Close

Recent Posts

ਖੇਡ ਸੰਸਾਰ ਪੰਜਾਬ

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ
  • PublishedNovember 14, 2023

ਪੈਰਾਮਾਊਂਟ ਕਰੀਅਰ ਕੋਸਟ ਵੱਲੋਂ ਨਿਸ਼ਾਨੇਬਾਜ਼ ਸਿਫ਼ਤ ਸਮਰਾ ਦਾ ਸਨਮਾਨ

ਏਸ਼ੀਅਨ ਗੇਮਜ਼ ਚੈਂਪੀਅਨ ਨਿਸ਼ਾਨੇਬਾਜ਼ ਨੇ ਲੜਕੀਆਂ ਨੂੰ ਖੇਡਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਆ

ਫਰੀਦਕੋਟ, 14 ਨਵੰਬਰ 2023 (ਦੀ ਪੰਜਾਬ ਵਾਇਰ)। ‘‘ਏਸ਼ੀਅਨ ਗੇਮਜ਼ ਦੀ ਪ੍ਰਾਪਤੀ ਨੇ ਮੈਨੂੰ ਅੱਗੇ ਵਧਣ ਲਈ ਹੋਰ ਪ੍ਰੇਰਿਆ ਹੈ ਅਤੇ ਹੁਣ ਮੇਰਾ ਅਗਲਾ ਨਿਸ਼ਾਨਾ ਸਾਲ 2024 ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਉਣਾ ਹੈ ਜਿਸ ਲਈ ਮੈਂ ਆਪਣੀ ਪੂਰੀ ਵਾਹ ਲਾਵਾਂਗੀ।’’ ਇਹ ਗੱਲ ਵਿਸ਼ਵ ਰਿਕਾਰਡ ਬਣਾ ਕੇ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਸੋਨੇ ਤੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਨਿਸ਼ਾਨੇਬਾਜ਼ ਸਿਫ਼ਤ ਸਮਰਾ ਨੇ ਆਪਣੇ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਹੀ।

ਇੱਥੇ ਪੈਰਾਮਾਊਂਟ ਕਰੀਅਰ ਕੋਸਟ ਵੱਲੋਂ ਇਲਾਕੇ ਦੀਆਂ ਪ੍ਰਸਿੱਧ ਧਾਰਮਿਕ, ਸਮਾਜਿਕ, ਵਿਦਿਅਕ ਤੇ ਵਾਤਾਵਰਣ ਪੱਖੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਨਿਸ਼ਾਨੇਬਾਜ਼ ਸਿਫ਼ਤ ਸਮਰਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰ ਦੀਆਂ ਉਘੀਆ ਹਸਤੀਆਂ ਦੀ ਹਾਜ਼ਰੀ ਵਿੱਚ ਸਿਫ਼ਤ ਸਮਰਾ ਨਾਲ ਰੂਬਰੂ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਇਸ ਮਾਣਮੱਤੀ ਨਿਸ਼ਾਨੇਬਾਜ਼ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ।

ਸਿਫ਼ਤ ਸਮਰਾ ਨੇ ਕੁੜੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਦਾ ਸੱਦਾ ਦਿੰਦਿਆਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਅੱਗੇ ਵੱਧਣ ਲਈ ਹੁਲਾਰਾ ਦੇਣ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਜਾਰੀ ਰੱਖਣੀਆਂ ਕੋਈ ਔਖੀ ਗੱਲ ਨਹੀਂ। ਸਿਫ਼ਤ ਦੇ ਪਿਤਾ ਪਵਨਦੀਪ ਸਿੰਘ ਸਮਰਾ ਨੇ ਖੇਡ ਦੀ ਸ਼ੁਰੂਆਤ ਵਿੱਚ ਆਈਆਂ ਔਕੜਾਂ ਤੋਂ ਲੈ ਕੇ ਖੇਡ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਦਸਮੇਸ਼ ਇੰਸਟੀਚਿਊਸ਼ਨਜ਼ ਫਰੀਦਕੋਟ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਨੇ ਸਿਫ਼ਤ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹ ਸਾਡੀਆਂ ਬੱਚੀਆਂ ਲਈ ਚਾਨਣ ਮੁਨਾਰਾ ਹੈ। ਪੈਰਾਮਾਊਂਟ ਕਰੀਅਰ ਕੋਸਟ ਦੇ ਸੀ.ਈ.ਓ. ਇੰਜਨੀਅਰ ਮਨਿੰਦਰ ਸਿੰਘ ਨੇ ਕਿਹਾ ਕਿ ਸਿਫ਼ਤ ਨੇ ਫਰੀਦਕੋਟ ਦਾ ਨਾਮ ਇਕ ਵਾਰ ਫੇਰ ਖੇਡਾਂ ਦੀ ਦੁਨੀਆਂ ਵਿੱਚ ਰੌਸ਼ਨ ਕਰਕੇ ਸਮੁੱਚੇ ਸ਼ਹਿਰ ਦਾ ਮਾਣ ਵਧਾਇਆ ਹੈ।

