ਖੇਡ ਸੰਸਾਰ ਗੁਰਦਾਸਪੁਰ

ਗੁਰਦਾਸਪੁਰ ਜ਼ਿਲ੍ਹੇ ਦੇ ਅੰਮ੍ਰਿਤਬੀਰ ਸਿੰਘ ਨੇ 1 ਮਿੰਟ ਵਿੱਚ 20 ਪਾਊਂਡ ਭਾਰ ਚੱਕ ਕੇ ਤੇ 86 ਪੁਸ਼ ਅਪਸ ਕਰਕੇ ਬਰੂਸ ਲੀ ਦਾ ਰਿਕਾਰਡ ਤੋੜ ਕੇ ਬਣਾਇਆ ਆਪਣਾ ਵਿਸ਼ਵ ਰਿਕਾਰਡ

ਗੁਰਦਾਸਪੁਰ ਜ਼ਿਲ੍ਹੇ ਦੇ ਅੰਮ੍ਰਿਤਬੀਰ ਸਿੰਘ ਨੇ 1 ਮਿੰਟ ਵਿੱਚ 20 ਪਾਊਂਡ ਭਾਰ ਚੱਕ ਕੇ ਤੇ 86 ਪੁਸ਼ ਅਪਸ ਕਰਕੇ ਬਰੂਸ ਲੀ ਦਾ ਰਿਕਾਰਡ ਤੋੜ ਕੇ ਬਣਾਇਆ ਆਪਣਾ ਵਿਸ਼ਵ ਰਿਕਾਰਡ
  • PublishedAugust 31, 2023

ਬਰੂਸ ਲੀ ਦਾ ਰਿਕਾਰਡ ਤੋੜਨ ਵਾਲੇ ਅੰਮ੍ਰਿਤਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਧਾਈ ਦਿੱਤੀ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਮ੍ਰਿਤਬੀਰ ਸਿੰਘ ਨੂੰ ਜ਼ਿਲ੍ਹੇ ਦਾ ਯੂਥ ਆਇਕਾਨ ਨਿਯੁਕਤ ਕਰਨ ਦੀ ਕੀਤੀ ਜਾਵੇਗੀ ਸ਼ਿਫ਼ਾਰਸ਼ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 31 ਅਗਸਤ 2023 ( ਦੀ ਪੰਜਾਬ ਵਾਇਰ) ।ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਾਵਾਲ ਦੇ 21 ਸਾਲਾ ਨੌਜਵਾਨ ਅੰਮ੍ਰਿਤਬੀਰ ਸਿੰਘ ਨੇ 1 ਮਿੰਟ ਵਿੱਚ 20 ਪਾਊਂਡ ਭਾਰ ਚੱਕ ਕੇ ਉਂਗਲਾਂ ਦੇ ਭਾਰ `ਤੇ 86 ਪੁਸ਼ ਅਪਸ ਕਰਕੇ ਬਰੂਸ ਲੀ ਦਾ ਰਿਕਾਰਡ ਤੋੜ ਕੇ ਆਪਣਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਗਿਨੀਜ਼ ਵਰਲਡ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਅੰਮ੍ਰਿਤਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਧਾਈ ਦਿੱਤੀ ਹੈ ਅਤੇ ਉਸਦੀ ਇਸ ਪ੍ਰਾਪਤੀ ਉੱਪਰ ਮਾਣ ਜ਼ਾਹਰ ਕੀਤਾ ਹੈ।

ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣੇ ਇਸ ਨੌਜਵਾਨ ਅੰਮ੍ਰਿਤਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਆਪਣੇ ਦਫ਼ਤਰ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਇਸ ਮਾਣਮੱਤੀ ਪ੍ਰਾਪਤੀ ਲਈ ਉਸਨੂੰ ਮੁਬਾਰਕਬਾਦ ਦਿੱਤੀ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅੰਮ੍ਰਿਤਬੀਰ ਸਿੰਘ ਨੇ ਆਪਣੀ ਫਿਟਨੈਸ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਗੱਭਰੂ ਦੁਨੀਆਂ ਭਰ ਵਿਚੋਂ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਬੀਰ ਸਿੰਘ ਤੋਂ ਪ੍ਰੇਰਨਾ ਲੈ ਕੇ ਹੋਰ ਨੌਜਵਾਨ ਵੀ ਆਪਣੀ ਸਿਹਤ ਵੱਲ ਧਿਆਨ ਦੇ ਕੇ ਸਿਹਤਮੰਦ, ਰੰਗਲਾ ਤੇ ਖੁਸ਼ਹਾਲ ਪੰਜਾਬ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੇ ਇਸ ਪੱਤਰ ਉੱਪਰ ਮਾਣ ਹੈ ਅਤੇ ਅਸੀਂ ਇਸਦਾ ਨਾਮ ਜ਼ਿਲ੍ਹਾ ਆਇਕਾਨ ਵਜੋਂ ਸ਼ਿਫ਼ਾਰਸ਼ ਕਰਕੇ ਭੇਜ ਰਹੇ ਹਾਂ। ਉਨ੍ਹਾਂ ਨੇ ਅੰਮ੍ਰਿਤਬੀਰ ਸਿੰਘ ਨੂੰ ਰੌਸ਼ਨ ਭਵਿੱਖ ਲਈ ਸ਼ੁਭ-ਕਾਮਨਾਵਾਂ ਵੀ ਦਿੱਤੀਆਂ।

