ਖੇਡ ਸੰਸਾਰ ਪੰਜਾਬ ਮੁੱਖ ਖ਼ਬਰ

ਬਟਾਲਾ ਵਿਖੇ ਸਥਾਪਤ ਹੋਵੇਗਾ ਹਾਕੀ ਓਲੰਪੀਅਨ ਸੁਰਜੀਤ ਸਿੰਘ ਦਾ ਵੱਡਾ ਤੇ ਦਰਸ਼ਨੀ ਬੁੱਤ

ਬਟਾਲਾ ਵਿਖੇ ਸਥਾਪਤ ਹੋਵੇਗਾ ਹਾਕੀ ਓਲੰਪੀਅਨ ਸੁਰਜੀਤ ਸਿੰਘ ਦਾ ਵੱਡਾ ਤੇ ਦਰਸ਼ਨੀ ਬੁੱਤ
  • PublishedFebruary 25, 2023

ਗੁਰਦਾਸਪੁਰ, 25 ਫਰਵਰੀ (ਮੰਨਣ ਸੈਣੀ)। ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ (ਬਟਾਲਾ) ਵੱਲੋਂ 26 ਫਰਵਰੀ 2023 ਨੂੰ ਹੰਸਲੀ ਪੁੱਲ ਚੌਕ ਬਟਾਲਾ ਵਿਖੇ ਹਾਕੀ ਦੇ ਮਹਾਨ ਓਲੰਪੀਅਨ ਸਵ. ਸੁਰਜੀਤ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਹੈ। ਜੂਨ 2007 ਵਿੱਚ ਇਸੇ ਥਾਂ ਐਸੋਸੀਏਸ਼ਨ ਵੱਲੋਂ ਇਸੇ ਥਾਂ ਸੁਰਜੀਤ ਸਿੰਘ ਦਾ ਬੁੱਤ ਲਗਾਇਆ ਸੀ ਅਤੇ ਉਦੋਂ ਪਹਿਲੀ ਵਾਰ ਪੰਜਾਬ ਵਿੱਚ ਕਿਸੇ ਖਿਡਾਰੀ ਦਾ ਬੁੱਤ ਲੱਗਿਆ ਸੀ ਅਤੇ ਹਾਕੀ ਦੀ ਦੁਨੀਆ ਵਿੱਚ ਧਿਆਨ ਚੰਦ ਤੋਂ ਬਾਅਦ ਸੁਰਜੀਤ ਸਿੰਘ ਦੂਜਾ ਹਾਕੀ ਖਿਡਾਰੀ ਸੀ ਜਿਸ ਦਾ ਬੁੱਤ ਲਗਾਇਆ ਗਿਆ ਸੀ।

ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰਜੀਤ ਸਪੋਰਟਸ ਐਸੋਸੀਏਸ਼ਨ ਤੇ ਬਟਾਲਾ ਅਥਲੈਟਿਕਸ ਕਲੱਬ ਦੀ ਅਗਵਾਈ ਹੇਠ ਕਮਲਜੀਤ ਖੇਡਾਂ ਦੀ ਪੂਰੀ ਟੀਮ ਸੁਰਜੀਤ ਸਿੰਘ ਦਾ ਨਵਾਂ ਅਤੇ ਪਹਿਲੇ ਬੁੱਤ ਨਾਲ਼ੋਂ ਵੱਡਾ ਅਤੇ ਦਰਸ਼ਨੀ ਬੁੱਤ ਸਥਾਪਤ ਕਰਨ ਜਾ ਰਹੀ ਹੈ ਜੋ ਕਿ ਗੈਰੀ ਆਰਟ ਮੁਹਾਲੀ ਵੱਲੋਂ ਤਿਆਰ ਕੀਤਾ ਗਿਆ ਹੈ।

