮਲ ਹੋ ਗਈ ਹੈ। ਪਟਿਆਲਾ ਅਤੇ
ਜਲੰਧਰ ਤੋਂ ਭਾਜਪਾ ਇਸ ਗੱਠਜੋੜ ਵਿੱਚ ਪਹਿਲੀ ਵਾਰ ਆਪਣੇ ਉਮੀਦਵਾਰ ਉਤਾਰਨ ਜਾ ਰਹੀ ਹੈ। ਹੁਣ ਤੱਕ ਇਹ ਦੋਵਾਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਟੇ ਵਿੱਚ ਹੀ ਰਹੀਆਂ ਹਨ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਸ ਵਾਰ 7 ਸੀਟਾਂ ਚਾਹੁੰਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ 7 ਸੀਟਾਂ ਦੇਣ ਨੂੰ ਤਿਆਰ ਨਹੀਂ ਸੀ। ਭਾਰਤੀ ਜਨਤਾ ਪਾਰਟੀ ਵੱਲੋਂ ਸੰਗਰੂਰ ਸੀਟ ਦੀ ਵੀ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਲਈ ਮੰਗੀ ਜਾ ਰਹੀ ਸੀ ਪਰ ਢੀਂਡਸਾ ਪਰਿਵਾਰ ਦੀ ਇਸ ਪਾਰਟੀ ਦਾ ਰਲੇਵਾਂ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਹੁਣ ਇਸ ਸੀਟ ਨੂੰ ਵੀ ਅਕਾਲੀ ਦਲ ਨੂੰ ਛੱਡਣ ਲਈ ਤਿਆਰ ਹੋ ਗਈ ਹੈ। ਇਸ ਕਾਰਨ ਹੀ 7 ਸੀਟਾਂ ਦੀ ਮੰਗ ਕਰ ਰਹੀ ਭਾਜਪਾ ਇਸ ਸਮੇਂ 5 ਸੀਟਾਂ ਲਈ ਸਹਿਮਤ ਗਈ ਹੈ। ਭਾਜਪਾ ਪਹਿਲਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ
ਸੀਟਾਂ ‘ਤੇ ਚੋਣ ਲੜਦੀ ਆਈ ਹੈ ਤਾਂ ਇਸ ਵਾਰ ਪਟਿਆਲਾ ਅਤੇ ਜਲੰਧਰ ਸੀਟ ਵੀ ਭਾਜਪਾ ਦੇ ਕੋਟੇ ਵਿੱਚ ਸ਼ਾਮਲ ਹੋ ਗਈ ਹੈ। ਹਾਲਾਂਕਿ ਇਨ੍ਹਾਂ ਸੀਟਾਂ ਸਬੰਧੀ ਆਖ਼ਰੀ ਜਾਣਕਾਰੀ ਦੋਵਾਂ ਪਾਰਟੀਆਂ ਵੱਲੋਂ ਐਲਾਨ ਕਰਨ ਮੌਕੇ ਹੀ ਮਿਲ ਸਕੇਗੀ ਪਰ ਦੋਵਾਂ ਪਾਰਟੀਆਂ ਦੇ ਸੂਤਰ ਇਨ੍ਹਾਂ ਸੀਟਾਂ ਦੀ ਵੰਡ ਬਾਰੇ ਪੁਸ਼ਟੀ ਕਰ ਰਹੇ ਹਨ।
ਇੱਥੇ ਦੱਸਣਯੋਗ ਹੈ ਕਿ 3 ਸਾਲ ਪਹਿਲਾਂ ਕਿਸਾਨ ਅੰਦੋਲਨ ਕਰਕੇ ਗੱਠਜੋੜ ਟੁੱਟ ਗਿਆ ਸੀ । ਕੇਂਦਰੀ ਮੰਤਰੀ ਮੰਡਲ ਤੋਂ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਵੀ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਦੋਵਾਂ ਪਾਰਟੀਆਂ ਦੇ ਰਿਸ਼ਤੇ ਵਿਚ ਨਰਾਜ਼ਗੀ ਹੀ ਆਉਂਦੀ ਰਹੀ ਅਤੇ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਵਿਰੋਧ ਵਿੱਚ ਹੀ ਚੋਣਾਂ ਨੂੰ ਲੜੀਆਂ ਗਿਆ ਸੀ। ਅਕਾਲੀ ਅਤੇ ਭਾਜਪਾ ਦੀ ਵੋਟ ਵੰਡ ਜਾਣ ਕਰਕੇ ਦੋਵਾਂ ਪਾਰਟੀਆਂ ਦੇ ਜ਼ਿਆਦਾਤਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ 3 ਤੇ ਭਾਜਪਾ ਦੇ 2 ਉਮੀਦਵਾਰਾਂ ਨੂੰ ਹੀ ਜਿੱਤ ਹਾਸਲ ਹੋਈ ਸੀ।
ਜਿਸ ਤੋਂ ਬਾਅਦ ਦੋਵਾਂ ਪਾਰਟੀਆਂ ਨੂੰ ਇਸ ਗੱਠਜੋੜ ਦੇ ਟੁੱਟਣ ਦਾ ਵੀ ਅਹਿਸਾਸ ਹੋਇਆ ਸੀ। ਇਸੇ ਕਾਰਨ ਇਨ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਦੋਵਾਂ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਤੋਂ ਲੈ ਕੇ ਪਾਰਟੀ ਲੀਡਰਸ਼ਿਪ ਵੀ ਇਹ ਚਾਹੁੰਦੀ ਹੈ ਕਿ ਮੁੜ ਤੋਂ ਦੋਵਾਂ ਪਾਰਟੀਆਂ ਦਾ ਗੱਠਜੋੜ ਹੋ ਜਾਵੇ।
ਪਿਛਲੇ ਕੁਝ ਮਹੀਨਿਆਂ ਤੋਂ ਚਲ ਰਹੀ ਮੀਟਿੰਗਾਂ ਤੋਂ ਬਾਅਦ ਹੁਣ ਦੋਵਾਂ ਪਾਰਟੀਆਂ ਦੀ ਆਖਰੀ ਦੌਰ ਦੀ ਗੱਲਬਾਤ ਚੱਲ ਰਹੀ ਹੈ ਅਤੇ ਹੁਣ 13 ਮਾਰਚ ਨੂੰ ਦਿੱਲੀ ਵਿਖੇ ਮੀਟਿੰਗ ਹੋਣੀ ਹੈ, ਜਿਸ ਵਿੱਚ ਕੋਈ ਵੱਡਾ ਐਲਾਨ ਹੋ ਸਕਦਾ ਹੈ।
ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਾਲੇ ਤੱਕ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਹੋਏ ਅਤੇ ਨਾ ਹੀ ਬੰਦੀ ਸਿੰਘਾ ਦੀ ਰਿਹਾਈ ਦਾ ਮਸਲਾ ਹੱਲ ਹੋਈਆ ਹੈ, ਜਿਸ ਤੇ ਅਕਾਲੀ ਦਲ ਫੋਕਸ ਕਰ ਰਿਹਾ ਸੀ। ਹਰਸਿਮਰਤ ਬਾਦਲ ਵੱਲੋਂ ਬੀਤੇ ਸਮੇਂ ਸੰਸਦ ਵਿੱਚ ਬੰਦੀ ਸਿੰਘਾਂ ਅਤੇ ਖਾਸ ਕਰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮਸਲੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤਿੱਖੇ ਜੁਆਬ ਨੇ ਦੋਹਾਂ ਪਾਰਟੀਆਂ ਅੰਦਰ ਵੱਧੇ ਮਤਭੇਦ ਉਜਾਗਰ ਕੀਤੇ ਸਨ। ਜਿਸ ਕਾਰਨ ਕਈ ਸ਼ੰਕੇ ਹਾਲੇ ਤੱਕ ਬਣੇ ਹੋਏ ਹਨ। ਇਸੇ ਤਰ੍ਹਾਂ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲ੍ਹੀ ਬਰਸੀ ਤੇ ਜੇ ਪੀ ਨੱਡਾ ਯਾਂ ਅਮਿਤ ਸ਼ਾਹ ਦਾ ਨਾ ਆਉਣਾ ਅਤੇ ਸੁਖਬੀਰ ਬਾਦਲ ਵੱਲੋਂ ਭਾਜਪਾ ਨੇਤਾਵਾਂ ਦੀ ਮੌਜੂਦਗੀ ਵਿੱਚ ਅਕਾਲੀ ਏਕਤਾ ਦੀ ਅਪੀਲ ਤਾ ਕੀਤੀ ਗਈ ਪਰ ਅਜੇ ਤੱਕ ਗਠਜੋੜ ਬਾਰੇ ਕੋਈ ਸ਼ਬਦ ਨਾ ਬੋਲਿਆ ਗਿਆ।