ਵੋਟਰਾਂ ਦਾ ਕਹਿਣਾ ਕਿ ਮਾਨਸੂਨ ਸੈਸ਼ਨ ਨੂੰ ਛੱਡ ਕੇ ਫ਼ਿਲਮ ਦਾ ਪ੍ਰਚਾਰ ਕਰ ਰਹੇ ਸੰਸਦ ਮੈਂਬਰ ਸੰਨੀ ਦਿਓਲ
ਹੁਣ ਅਦਾਕਾਰਾਂ ਅਤੇ ਬਾਹਰੀ ਉਮੀਦਵਾਰ ਦਾ ਲੱਥਾ ਚਾਅ, ਹੁਣ ਲੋਕਲ ਉਮੀਦਵਾਰ ਦੇ ਹੱਕ ਵਿੱਚ ਉਤਰੇ ਹਲਕਾ ਗੁਰਦਾਸਪੁਰ ਦੇ ਲੋਕ
ਗੁਰਦਾਸਪੁਰ, 5 ਅਗਸਤ 2023 (ਮੰਨਨ ਸੈਣੀ)। ਗਦਰ 2 ਫਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਸਿਰਫ ਅੱਧੇ ਘੰਟੇ ਦਾ ਸਫਰ ਤੈਅ ਕਰਕੇ ਆਪਣੇ ਹਲਕੇ ਗੁਰਦਾਸਪੁਰ ਨਹੀਂ ਪਹੁੰਚ ਰਹੇ। ਉਧਰ ਅਧਿਕਾਰੀਆਂ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਸਾਂਸਦ ਦੇ ਗੁਰਦਾਸਪੁਰ ਆਗਮਨ ਦਾ ਕੋਈ ਵੀ ਫਾਰਮਲ ਸ਼ਡਉਲ ਉਨ੍ਹਾਂ ਤੱਕ ਨਹੀਂ ਪਹੁੰਚਿਆ ਹੈ।
ਆਪਣੇ ਸਾਂਸਦ ਸੰਨੀ ਦਿਓਲ ਦੇ ਹਲਕੇ ਵਿੱਚ ਨਾ ਆਉਣ ਦੀ ਖ਼ਬਰ ਸੁਣ ਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਲਕਾ ਬਟਾਲਾ, ਕਾਦੀਆਂ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਦੀਨਾਨਗਰ, ਭੋਆ, ਪਠਾਨਕੋਟ, ਸੁਜਾਨਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਸਦ ਵਿੱਚ ਗੁਰਦਾਸਪੁਰ ਦੀ ਆਵਾਜ਼ ਬੁਲੰਦ ਕਰਨ ਲਈ ਸੰਸਦ ਮੈਂਬਰ ਚੁਣਿਆ ਸੀ ਪਰ ਸੰਸਦ ਮੈਂਬਰ ਐਕਟਰ ਨਿਕਲਿਆ ਅਤੇ ਗੁਰਦਾਸਪੁਰ ਵਾਸਿਆਂ ਦੀ ਸਾਰ ਨਾ ਲਈ। ਉਨ੍ਹਾਂ ਕਿਹਾ ਕਿ ਉਹਨਾਂ ਗੁਰਦਾਸਪੁਰ ਤੋਂ ਬੜੀ ਆਸਾ ਉਮੀਦਾਂ ਦੇ ਨਾਲ ਭਾਜਪਾ ਵੱਲੋਂ ਬਣਾਏ ਗਏ ਅਦਾਕਾਰ ਉਮੀਦਵਾਰ ਸੰਨੀ ਦਿਓਲ ਨੂੰ ਵੋਟਾਂ ਪਾ ਕੇ ਜਿਤਾਇਆ ਪਰ ਸੰਨੀ ਸਨੀ ਦਿਓਲ ਆਪਣਾ ਕੋਈ ਵੀ ਵਾਅਦਾ ਨਾ ਨਿਭਾ ਪਾਇਆ ਅਤੇ ਇਹਨਾਂ ਵੱਲੋਂ ਬੱਸ ਫਿਲਮਾਂ ਨੂੰ ਹੀ ਤਰਜੀਹ ਦਿੱਤੀ ਗਈ।
ਗੁਰਦਾਸਪੁਰ ਦੇ ਅਮਰਜੋਤ ਸਿੰਘ ਦਾ ਕਹਿਣਾ ਹੈ ਕਿ ਇੱਕ ਪਾਸੇ ਦੇਸ਼ ਦਾ ਅਹਿਮ ਮਾਨਸੂਨ ਸੈਸ਼ਨ ਚੱਲ ਰਿਹਾ ਹੈ, ਜਿੱਥੇ ਸੰਸਦ ਮੈਂਬਰ ਨੂੰ ਹਰ ਰੋਜ਼ ਜਾ ਕੇ ਹਾਜ਼ਰੀ ਦਰਜ ਕਰਵਾਉਂਦੇ ਹੋਏ ਗੁਰਦਾਸਪੁਰ ਦੇ ਮੁੱਦੇ ਚੁੱਕਨੇ ਚਾਹੀਦੇ ਸਨ। ਪਰ ਸੰਸਦ ਮੈਂਬਰ ਮਾਨਸੂਨ ਸੈਸ਼ਨ ਅਤੇ ਗੁਰਦਾਸਪੁਰ ਦੇ ਮੁੱਦਿਆਂ ਨੂੰ ਅਹਿਮੀਅਤ ਨਾ ਦਿੰਦੇ ਹੋਏ ਆਪਣੀ ਫਿਲਮ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਂਸਦ ਦੇ ਪੂਰੇ ਕਾਰਜਕਾਲ ਦੀ ਹਾਜ਼ਰੀ ਵੀ ਨਾਂਹ ਦੇ ਬਰਾਬਰ ਹੈ।
ਬਟਾਲਾ ਵਾਸੀ ਨਰੇਸ਼ ਕੁਮਾਰ ਨੇ ਕਿਹਾ ਕਿ ਹੁਣ ਗੁਰਦਾਸਪੁਰ ਦੇ ਲੋਕ ਅਦਾਕਾਰਾਂ ਅਤੇ ਬਾਹਰਲੇ ਉਮੀਦਵਾਰਾਂ ਤੋਂ ਤੰਗ ਆ ਚੁੱਕੇ ਹਨ। ਹਰ ਪਾਰਟੀ ਨੂੰ ਇਸ ਵਾਰ ਲੋਕਲ ਉਮੀਦਵਾਰ ਜਨਤਾ ਵਿਚਕਾਰ ਖੜ੍ਹੇ ਕਰਨੇ ਚਾਹੀਦੇ ਹਨ। ਜਿਸ ਨੂੰ ਆਪਣੇ ਹਲਕੇ ਬਾਰੇ ਅਤੇ ਹਲਕੇ ਦੀ ਜਰੂਰਤਾਂ ਸਬੰਧੀ ਪੂਰਾ ਗਿਆਨ ਹੋਵੇ। ਹੁਣ ਬਾਹਰੀ ਉਮੀਦਵਾਰਾਂ ਅਤੇ ਅਦਾਕਾਰਾਂ ਤੇ ਗੁਰਦਾਸਪੁਰ ਦੀ ਜਨਤਾ ਵਿਸ਼ਵਾਸ ਨਹੀਂ ਕਰੇਗੀ।
ਗੁਰਦਾਸਪੁਰ ਦੇ ਉਧੋਗਪਤੀ ਹਰਜਿੰਦਰ ਧੰਜਲ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਕੋਈ ਮੈਡੀਕਲ ਕਾਲਜ ਨਹੀਂ ਹੈ, ਗੁਰਦਾਸਪੁਰ-ਮੁਕੇਰੀਆ ਰੇਲਵੇ ਲਾਈਨ ਜੋੜੀ ਜਾ ਸਕਦੀ ਹੈ। ਜਿਸ ਨਾਲ ਕਾਰੋਬਾਰ ਦੇ ਨਾਲ-ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੀ ਸਹੂਲਤ ਮਿਲੇਗੀ। ਮੁਕੇਰੀਆਂ ਤੋਂ ਬਾਅਦ ਕੋਈ ਪਠਾਨਕੋਟ ਤੱਕ ਕੋਈ ਸਟੇਸ਼ਨ ਨਹੀਂ ਹੈ। ਅਗਰ ਇਸ ਲਾਈਨ ਨੂੰ ਗੁਰਦਾਸਪੁਰ ਰਸਤੇ ਜੋੜੀਆ ਜਾਵੇ ਤਾਂ ਗੁਰਦਾਸਪੁਰ, ਦੀਨਾਨਗਰ, ਸਰਨਾ ਦੇ ਲੋਕਾਂ ਨੂੰ ਸਹੁਲਤ ਮਿਲ ਸਕਦੀ ਹੈ ਅਤੇ ਰੇਲਵੇ ਨੂੰ ਵੀ ਫਾਇਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਇੱਕ ਖੇਤੀਬਾੜੀ ਵਾਲਾ ਜ਼ਿਲ੍ਹਾ ਹੈ, ਕੇਂਦਰ ਸਰਕਾਰ ਇੱਥੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰ ਸਕਦੀ ਸੀ। ਪਰ ਇਹ ਸਾਰਾ ਕੰਮ ਸੰਸਦ ਮੈਂਬਰ ਨੇ ਹੀ ਕਰਵਾਉਣਾ ਹੈ, ਜੋ ਨਹੀਂ ਹੋ ਸਕਿਆ।
ਦੂਜੇ ਪਾਸੇ ਧੀਰਜ ਧਵਨ ਨੇ ਕਿਹਾ ਕਿ ਸੈਨਿਕ ਸਕੂਲ ਨੂੰ ਕੇਂਦਰ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਪਰ ਪੈਰਵੀ ਨਾ ਹੋਣ ਕਾਰਨ ਉਹ ਵੀ ਲਟਕ ਰਿਹਾ ਹੈ। ਪਰ ਸੰਸਦ ਮੈਂਬਰ ਆਪਣੀ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।
ਗੌਰਤਲਬ ਹੈ ਕਿ ਪਿਛਲੇ ਕਈ ਸਾਲਾਂ ਤੋਂ ਸੰਸਦ ਮੈਂਬਰ ਨੇ ਹਲਕੇ ਵਿੱਚ ਆਪਣੀ ਹਾਜ਼ਰੀ ਦਰਜ ਨਹੀਂ ਕਰਵਾਈ, ਜਿਸ ਕਾਰਨ ਲੋਕ ਉਨ੍ਹਾਂ ਤੋਂ ਕਾਫੀ ਨਾਰਾਜ਼ ਹਨ। ਇੱਥੋਂ ਤੱਕ ਕਿ ਲਾਪਤਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਵੀ ਪੂਰੇ ਹਲਕੇ ਵਿੱਚ ਲੱਗ ਚੁੱਕੇ ਹਨ। ਪਰ ਸੰਸਦ ਮੈਂਬਰ ਗੁਰਦਾਸਪੁਰ ਨਹੀਂ ਆਏ। ਸੰਸਦ ਵੱਲੋਂ ਗੁਰਦਾਸਪੁਰ ਅੰਦਰ ਵਿਧਾਨਸਭਾ ਦੀਆਂ ਚੌਣਾ ਦੌਰਾਨ ਵੀ ਸਮਹੂਲੀਅਤ ਨਹੀਂ ਕੀਤੀ ਗਈ ਜਿਸਦੇ ਨਤੀਜੇ ਵਜ਼ੋ ਭਾਜਪਾ ਨੂੰ ਬੱਸ ਇਕ ਹੀ ਸੀਟ ਗੁਰਦਾਸਪੁਰ ਹਲਕੇ ਤੋਂ ਮਿਲੀ। ਸਾਂਸਦ ਦੀ ਤਰਫੋਂ ਮਕੋਦਾ ਬੰਦਰਗਾਹ ਬਣਾਉਣ ਦੀ ਗੱਲ ਚੱਲੀ ਸੀ, ਪੁਲ ਅਜੇ ਤੱਕ ਪੂਰਾ ਨਹੀਂ ਹੋਇਆ ਅਤੇ ਹੜ੍ਹਾਂ ਦੌਰਾਨ ਸੱਤ ਪਿੰਡ ਮੁੜ ਭਾਰਤ ਨਾਲੋਂ ਕੱਟੇ ਗਏ। ਸੰਸਦ ਮੈਂਬਰ ਵੱਲੋਂ ਪਠਾਨਕੋਟ ਵਿੱਚ ਰੋਡ ਮੈਪ ਤਿਆਰ ਕਰਨ ਦੇ ਦਾਅਵੇ ਕੀਤੇ ਗਏ ਸਨ, ਤਾਂ ਜੋ ਟਰੈਫਿਕ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਪਰ ਉਹ ਪ੍ਰਾਜੈਕਟ ਵੀ ਲਟਕ ਗਿਆ।