ਖੇਡ ਸੰਸਾਰ ਪੰਜਾਬ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ
  • PublishedFebruary 18, 2024

ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਪਹਿਲੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਸ਼ਿਪ

ਖੇਡ ਮੰਤਰੀ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 18 ਫਰਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤਣ ਵਾਲੇ ਅਥਲੀਟਾਂ ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਚੈਂਪੀਅਨ ਬਣੀ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।

ਤਹਿਰਾਨ ਵਿਖੇ ਚੱਲ ਰਹੀ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ ਮੁਕਾਬਲੇ ਅਤੇ ਹਰਮਿਲਨ ਬੈਂਸ ਨੇ 1500 ਮੀਟਰ ਵਿੱਚ ਸੋਨ ਤਮਗ਼ੇ ਜਿੱਤਿਆ। ਤੇਜਿੰਦਰ ਤੂਰ ਨੇ 19.72 ਮੀਟਰ ਗੋਲਾ ਸੁੱਟ ਕੇ ਨਵਾਂ ਕੌਮੀ ਰਿਕਾਰਡ ਵੀ ਬਣਾਇਆ। ਆਪਣੇ ਸ਼ਾਨਦਾਰ ਖੇਡ ਕਰੀਅਰ ਵਿੱਚ ਤੂਰ ਇਸ ਤੋਂ ਪਹਿਲਾਂ ਵਾਰ ਦੋ ਵਾਰ ਏਸ਼ੀਅਨ ਗੇਮਜ਼ ਅਤੇ ਤਿੰਨ ਵਾਰ ਏਸ਼ੀਅਨ ਚੈਂਪੀਂਅਨਸ਼ਿਪ ਵਿੱਚ ਵੀ ਸੋਨ ਤਮਗ਼ਾ ਜਿੱਤ ਚੁੱਕੇ ਹਨ।1500 ਮੀਟਰ ਵਿੱਚ 4.29.55 ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਣ ਵਾਲੀ ਹਰਮਿਲਨ ਨੇ ਪਿਛਲੇ ਸਾਲ ਏਸ਼ੀਅਨ ਗੇਮਜ਼ ਵਿੱਚ ਦੋ ਚਾਂਦੀ ਦੇ ਤਮਗ਼ੇ ਜਿੱਤੇ ਸਨ।

ਦੂਜੇ ਪਾਸੇ ਮਲੇਸ਼ੀਆ ਵਿਖੇ ਬੈਡਮਿੰਟਨ ਏਸ਼ੀਅਨ ਟੀਮ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਫ਼ਾਈਨਲ ਵਿੱਚ ਥਾਈਲੈਂਡ ਨੂੰ 3-2 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਏਸ਼ੀਅਨ ਚੈਂਪੀਅਨਸ਼ਿਪ ਜਿੱਤੀ ਹੈ। ਪੰਜਾਬ ਦੀ ਤਨਵੀ ਸ਼ਰਮਾ ਇਸ ਟੀਮ ਦੀ ਮੈਂਬਰ ਹੈ।

ਖੇਡ ਮੰਤਰੀ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਖੇਡਾਂ ਦੇ ਖੇਤਰ ਵਿੱਚ ਸਾਡੇ ਖਿਡਾਰੀਆਂ ਦੇ ਨਿਰੰਤਰ ਚੰਗੇ ਨਤੀਜੇ ਆ ਰਹੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਪੰਜਾਬ ਨੇ ਅਜਿਹੀ ਖੇਡ ਨੀਤੀ ਬਣਾਈ ਹੈ ਕਿ ਜਿਸ ਨਾਲ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰੀ ਲਈ ਨਗਦ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਖਿਡਾਰੀਆਂ ਨੂੰ ਨਗਦ ਇਨਾਮ ਵੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਲ ਖਿਡਾਰੀਆਂ ਲਈ ਸਭ ਤੋਂ ਅਹਿਮ ਹੈ ਕਿਉਂਕਿ ਅਗਸਤ ਮਹੀਨੇ ਪੈਰਿਸ ਵਿਖੇ ਓਲੰਪਿਕ ਖੇਡਾਂ ਹੋਣੀਆਂ ਹੈ। ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਪੰਜਾਬ ਦੇ ਹਰ ਖਿਡਾਰੀ ਨੂੰ 15 ਲੱਖ ਰੁਪਏ ਤਿਆਰੀ ਲਈ ਮਿਲਣਗੇ।

Written By
The Punjab Wire