ਪੰਜਾਬ ਦੇ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਦਾ ਉਦਘਾਟਨ ਕਰਨਗੇ। ਸਮਾਗਮ ਦੀ ਪ੍ਰਧਾਨਗੀ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਉਬਰਾਏ ਕਰਨਗੇ। ਇਸ ਉਪਰੰਤ ਸ਼ਿਵ ਆਡੀਟੋਰੀਅਮ ਵਿਖੇ ਗੁਰਦਾਸਪੁਰ ਜ਼ਿਲਾ ਦੀਆਂ ਸਮੂਹ ਕਲੱਬਾਂ ਤੇ ਖੇਡ ਸੰਸਥਾਵਾਂ ਦੀ ਖੇਡ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਉੱਘੇ ਕਵੀ ਤੇ ਵਿਦਵਾਨ ਪ੍ਰੋ ਗੁਰਭਜਨ ਸਿੰਘ ਗਿੱਲ ਅਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਆਪਣਾ ਪੇਪਰ ਪੜ੍ਹਨਗੇ।

-ਹਾਕੀ ਓਲੰਪੀਅਨ ਸੁਰਜੀਤ ਸਿੰਘ ਦਾ ਸੰਖੇਪ ਵੇਰਵਾ

ਬਟਾਲਾ ਨੇੜਲੇ ਦਾਖਲਾ (ਹੁਣ ਸੁਰਜੀਤ ਸਿੰਘ ਵਾਲਾ) ਵਿਖੇ 10 ਅਕਤੂਬਰ, 1951 ਨੂੰ ਜਨਮੇ ਤੇ ਸਪੋਰਟਸ ਕਾਲਜ ਜਲੰਧਰ ਵਿਖੇ ਪੜ੍ਹਿਆ ਓਲੰਪੀਅਨ ਸੁਰਜੀਤ ਸਿੰਘ 1975 ਵਿੱਚ ਭਾਰਤ ਲਈ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਅਹਿਮ ਮੈਂਬਰ ਸੀ। ਚੋਟੀ ਦਾ ਡਿਫੈਂਡਰ ਤੇ ਪੈਨਲਟੀ ਕਾਰਨਰ ਦਾ ਬਾਦਸ਼ਾਹ ਸੁਰਜੀਤ ਸਿੰਘ 1973 ਵਿੱਚ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਦਾ ਵੀ ਮੈਂਬਰ ਸੀ। ਫ਼ਾਈਨਲ ਵਿੱਚ ਭਾਰਤ ਤਰਫੋਂ ਕੀਤੇ ਦੋਵੇਂ ਗੋਲ ਸੁਰਜੀਤ ਸਿੰਘ ਨੇ ਕੀਤੇ ਸੀ। 1976 ਦੀਆਂ ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਏਸ਼ਿਆਈ ਖੇਡਾਂ ਵਿੱਚ ਦੋ ਵਾਰ ਚਾਂਦੀ ਦਾ ਤਮਗ਼ਾ ਜਿੱਤ ਚੁੱਕਾ ਹੈ। ਸੁਰਜੀਤ ਸਿੰਘ ਨੇ 1974 ਵਿੱਚ ਤਹਿਰਾਨ ਅਤੇ 1978 ਵਿੱਚ ਬੈਂਕਾਕ ਵਿਖੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 1973 ਵਿਚ ਉਸ ਨੂੰ ਵਿਸ਼ਵ ਹਾਕੀ ਇਲੈਵਨ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ 1974 ਵਿੱਚ ਏਸ਼ੀਅਨ ਆਲ-ਸਟਾਰ ਹਾਕੀ ਇਲੈਵਨ ਦਾ ਮੈਂਬਰ ਰਿਹਾ