ਆਪਣੇ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਉਸਦਾ ਪਿੰਡ ਉਮਰਵਾਲਾ, ਡੇਰਾ ਬਾਬਾ ਨਾਨਕ-ਬਟਾਲਾ ਰੋਡ ’ਤੇ ਸਥਿਤ ਹੈ ਅਤੇ ਉਹ ਖ਼ਾਲਸਾ ਕਾਲਜ ਅਮ੍ਰਿਤਸਰ ਵਿਖੇ ਬੀ.ਏ. ਭਾਗ ਤੀਸਰਾ ਦਾ ਵਿਦਿਆਰਥੀ ਹੈ। ਅੰਮ੍ਰਿਤਬੀਰ ਸਿੰਘ ਦੱਸਦਾ ਹੈ ਕਿ ਉਸਨੇ 12ਵੀਂ ਜਮਾਤ ਵਿੱਚ ਪੜ੍ਹਦਿਆਂ ਉਸਨੇ ਆਪਣੀ ਫਿਟਨੈਸ ਉੱਪਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਕਦੀ ਵੀ ਜਿੰਮ ਜੁਆਇੰਨ ਨਹੀਂ ਕੀਤਾ ਅਤੇ ਉਹ ਆਪਣੇ ਘਰ ਹੀ ਡੰਡ-ਬੈਠਕਾਂ ਮਾਰ ਕੇ ਅਭਿਆਸ ਕਰਦਾ ਹੈ। ਇਸ ਲਈ ਉਸਦੇ ਪਿਤਾ ਸ. ਨਿਸ਼ਾਨ ਸਿੰਘ ਅਤੇ ਮਾਤਾ ਸ੍ਰੀਮਤੀ ਸਿਮਰਜੀਤ ਕੌਰ ਵੀ ਉਸਨੂੰ ਪੂਰਾ ਉਤਸ਼ਾਹਤ ਕਰਦੇ ਹਨ।

ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਉਂਗਲਾਂ ਦੇ ਸਹਾਰੇ ਇੱਕ ਮਿੰਟ ਵਿੱਚ 45 ਪੁਸ਼ਅਪ ਕਰਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਸੀ। ਇਸਤੋਂ ਬਾਅਦ ਉਸਨੇ ਇੱਕ ਮਿੰਟ ਵਿੱਚ 52 ਸੁਪਰਮੈਨ ਪੁਸ਼ਅਪ ਕਰਕੇ ਲਿਮਕਾ ਬੁੱਕ ਆਫ ਰਿਕਾਡਰਸ ਵਿੱਚ ਵੀ ਆਪਣਾ ਨਾਮ ਦਰਜ ਕਰਵਾਇਆ ਸੀ। ਹੁਣ ਕੁਝ ਦਿਨ ਪਹਿਲਾਂ ਅੰਮ੍ਰਿਤਬੀਰ ਸਿੰਘ ਨੇ 1 ਮਿੰਟ ਵਿੱਚ 20 ਪਾਊਂਡ ਭਾਰ ਚੱਕ ਕੇ ਉਂਗਲਾਂ ਦੇ ਭਾਰ `ਤੇ 86 ਪੁਸ਼ ਅਪਸ ਕਰਕੇ ਬਰੂਸ ਲੀ ਦਾ ਰਿਕਾਰਡ ਤੋੜ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਜਿਸ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡ ਬੁੱਕ ਨੇ ਇਸ ਰਿਕਾਰਡ ਨੂੰ ਦਰਜ ਕੀਤਾ ਹੈ।

ਸੋਸ਼ਲ ਮੀਡੀਆ ਉਪਰ ਵੀ ਅੰਮ੍ਰਿਤਬੀਰ ਸਿੰਘ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਬਣਾਉਣ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ ਉਸ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਇਸ ਹੱਲਾਸ਼ੇਰੀ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ ਵਿਸ਼ਵ ਪ੍ਰਸਿੱਧ ਬਰੂਸ ਲੀ ਨੇ 1 ਮਿੰਟ ਵਿੱਚ 20 ਪਾਊਂਡ ਭਾਰ ਚੱਕ ਕੇ ਉਂਗਲਾਂ ਦੇ ਭਾਰ `ਤੇ 83 ਪੁਸ਼ ਅਪਸ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ ਜੋ ਦਹਾਕਿਆਂ ਤੱਕ ਬਰਕਰਾਰ ਰਿਹਾ। ਆਖਰ ਬਰੂਸ ਲੀ ਦੇ ਇਸ ਵਿਸ਼ਵ ਰਿਕਾਰਡ ਨੂੰ ਗੁਰਦਾਸਪੁਰੀਏ ਨੌਜਵਾਨ ਨੇ ਤੋੜ ਕੇ ਪੰਜਾਬ ਦੀ ਜਵਾਨੀ ਦਾ ਲੋਹਾ ਮਨਵਾਇਆ ਹੈ।

Written By
The Punjab Wire