ਪੰਜਾਬ ਰਾਜਨੀਤੀ

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਸਮਾਜਿਕ, ਆਰਥਿਕ ਤੇ ਸਿਆਸੀ ਨਿਆਂ ਦੇਣਾ ਯਕੀਨੀ ਬਣਾਉਣ ਵਾਸਤੇ ਪੂਰਨ ਪੰਥਕ ਤੇ ਪੰਜਾਬੀ ਏਕੇ ਦਾ ਸੱਦਾ

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਸਮਾਜਿਕ, ਆਰਥਿਕ ਤੇ ਸਿਆਸੀ ਨਿਆਂ ਦੇਣਾ ਯਕੀਨੀ ਬਣਾਉਣ ਵਾਸਤੇ ਪੂਰਨ ਪੰਥਕ ਤੇ ਪੰਜਾਬੀ ਏਕੇ ਦਾ ਸੱਦਾ
  • PublishedMarch 10, 2024

ਹਜ਼ਾਰਾਂ ਲੋਕਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ’ਤੇ ਭਰੀ ਹਾਜ਼ਰੀ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਰਹੂਮ ਅਕਾਲੀ ਆਗੂ ਨੂੰ ਦਿੱਤੀ ਸ਼ਰਧਾਂਜਲੀ

ਬਾਦਲ, 10 ਮਾਰਚ 2024 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਨੂੰ ਸਮਾਜਿਕ, ਆਰਥਿਕ ਤੇ ਸਿਆਸੀ ਨਿਆਂ ਮਿਲਣਾ ਯਕੀਨੀ ਬਣਾਉਦ ਵਾਸਤੇ ਪੂਰਨ ਪੰਥਕ ਤੇ ਪੰਜਾਬੀ ਏਕੇ ਦਾ ਸੱਦਾ ਦਿੱਤਾ ਤੇ ਕਿਹਾ ਕਿ ਪੰਜਾਬੀਆਂ ਨੂੰ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੇ ਅਗਲੇ ਦੌਰ ਵਿਚ ਲਿਜਾਣ ਵਾਸਤੇ ਅਜਿਹਾ ਬਹੁਤ ਜ਼ਰੂਰੀ ਹੈ।

ਇਥੇ ਪੰਜ ਵਾਰ ਦੇ ਮੁੱਖ ਮੰਤਰੀ ਤੇ ਘਾਗ ਅਕਾਲੀ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁਖੀ ਨੇ ਪੰਜਾਬ ਵਿਚ ਲੋਕ ਪੱਖੀ ਸਰਕਾਰ ਦੇ ਅਧੀਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਸਿਧਾਂਤਾਂ ਪ੍ਰਤੀ ਮੁੜ ਸਮਰਪਣ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਬੇਸ਼ੱਕ ਬਾਦਲ ਸਾਹਿਬ ਬਣਨਾ ਅਸੰਭਵ ਹੈ ਪਰ ਮੈਂ ਤੁਹਾਨੂੰ ਭਰੋਸਾ ਦੁਆਉਂਦਾ ਹਾਂ ਕਿ ਕੌਮ ਤੇ ਪੰਜਾਬ ਲਈ ਉਹਨਾਂ ਵਾਂਗ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।

ਮਰਹੂਮ ਮੁੱਖ ਮੰਤਰੀ ਬਾਰੇ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਸਾਹਿਬ ਰਾਸ਼ਟਰਪ੍ਰਸਤ ਸਨ, ਸੱਚੇ ਲੋਕਤੰਤਰੀ ਤੇ ਧਰਮ ਨਿਰਪੱਖ ਸਨ। ਉਹਨਾਂ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਭ ਨੂੰ ਨਾਲ ਲਿਆ। ਉਹਨਾਂ ਨੇ ਕਦੇ ਵੀ ਕਿਸੇ ਖਿਲਾਫ ਸਿਆਸੀ ਬਦਲਾਖੋਰੀ ਨਹੀਂ ਕੀਤੀ ਬਲਕਿ ਹਮੇਸ਼ਾ ਆਪਣੇ ਸਿਆਸੀ ਵਿਰੋਧੀਆਂ ਦਾ ਵੀ ਸਨਮਾਨ ਕੀਤਾ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਬਾਦਲ ਹਮੇਸ਼ਾ ਲੋਕਾਂ ਨਾਲ ਜੁੜੇ ਰਹੇ ਤੇ ਸਰਗਰਮ ਰਾਜਨੀਤੀ ਤੋਂ ਕਿਨਾਰਾ ਕਰਨ ਦੇ ਬਾਵਜੂਦ ਉਹ ਸਮਾਜਿਕ ਕਾਰਜਾਂ ਵਿਚ ਜੁਟੇ ਰਹੇ।

ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਬਾਦਲ ਸਾਹਿਬ ਦੀ ਹਲੀਮੀ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸਰਦਾਰ ਬਾਦਲ ਵਿਕਾਸ ਪੁਰਸ਼ ਸਨ ਤੇ ਸੁਹਿਰਦ ਰਾਜਨੇਤਾ ਸਨ ਜਿਹਨਾਂ ਨੇ ਪੰਜਾਬ ਵਿਚ ਇਕ ਦਹਾਕੇ ਰਹੇ ਮਾੜੇ ਹਾਲਾਤਾਂ ਤੋਂ ਬਾਅਦ ਭਾਜਪਾ ਨਾਲ ਸਾਂਝ ਪਾ ਕੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਤੇ ਆਪਸੀ ਸਾਂਝ ਲਿਆਂਦੀ। ਉਹਨਾਂ ਕਿਹਾ ਕਿ ਮੈਂ ਉਹਨਾਂ ਦੀ ਭਾਵਨਾ ਨੂੰ ਸਲੂਟ ਕਰਦਾ ਹਾਂ। ਸ੍ਰੀ ਜਾਖੜ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ਹਮੇਸ਼ਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਤੇ ਸੰਘਵਾਦ ਦੀ ਵਕਾਲਤ ਕੀਤੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਸਾਰੀਆਂ ਸਿਆਸੀ ਪਾਰਟੀਆਂ ਮਹਿਸੂਸ ਕਰ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸਭ ਨੂੰ ਇਕ ਮੰਚ ’ਤੇ ਆਪਣੀ ਦੀ ਅਪੀਲ ਕਰਦੇ ਹਨ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੇ ਮਨਸੂਬਿਆਂ ਤੋਂ ਵੀ ਸੁਚੇਤ ਰਹਿਣ ਦਾ ਸੱਦਾ ਦਿੱਤਾ।

ਬਰਸੀ ਸਮਾਗਮ ਵਿਚ ਵਿਲੱਖਣ ਸਿਆਸੀ ਆਮ ਸਹਿਮਤੀ ਵੇਖਣ ਨੂੰ ਮਿਲੀ ਤੇ ਸਾਰੇ ਬੁਲਾਰਿਆਂ ਨੇ ਸਰਸਦਾਰ ਪ੍ਰਕਾਸ਼ ਸਿੰਘ ਬਾਦਲ ਦੇ ਯੋਗਦਾਨ ਤੇ ਸ਼ਖਸੀਅਤ ਦੀ ਰਜਵੀਂ ਸ਼ਲਾਘਾ ਕੀਤੀ। ਇਨੈਲੋ ਦੇ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਬਾਦਲ ਸਾਹਿਬ ਨੇ ਪੰਜਾਬੀਆਂ ਦੀ ਭਲਾਈ ਵਾਸਤੇ ਇਕ ਦਹਾਕੇ ਤੋਂ ਵੱਧ ਦੀ ਜੇਲ੍ਹ ਕੱਟੀ। ਉਹਨਾਂ ਨੇ ਹਮੇਸ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਡੱਟ ਕੇ ਕੰਮ ਕੀਤਾ ਤੇ ਉਹਨਾਂ ਦਾ ਜੀਵਨ ਸੰਵਾਰਿਆ। ਉਹਨਾਂ ਕਿਹਾ ਕਿ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਆਦਰਸ਼ਾਂ ’ਤੇ ਚੱਲਾਂਗੇ ਅਤੇ ਲੋਕਾਂ ਦਾ ਜੀਵਨ ਸੰਵਾਰਨ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਰਹਾਂਗੇ।

ਜਨ ਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਰਾਜਨੀਤੀ ਦਾ ਨੈਲਸਨ ਮੰਡੇਲਾ ਕਰਾਰ ਦਿੱਤਾ। ਹਰਿਆਣਾ ਦੇ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਸਰਦਾਰ ਬਾਦਲ ਨੂੰ ਪਵਿੱਤਰ ਆਤਮਾ ਕਰਾਰ ਦਿੱਤਾ।

ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਿਧਾਂਤਾਂ ਦੀ ਰਾਖੀ ਕੀਤੀ ਜਾਵੇ ਅਤੇ ਦੱਸਿਆ ਕਿ ਕਿਵੇਂ ਹੁਣ ਇਹ ਜ਼ਿੰਮੇਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੋਢਿਆਂ ’ਤੇ ਆ ਗਈ ਹੈ। ਸੀ ਪੀ ਆਈ ਆਗੂ ਸਰਦਾਰ ਬੰਤ ਸਿੰਘ ਬਰਾੜ ਨੇ ਸਰਦਾਰ ਬਾਦਲ ਵੱਲੋਂ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਾਏ ਯੋਗਦਾਨ ’ਤੇ ਚਾਨਣਾ ਪਾਇਆ ਅਤੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣ, ਸੂਬੇ ਦੇ ਦਰਿਆਈ ਪਾਣੀਆਂ ਦੀ ਰਾਖੀ ਕਰਨ ਤੇ ਬੰਦੀ ਸਿੰਘਾਂ ਲਈ ਨਿਆਂ ਲੈਣ ਵਰਗੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਇਕਜੁੱਟ ਹੋਣ।

ਸੀ ਪੀ ਐਮ ਦੇ ਆਗੂ ਸਰਦਾਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਲੋਕ ਸੇਵਾ ਹਮੇਸ਼ਾ ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਫਰ ਦਾ ਧੁਰਾ ਰਿਹਾ। ਉਹਨਾਂ ਨੇ ਨੌਜਵਾਨ ਦੇ ਵਿਦੇਸ਼ਾਂ ਵਿਚ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਤੇ ਨਸ਼ਿਆਂ ਦੇ ਖ਼ਾਤਮੇ ਲਈ ਯਤਨ ਕਰਨ ਦਾ ਵੀ ਸੱਦਾ ਦਿੱਤਾ।

ਇਸ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਰਧਾਂਜਲੀ ਸਮਾਗਮ ਵਿਚ ਸ਼ਮੂਨੀਅਤ ਕੀਤੀ।

Written By
The Punjab Wire