ਖੇਡ ਲਿਖਾਰੀ ਤੇ ਲੋਕ ਸੰਪਰਕ ਅਫਸਰ ਨਵਦੀਪ ਸਿੰਘ ਗਿੱਲ ਨੇ ਸਿਫ਼ਤ ਦੇ ਪੂਰੇ ਖੇਡ ਸਫ਼ਰ ਉਤੇ ਚਾਨਣਾ ਪਾਉਂਦਿਆਂ ਪਹਿਲੇ ਨੈਸ਼ਨਲ ਮੈਡਲ ਤੋਂ ਵਿਸ਼ਵ ਕੱਪ ਅਤੇ ਏਸ਼ੀਅਨ ਗੇਮਜ਼ ਤੱਕ ਦੀ ਪ੍ਰਾਪਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਫ਼ਤ ਰਾਈਫ਼ਲ ਈਵੈਂਟ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਨਿਸ਼ਾਨੇਬਾਜ਼ ਹੈ।

ਸਿਫ਼ਤ ਸਮਰਾ ਨੂੰ ਸਨਮਾਨ ਵਿੱਚ ਸ਼ਾਲ, ਮਾਣ ਪੱਤਰ, ਰਾਈਫ਼ਲ ਦਾ ਸ਼ੋਅਪੀਸ, ਪੁਸਤਕਾਂ ਦਾ ਸੈੱਟ ਵਿੱਚ ਜਿਸ ਵਿੱਚ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਤੇ ਅਭਿਨਵ ਬਿੰਦਰਾ ਦੀ ਜੀਵਨੀ ਸ਼ਾਮਲ ਸੀ, ਭੇਂਟ ਕੀਤਾ। ਸੇਵ ਹਿਊਮੈਨਿਟੀ ਫਾਊਡੇਸ਼ਨ ਦੇ ਪ੍ਰਧਾਨ ਸ਼ਿਵਜੀਤ ਸਿੰਘ ਸੰਘਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੈਰਾਮਾਊਂਟ ਕਰੀਅਰ ਕੋਸਟ ਦੇ ਐਮ.ਡੀ. ਗੁਰਭੇਜ ਸਿੰਘ ਸੰਧੂ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿਫ਼ਤ ਸਮਰਾ ਵੱਲੋਂ ਹਰੀ ਨੌਂ ਪਿੰਡ ਦੀ ਨਵਦੀਪ ਕੌਰ ਸਿੱਧੂ ਜੋ ਕੈਨੇਡਾ ਵਿਖੇ ਉਚੇਰੀ ਸਿੱਖਿਆ ਲਈ ਜਾ ਰਹੀ ਹੈ, ਨੂੰ ਵੀਜ਼ਾ ਪ੍ਰਦਾਨ ਕੀਤਾ ਗਿਆ।

ਇਸ ਮੌਕੇ ਬਾਬਾ ਫ਼ਰੀਦ ਜੀ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਕਾਰਜਕਾਰੀ ਚੇਅਰਮੈਨ ਡਾ. ਗੁਰਿੰਦਰ ਮੋਹਨ ਸਿੰਘ ਐਕਟਿੰਗ ਚੇਅਰਮੈਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਕਰਮਜੀਤ ਸਿੰਘ ਹਰਦਿਆਲੇਆਣਾ, ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾੲਟੀ ਦੇ ਮੁੱਖ ਸੇਵਾਦਾਰ ਮੱਘਰ ਸਿੰਘ, ਸੀਰ ਵਾਤਾਵਰਣ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਢਿੱਲੋਂ, ਪੰਜਾਬੀ ਲੇਖਿਕਾ ਅਤੇ ਚਾਈਲਡ ਵੈੱਲਫੇਅਰ ਕਮੇਟੀ ਅਤੇ ਜੂਵੀਨਾਈਲ ਬੋਰਡ ਦੇ ਮੈਂਬਰ ਤੇਜਿੰਦਰਪਾਲ ਕੌਰ ਮਾਨ, ਏ.ਐੱਸ.ਆਈ. ਬਲਜਿੰਦਰ ਕੌਰ, ਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਅੰਤਰ-ਰਾਸ਼ਟਰੀ ਪਾਵਰ ਲਿਫਟਰ ਨੇਹਾ ਖਾਨ, ਫਿਲਮ ਅਭਿਨੇਤਾ ਅਤੇ ਫੋਟੋਗ੍ਰਾਫਰ ਪ੍ਰਿੰਸ ਬਰਾੜ, ਨਾਮਵਰ ਲੇਖਕ ਰਾਜਪਾਲ ਸਿੰਘ, ਲੈਕਚਰਾਰ ਸੁਮਨਪ੍ਰੀਤ ਕੌਰ ਢਿੱਲੋਂ, ਗਗਨ ਸੰਧੂ ਅਤੇ ਸਰਗੁਣ ਕੌਰ ਹਾਜ਼ਰ ਸਨ।

Written By
The Punjab Wire