ਗੁਰਦਾਸਪੁਰ ਪੰਜਾਬ ਰਾਜਨੀਤੀ

ਪਿੰਡ ਸਰਾਵਾਂ ਦੀ ਪੰਚਾਇਤ ਆਮ ਆਦਮੀ ਪਾਰਟੀ ਵਿਚ ਹੋਈ ਸ਼ਾਮਿਲ, ਚੇਅਰਮੈਨ ਰਮਨ ਬਹਿਲ ਨੇ ਕੀਤਾ ਸਵਾਗਤ

ਪਿੰਡ ਸਰਾਵਾਂ ਦੀ ਪੰਚਾਇਤ ਆਮ ਆਦਮੀ ਪਾਰਟੀ ਵਿਚ ਹੋਈ ਸ਼ਾਮਿਲ, ਚੇਅਰਮੈਨ ਰਮਨ ਬਹਿਲ ਨੇ ਕੀਤਾ ਸਵਾਗਤ
  • PublishedOctober 23, 2023

ਲੋਕ ਪੱਖੀਆਂ ਨੀਤੀਆਂ ਤੋਂ ਖੁਸ਼ ਹੋ ਕੇ ‘ਆਪ’ ‘ਚ ਸ਼ਾਮਿਲ ਹੋ ਰਹੇ ਹਨ ਸਾਰੇ ਵਰਗਾਂ ਦੇ ਲੋਕ-ਰਮਨ ਬਹਿਲ

ਗੁਰਦਾਸਪੁਰ, 24 ਅਕਤੂਬਰ 2023 (ਦੀ ਪੰਜਾਬ ਵਾਇਰ)। ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਹਲਕਾ ਇੰਚਾਰਜ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਸਰਾਵਾਂ ਦੀ ਪੰਚਾਇਤ ਤੇ ਪਿੰਡ ਦੇ ਕਈ ਕਾਂਗਰਸੀ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਨਾਂ ਪਰਿਵਾਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਪਿੰਡ ਸਰਾਵਾਂ ਵਿਚ ਕਰਵਾਏ ਸਮਾਗਮ ਦੌਰਾਨ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨਾਂ ਨੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਅਤੇ ਪੰਚ ਗੁੱਡ ਮਸੀਹ, ਗੁਰਮੀਤ ਸਿੰਘ, ਰਣਬੀਰ ਸਿੰਘ ਪੰਚਾਂ ਅਤੇ ਮੱਖਣ ਸਿੰਘ, ਹਰਪ੍ਰੀਤ ਸਿੰਘ, ਮੁਲਖਾ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ, ਮੰਗਲ ਸਿੰਘ ਸਮੇਤ ਅਨੇਕਾਂ ਮੋਹਤਬਰਾਂ ਨੂੰ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਅਤੇ ਨਾਲ ਹੀ ਉਨਾਂ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਪਾਰਟੀ ਵਿਚ ਉਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।

ਇਸ ਮੌਕੇ ਚੇਅਰਮੈਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਵੱਡੇ ਕਦਮ ਚੁੱਕੇ ਹਨ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਵੀ ਪੂਰੇ ਕੀਤੇ ਹਨ ਜਿਸ ਕਾਰਨ ਅੱਜ ਵਿਰੋਧੀ ਪਾਰਟੀ ਦੇ ਲੋਕ, ਪੰਚ ਤੇ ਸਰਪੰਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੋਰ ਰਵਾਇਤੀ ਪਾਰਟੀਆਂ ਵਾਂਗ ਬਦਲਾਖੋਰੀ ਤੇ ਨਿੱਜੀ ਮੁਫਾਦਾਂ ਵਾਲੀ ਰਾਜਨੀਤੀ ਨਹੀਂ ਕੀਤੀ ਸਗੋਂ ਪੰਜਾਬ ਦੇ ਗੰਭੀਰ ਮਸਲੇ ਹੱਲ ਕਰਦੇ ਹੋਏ ਨਸ਼ਾ, ਭ੍ਰਿਸ਼ਟਾਚਾਰ ਅਤੇ ਬੇਰੁਜਗਾਰੀ ਨੂੰ ਖਤਮ ਕਰਨ ਵਾਲੀਆਂ ਨੀਤੀਆਂ ‘ਤੇ ਕੰਮ ਕੀਤਾ ਹੈ ਜਿਸ ਕਾਰਨ ਅੱਜ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।

ਇਸ ਮੌਕੇ ਆਪ ਵਿਚ ਸ਼ਾਮਿਲ ਹੋਏ ਸਰਪੰਚ, ਪੰਚ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਦੀ ਇਮਾਨਦਾਰੀ ਅਤੇ ਮਿਹਨਤੀ ਸੁਭਾਅ ਦਾ ਕੋਈ ਵੀ ਬਦਲ ਨਹੀਂ ਹੈ ਅਤੇ ਉਨਾਂ ਨੇ ਬਹਿਲ ਵੱਲੋਂ ਹਲਕੇ ਅੰਦਰ ਸਿਆਸੀ ਪੱਖਪਾਤ ਤੋਂ ਉਪਰ ਉਠ ਕੇ ਕਰਵਾਏ ਜਾ ਰਹੇ ਕੰਮਾਂ ਅਤੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਦੇਖਦਿਆਂ ਪਾਰਟੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਹੁਣ ਉਹ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ। ਇਸ ਮੌਕੇ ਸਾਬਕਾ ਚੇਅਰਮੈਨ ਕੇਸ਼ਵ ਬਹਿਲ, ਬਲਾਕ ਪ੍ਰਧਾਨ ਦਲੇਰ ਸਿੰਘ, ਮਲਕੀਤ ਸਿੰਘ, ਗੁਰਵਿੰਦਰ ਸਿੰਘ ਵਿਕੀ, ਦਰਸ਼ਨ ਸਿੰਘ, ਪ੍ਰਦੁਮਣ ਸਿੰਘ, ਮੋਹਨ ਸਿੰਘ, ਅਤੇ ਹਰਦੇਵ ਸਿੰਘ ਆਦਿ ਮੌਜੂਦ ਸਨ।

Written By
The Punjab Wire