ਜਲੰਧਰ, 28 ਅਪ੍ਰੈਲ 2023 (ਦੀ ਪੰਜਾਬ ਵਾਇਰ)। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ੁੱਕਰਵਾਰ ਨੂੰ ਜਲੰਧਰ ‘ਚ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਖਹਿਰਾ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਚਲਾਉਣ ਵਾਲਾ ਸੱਤਾ ਦੇ ਨਸ਼ੇ ‘ਚ ਹੈ। ਜਦੋਂ ਵਿਰੋਧੀ ਪਾਰਟੀਆਂ ਆਵਾਜ਼ ਉਠਾਉਂਦੀਆਂ ਹਨ ਤਾਂ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾਂਦੇ ਹਨ।
ਖਹਿਰਾ ਨੇ ਕਿਹਾ ਕਿ ਉਹ ਵਿਰੋਧੀ ਪਾਰਟੀ ਦੇ ਨੇਤਾਵਾਂ ਖਿਲਾਫ ਵਿਜੀਲੈਂਸ ਜਾਂਚ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਕਹਿੰਦੇ ਹਨ ਅਤੇ ਜਦੋਂ ਸੀਬੀਆਈ ਈਡੀ ਉਨ੍ਹਾਂ ਦੇ ਘਰਾਂ ‘ਤੇ ਛਾਪੇਮਾਰੀ ਕਰਦੀ ਹੈ ਤਾਂ ਉਹ ਆਪਣੇ ਆਪ ਨੂੰ ਸਤਾਇਆ ਹੋਇਆ ਦੱਸਦਾ ਹੈ। ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਹੁਣ ਤੱਕ ਜ਼ਮਾਨਤ ਕਿਉਂ ਨਹੀਂ ਮਿਲੀ ਜਦੋਂ ਉਨ੍ਹਾਂ ਨੇ ਹੇਰਾ ਫੇਰੀ ਨਹੀਂ ਕੀਤੀ ਸੀ।
ਇਸ ਦੌਰਾਨ ਖਹਿਰਾ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ‘ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਆਪਣੇ ਇਕ ਰਿਸ਼ਤੇਦਾਰ ਨੂੰ ਵੀ ਨੌਕਰੀ ਦੇਣ ਲਈ ਰੌਲਾ ਪਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਮੰਤਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਿਸ ਨੇ ਆਪਣੇ ਪੁੱਤਰ ਅਤੇ ਜੀਜਾ ਨੂੰ ਕੁਝ ਰੁਪਏ ਵਿਚ ਨੌਕਰੀ ‘ਤੇ ਰੱਖਿਆ ਹੈ। ਖਹਿਰਾ ਨੇ ਕਿਹਾ ਕਿ ਬਸੰਤੀ ਪੱਗ ਅਤੇ ਸ਼ਹੀਦ ਭਗਤ ਸਿੰਘ-ਡਾ ਅੰਬੇਡਕਰ ਦੀ ਫੋਟੋ ਲਗਾ ਕੇ ਉਨ੍ਹਾਂ ਦੇ ਕਦਮਾ ਤੇ ਚੱਲਣ ਵਾਲਿਆ ਨੇ ਪੀਐਸਪੀਸੀਐਲ ਸਹਿਤ ਕਈ ਵਿਭਾਗਾ ਵਿੱਚ ਦਿੱਲੀ, ਰਾਜਸਥਾਨ ਅਤੇ ਹਿਮਾਚਲ ਦੇ ਲੋਕਾਂ ਨੂੰ ਨੌਕਰੀ ਦਿੱਤੀ ਹੈ ਅਤੇ ਪੰਜਾਬ ਵਾਲਿਆਂ ਨੂੰ ਵਿਦੇਸ਼ਾ ਵਿੱਚ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ।
ਅੰਮ੍ਰਿਤਪਾਲ ‘ਤੇ ਐੱਨਐੱਸਏ ਲਗਾਉਣ ਅਤੇ ਆਸਾਮ ‘ਚ ਸੈਂਕੜੇ ਨੌਜਵਾਨਾਂ ਨੂੰ ਜੇਲ੍ਹ ‘ਚ ਡੱਕਣ ‘ਤੇ ਵਿਧਾਇਕ ਨੇ ਕਿਹਾ ਕਿ ਸਰਕਾਰ ਇਨਸਾਫ਼ ਲਈ ਲੜ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਮੇਰੇ ਖਿਲਾਫ ਹੁਣ ਤੱਕ 11 ਕੇਸ ਦਰਜ ਹੋਏ ਹਨ, ਜੋ ਕਿ ਬਾਦਲ, ਕੈਪਟਨ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਦੇਣ ਹੈ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਨਵਾਂ ਮਾਮਲਾ ਭੁਲੱਥ ਦਾ ਹੈ, ਜਿਸ ਦੀ ਗਿਰਦਾਵਰੀ ਨਾ ਹੋਣ ‘ਤੇ ਕਿਸਾਨਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦਫ਼ਤਰ ਅੰਦਰ ਦਾਖ਼ਲ ਹੋ ਕੇ ਐਸਡੀਐਮ ਲਾਈਵ ਹੋ ਕੇ ਡਰਾਉਣ-ਧਮਕਾਉਣ ਦੇ ਦੋਸ਼ਾਂ ਨੂੰ ਗਲਤ ਦੱਸਿਆ। ਸੰਗਰੂਰ ਵਾਂਗ ਜਲੰਧਰ ਦੇ ਲੋਕ ਵੀ ਇਨ੍ਹਾਂ ਨੂੰ ਸਬਕ ਸਿਖਾਉਣਗੇ। ਪਿਛਲੇ ਇੱਕ ਸਾਲ ਦੇ ਕਾਰਜ ਕਾਲ ਅਤੇ ਉਨ੍ਹਾਂ ਦੇ ਝੂਠੇ ਵਾਅਦਿਆਂ ਨੂੰ ਦੇਖ ਕੇ ਹੁਣ ਲੋਕ ਵੀ ਸਮਝ ਗਏ ਹਨ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਸਿਰਫ਼ ਕਾਂਗਰਸ ਹੀ ਸੰਭਾਲ ਸਕਦੀ ਹੈ।