ਖੇਡ ਸੰਸਾਰ ਪੰਜਾਬ

9ਵਾ ੧ਓ ਨੈਸ਼ਨਲ ਗਤਕਾ ਕੱਪ 4-5 ਜੂਨ ਨੂੰ ਸੀਚੇਵਾਲ ਵਿਖੇ ਹੋਵੇਗਾ: ਡਾਕਟਰ ਰਜਿੰਦਰ ਸੋਹਲ

9ਵਾ ੧ਓ ਨੈਸ਼ਨਲ ਗਤਕਾ ਕੱਪ 4-5 ਜੂਨ ਨੂੰ ਸੀਚੇਵਾਲ ਵਿਖੇ ਹੋਵੇਗਾ: ਡਾਕਟਰ ਰਜਿੰਦਰ ਸੋਹਲ
  • PublishedJune 3, 2023

ਮੋਹਾਲੀ , 3 ਜੂਨ 2023 (ਦੀ ਪੰਜਾਬ ਵਾਇਰ )। ਗਤਕੇ ਦੇ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿੱਚ ਸ਼ਾਮਲ ਹੋਣ ਮਗਰੋਂ ਵੱਡੀ ਗਿਣਤੀ ਵਿੱਚ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਬੱਚੇ ਗਤਕੇ ਨਾਲ ਜੁੜ ਰਹੇ ਹਨ। ਇਸੇ ਤਹਿਤ 9ਵਾ ੧ਓ ਨੈਸ਼ਨਲ ਗਤਕਾ ਕੱਪ ਸੀਚੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਮੋਹਾਲੀ ਵਿਖੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਸ਼੍ਰੀਮਾਨ ਸੰਤ ਅਵਤਾਰ ਸਿੰਘ ਸੀਚੇਵਾਲ ਜੀ ਦੀ 35ਵੀ ਸਲਾਨਾ ਬਰਸੀ ਨੂੰ ਸਮਰਪਿਤ 9ਵਾ ੧ਓ ਨੈਸ਼ਨਲ ਗਤਕਾ ਕੱਪ ਨਿਰਮਲ ਕੁਟੀਆ ਪਿੰਡ ਸੀਚੇਵਾਲ ਜਿਲ੍ਹਾ ਜਲੰਧਰ ਵਿਖੇ 4 ਅਤੇ 5 ਜੂਨ ਨੂੰ ਕਰਵਾਇਆ ਜਾ ਰਿਹਾ ਹੈ।

ਸੋਹਲ ਨੇ ਅੱਗੇ ਦੱਸਿਆ ਕਿ ਇਸ ਗਤਕਾ ਕੱਪ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਟੀਮਾਂ ਦੇ ਖਿਡਾਰੀ ਭਾਗ ਲੈਣਗੇ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬ ਦੇ ਪਾਰਲੀਮਾਨੀ ਮਾਮਲਿਆਂ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨਗੇ। ਇਸ ਮੌਕੇ ਡਾਕਟਰ ਸੋਹਲ ਨੇ ਕਿਹਾ ਕਿ ਸਦੀਆਂ ਪਹਿਲਾਂ ਤੋਂ ਆਤਮ ਰੱਖਿਆ ਲਈ ਸਾਡੇ ਗੁਰੂ ਸਾਹਿਬ ਵਲੋਂ ਬਖਸ਼ੀ ਇਸ ਦਾਤ ਨਾਲ ਵੱਧ ਤੋਂ ਵੱਧ ਬੱਚਿਆਂ ਦਾ ਜੁੜਨਾ ਭਵਿੱਖ ਲਈ ਵੀ ਸ਼ੁੱਭ ਸੰਕੇਤ ਹੈ।

ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਵੀ ਇਸ ਵਡਮੁੱਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਗਤਕਾ ਕੱਪ ਸਾਡੇ ਬੱਚਿਆਂ ਨੂੰ ਆਪਣੀ ਵਿਰਾਸਤ ਖੇਡ ਨਾਲ ਜੋੜਨ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਭਾਗ ਲੈਣ ਵਾਲੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

Written By
The Punjab Wire