ਖੇਡ ਮੰਤਰੀ ਮੀਤ ਹੇਅਰ ਨੇ ਭਾਰਤੀ ਖੇਡ ਦਲ ਤੇ ਪੰਜਾਬੀ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ੍ਹ, 8 ਅਕਤੂਬਰ 2023 (ਦੀ ਪੰਜਾਬ ਵਾਇਰ)। ਹਾਂਗਜ਼ੂ ਵਿਖੇ ਅੱਜ ਸੰਪੰਨ ਹੋਈਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਖਿਡਾਰੀਆਂ ਨੇ ਜਿੱਥੇ ਆਪਣਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 28 ਸੋਨੇ, 38 ਚਾਂਦੀ ਤੇ 41 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 107 ਤਮਗ਼ੇ ਜਿੱਤ ਕੇ ਤਮਗ਼ਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਉੱਥੇ ਪੰਜਾਬ ਦੇ 33 ਖਿਡਾਰੀਆਂ ਨੇ ਵੀ ਏਸ਼ੀਅਨ ਗੇਮਜ਼ ਦੇ 72 ਵਰ੍ਹਿਆਂ ਦੇ ਸਾਰੇ ਰਿਕਾਰਡ ਤੋੜਦਿਆਂ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 19 ਤਮਗ਼ੇ ਜਿੱਤੇ।
ਏਸ਼ਿਆਈ ਖੇਡਾਂ ਦੇ 72 ਵਰ੍ਹਿਆਂ ਦੇ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਮਗ਼ੇ 1951 ਵਿੱਚ ਨਵੀਂ ਦਿੱਲੀ ਅਤੇ 1962 ਵਿੱਚ ਜਕਾਰਤਾ ਏਸ਼ੀਅਨ ਗੇਮਜ਼ ਵਿੱਚ 7-7 ਸੋਨ ਤਮਗ਼ੇ ਜਿੱਤੇ ਸਨ ਅਤੇ ਇਸ ਵਾਰ ਇਹ ਰਿਕਾਰਡ ਤੋੜਦਿਆਂ ਪੰਜਾਬ ਦੇ ਖਿਡਾਰੀਆਂ ਨੇ 8 ਸੋਨ ਤਮਗ਼ੇ ਜਿੱਤ ਲਏ। ਇਸ ਤੋਂ ਇਲਾਵਾ ਪੰਜਾਬੀ ਖਿਡਾਰੀਆਂ ਨੇ ਕੁੱਲ ਸਭ ਤੋਂ ਵੱਧ 15 ਤਮਗ਼ੇ 1951 ਵਿੱਚ ਨਵੀਂ ਦਿੱਲੀ ਵਿਖੇ ਜਿੱਤੇ ਸਨ।ਇਸ ਵਾਰ ਇਹ ਵੀ ਰਿਕਾਰਡ ਤੋੜਦਿਆਂ ਕੁੱਲ 19 ਤਮਗ਼ੇ ਜਿੱਤੇ ਹਨ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਏਨੀਆਂ ਗੇਮਜ਼ ਵਿੱਚ ਭਾਰਤੀ ਖੇਡ ਦਲ ਤੇ ਪੰਜਾਬੀ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਦੇ ਵੱਡੇ ਮੰਚ ਉੱਤੇ ਸਾਡੇ ਖਿਡਾਰੀਆਂ ਨੇ ਆਪਣੀ ਮਿਹਨਤ ਬਲਬੂਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਇਸ ਵਾਰ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਗਏ 48 ਪੰਜਾਬੀ ਖਿਡਾਰੀਆਂ ਨੂੰ ਤਿਆਰੀ ਲਈ ਪ੍ਰਤੀ ਖਿਡਾਰੀ 8 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 4.64 ਕਰੋੜ ਰੁਪਏ ਦਿੱਤੇ ਗਏ।
ਮੀਤ ਹੇਅਰ ਨੇ ਏਸ਼ੀਅਨ ਗੇਮਜ਼ ਵਿੱਚ ਤਮਗ਼ੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਦਾ ਜਿੱਤਿਆ।ਸੋਨ ਤਮਗ਼ਾ ਜਿੱਤਣ ਵਾਲਿਆਂ ਵਿੱਚ ਹਰਮਨਪ੍ਰੀਤ ਕੌਰ (ਕਪਤਾਨ), ਕਨਿਕਾ ਆਹੂਜਾ ਤੇ ਅਮਨਜੋਤ ਕੌਰ ਨੇ ਮਹਿਲਾ ਕ੍ਰਿਕਟ, ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ, ਅਰਜੁਨ ਸਿੰਘ ਚੀਮਾ ਤੇ ਜ਼ੋਰਾਵਾਰ ਸਿੰਘ ਸੰਧੂ ਨੇ ਨਿਸ਼ਾਨੇਬਾਜ਼ੀ, ਪ੍ਰਨੀਤ ਕੌਰ ਨੇ ਤੀਰਅੰਦਾਜ਼ੀ, ਹਰਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ (ਵਾਈਸ ਕਪਤਾਨ), ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ ਬੱਲ, ਕ੍ਰਿਸ਼ਨ ਬਹਾਦਰ ਪਾਠਕ ਤੇ ਸੁਖਜੀਤ ਸਿੰਘ ਨੇ ਪੁਰਸ਼ ਹਾਕੀ ਅਤੇ ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ ਨੇ ਪੁਰਸ਼ ਕ੍ਰਿਕਟ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।
ਚਾਂਦੀ ਦੇ ਤਮਗ਼ੇ ਜਿੱਤਣ ਵਾਲਿਆਂ ਵਿੱਚ ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ਵਿੱਚ ਦੋ ਚਾਂਦੀ ਅਤੇ ਜਸਵਿੰਦਰ ਸਿੰਘ ਨੇ ਰੋਇੰਗ ਵਿੱਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। ਧਰੁਵ ਕਪਿਲਾ ਨੇ ਬੈਡਮਿੰਟਨ ਟੀਮ ਤੇ ਰਾਜੇਸ਼ਵਰੀ ਕੁਮਾਰੀ ਵਿੱਚ ਟਰੈਪ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।
ਕਾਂਸੀ ਦੇ ਤਮਗ਼ੇ ਜਿੱਤਣ ਵਾਲਿਆਂ ਵਿੱਚ ਵਿਜੈਵੀਰ ਸਿੱਧੂ ਨੇ ਨਿਸ਼ਾਨੇਬਾਜ਼ੀ, ਸਤਨਾਮ ਸਿੰਘ, ਸੁਖਮੀਤ ਸਿੰਘ ਤੇ ਚਰਨਜੀਤ ਸਿੰਘ ਨੇ ਰੋਇੰਗ, ਮੰਜੂ ਰਾਣੀ ਨੇ ਪੈਦਲ ਦੌੜ ਅਤੇ ਸਿਮਰਨਜੀਤ ਕੌਰ ਨੇ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ।