ਲੁਧਿਆਣਾ 27 ਜਨਵਰੀ (ਦੀ ਪੰਜਾਬ ਵਾਇਰ) ।ਖਾਲਸਾ ਕਾਲਜ ਫਾਰ ਵਿਮਨ, ਸਿਵਲ ਲਾਈਨਜ਼, ਲੁਧਿਆਣਾ ਦੇ ਸਰੀਰਕ ਸਿੱਖਿਆ ਵਿਭਾਗ ਅਤੇ ਵਿਰਾਸਤੀ ਕਲੱਬ ਵੱਲੋਂ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਦੇ ਸਹਿਯੋਗ ਨਾਲ 28 ਜਨਵਰੀ ਨੂੰ ਸਵੇਰੇ 11 ਵਜੇ ਕਾਲਜ ਦੇ ਆਡੀਟੋਰੀਅਮ ਵਿਚ ਸਿੱਖ ਮਾਰਸ਼ਲ ਆਰਟ ‘ਗੱਤਕਾ’ ਉੱਤੇ ਇਕ ਰੋਜਾ ਵਰਕਸ਼ਾਪ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਤੇ ਵਰਕਸ਼ਾਪ ਦੀ ਕੁਆਰਡੀਨੇਟਰ ਡਾ. ਮਨਦੀਪ ਕੌਰ ਅਤੇ ਸਹਿ-ਕੋਆਰਡੀਨੇਟਰ ਡਾ. ਨਰਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੀ ਪ੍ਰਿੰਸੀਪਲ ਡਾ. ਮੁਕਤੀ ਗਿੱਲ ਦੀ ਅਗਵਾਈ ਵਿੱਚ ਹੋ ਰਹੀ ਇਸ ਗੱਤਕਾ ਵਰਕਸ਼ਾਪ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਮੁੱਖ ਮਹਿਮਾਨ ਹੋਣਗੇ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਲਾਦੀਆਂ ਕਲਾਂ, ਲੁਧਿਆਣਾ ਦੇ ਪ੍ਰਧਾਨ ਹਰਮਿੰਦਰ ਸਿੰਘ ਚਾਹਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਐਸੋਸੀਏਸ਼ਨ ਦੇ ਨੈਸ਼ਨਲ ਕੋਆਰਡੀਨੇਟਰ ਸਿਮਰਨਜੀਤ ਸਿੰਘ, ਐਸੋਸੀਏਸ਼ਨ ਦੇ ਸਿਖਲਾਈ ਅਤੇ ਕੋਚਿੰਗ ਡਾਇਰੈਕਟੋਰੇਟ ਦੇ ਡਾਇਰੈਕਟਰ ਸੁਖਦੀਪ ਸਿੰਘ ਵੀ ਇਸ ਮੌਕੇ ਗੱਤਕੇ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਉਣਗੇ।
ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਸਵੈ-ਰੱਖਿਆ ਵਿੱਚ ਨਿਪੁੰਨ ਬਣਾਉਣਾ, ਵਿਰਾਸਤੀ ਖੇਡ ਬਾਰੇ ਜਾਗਰੂਕ ਕਰਨਾ ਅਤੇ ਗੱਤਕਾ ਕਲਾ ਨੂੰ ਬਤੌਰ ਖੇਡ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।