ਸੁਰਜੀਤ ਸਿੰਘ ਸ਼ੁਰੂਆਤੀ ਸਮੇਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਕੰਬਾਈਨਡ ਯੂਨੀਵਰਸਿਟੀ ਦੀ ਟੀਮ ਲਈ ਫੁੱਲ ਬੈਕ ਵਜੋਂ ਖੇਡਿਆ। ਸੁਰਜੀਤ ਸਿੰਘ ਨੇ ਕੁਝ ਸਾਲਾਂ ਲਈ ਇੰਡੀਅਨ ਏਅਰ ਲਾਈਨਜ਼ ਦਿੱਲੀ ਵਿਚ ਸਰਵਿਸ ਕੀਤੀ ਅਤੇ ਫੇਰ ਵਿਚ ਉਹ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ। ਉਸਦਾ ਵਿਆਹ ਚੰਚਲ ਰੰਧਾਵਾ ਨਾਲ ਹੋਇਆ ਸੀ ਜੋ ਕਿ ਅੰਤਰਰਾਸ਼ਟਰੀ ਹਾਕੀ ਖਿਡਾਰਨ ਵੀ ਸੀ । ਉਸਦਾ ਪੁੱਤਰ ਸਰਬਿੰਦਰ ਸਿੰਘ ਰੰਧਾਵਾ ਲਾਅਨ ਟੈਨਿਸ ਖਿਡਾਰੀ ਹੈ।

ਦੁਨੀਆ ਦੇ ਚੋਟੀ ਦੇ ਡਿਫੈਂਡਰਾਂ ਵਿੱਚ ਸ਼ੁਮਾਰ ਸੁਰਜੀਤ ਸਿੰਘ ਇਕਲੌਤਾ ਭਾਰਤੀ ਖਿਡਾਰੀ ਹੈ ਜਿਸ ਦੇ ਨਾਮ ਉੱਤੇ ਉਸ ਦੇ ਪਿੰਡ ਦਾ ਨਾਮ ਸੁਰਜੀਤ ਸਿੰਘ ਵਾਲਾ (ਪਹਿਲਾ ਨਾਮਾ ਦਾਖਲਾ), ਦੋ ਸਟੇਡੀਅਮਾਂ ਦੇ ਨਾਮ (ਓਲੰਪੀਅਨ ਸੁਰਜੀਤ ਸਟੇਡੀਅਮ ਜਲੰਧਰ ਤੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆ), ਅਕੈਡਮੀ ਦਾ ਨਾਮ (ਸੁਰਜੀਤ ਹਾਕੀ ਅਕੈਡਮੀ ਜਲੰਧਰ), ਸੁਸਾਇਟੀ ਦਾ ਨਾਮ (ਸੁਰਜੀਤ ਹਾਕੀ ਸੁਸਾਇਟੀ ਜਲੰਧਰ), ਐਸੋਸੀਏਸ਼ਨ ਦਾ ਨਾਮ (ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ), ਕੌਮੀ ਪੱਧਰ ਦੇ ਟੂਰਨਾਮੈਂਟ ਦਾ ਨਾਮ (ਸੁਰਜੀਤ ਹਾਕੀ ਟੂਰਨਾਮੈਂਟ), ਐਵਾਰਡ ਦਾ ਨਾਮ (ਓਲੰਪੀਅਨ ਸੁਰਜੀਤ ਐਵਾਰਡ ਜੋ ਕਮਲਜੀਤ ਖੇਡਾਂ ਦੌਰਾਨ ਉਘੇ ਹਾਕੀ ਖਿਡਾਰੀ ਨੂੰ ਮਿਲਦਾ ਹੈ) ਅਤੇ ਦੋ ਬੁੱਤ (ਬਟਾਲਾ ਤੇ ਜਰਖੜ) ਲੱਗੇ ਹੋਏ ਹਨ। ਸੁਰਜੀਤ ਨੂੰ 1998 ਵਿਚ ਮਰਨ ਉਪਰੰਤ ਅਰਜੁਨ ਪੁਰਸਕਾਰ ਦਿੱਤਾ ਗਿਆ ।

7 ਜਨਵਰੀ 1984 ਦੀ ਸਵੇਰ ਜਲੰਧਰ-ਕਰਤਾਰਪੁਰ ਵਿਚਾਲੇ ਵਿਧੀਪੁਰ ਫਾਟਕ ਕੋਲ ਸਦਾ ਲਈ ਵਿਛੋੜਾ ਦੇਣ ਵਾਲੇ ਸੁਰਜੀਤ ਸਿੰਘ ਦਾ ਨਾਮ ਰਹਿੰਦੀ ਦੁਨੀਆ ਤੱਕ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ।

Written By
The Punjab Wire