ਪਠਾਨਕੋਟ: 28 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿੱਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂ ’ਤੇ ਧੋਖੇ ਨਾਲ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪਠਾਨਕੋਟ ‘ਤੋਂ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗੁਵਾਈ ਹੇਠ ਭਾਜਪਾ ਆਗੂਆਂ ਦੇ ਇੱਕ ਵਫ਼ਦ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪ ਕੇ ਮਾਮਲੇ ਦੀ ਜਾਣਕਾਰੀ ਦਿੱਤੀ।
ਅਸ਼ਵਨੀ ਸ਼ਰਮਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਠਾਨਕੋਟ ਦੇ ਧਾਰਕਲਾ ਬਲਾਕ ਅਧੀਨ ਆਉਂਦੇ ਪਿੰਡਾਂ ਦੀ ਕਰੀਬ 27,500 ਏਕੜ ਜ਼ਮੀਨ, ਜਿਸ ਵਿੱਚ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਦੀ ਮਾਲਕੀ ਵਾਲੀ ਜ਼ਮੀਨ, ਪੰਚਾਇਤੀ ਅਤੇ ਸ਼ਾਮਲਾਤੀ ਜ਼ਮੀਨਾਂ ਨੂੰ ਮਾਲ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੇ ਨਾਂ ਤਬਦੀਲ ਕਰ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੀ ਤਹਿਸੀਲ ਧਾਰਕਲਾਂ ਦੇ ਬਲਾਕ ਧਾਰਕਲਾਂ ਦੀ ਕੁਝ ਜ਼ਮੀਨ ਦਾ ਰਕਬਾ ਤਤਕਾਲੀ ਭਾਰਤ ਸਰਕਾਰ ਵੱਲੋਂ 05 ਜਨਵਰੀ 1904 ਨੂੰ ਜੰਗਲਾਤ ਸੈਕਸ਼ਨ 4 ਅਧੀਨ ਨੋਟੀਫਾਈ ਕੀਤਾ ਗਿਆ ਸੀ। ਜਦੋਂ ਕਿ ਭਾਰਤ ਵਿੱਚ ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ ਅਤੇ ਇਹ ਨੋਟੀਫਾਈਡ ਇਲਾਕਾ ਵੀ ਬਹੁਤ ਘੱਟ ਏਕੜ ਵਿੱਚ ਸੀ। ਉਸ ਸਮੇਂ ਪਹਾੜੀ ਬਲਾਕ ਵਿੱਚ ਆਬਾਦੀ ਵੀ ਬਹੁਤ ਘੱਟ ਸੀ। ਪਰ ਹੁਣ ਜੰਗਲਾਤ ਵਿਭਾਗ ਨੇ ਨਾਜਾਇਜ਼ ਤੌਰ ’ਤੇ ਰਕਬਾ ਵਧਾ ਕੇ ਧਾਰਕਲਾਂ ਬਲਾਕ ਦੇ ਲਗਭਗ ਸਾਰੇ ਪਿੰਡਾਂ ਦੀ 27,500 ਏਕੜ ਜ਼ਮੀਨ ਜੰਗਲਾਤ ਵਿਭਾਗ ਨੂੰ ਤਬਦੀਲ ਕਰ ਦਿੱਤੀ ਹੈ। ਜਦੋਂ ਵਿਭਾਗ ਤੋਂ 1904 ਦੇ ਨੋਟੀਫਿਕੇਸ਼ਨ ਦੀ ਕਾਪੀ ਉਸ ਸਮੇਂ ਦੇ ਜੰਗਲਾਤ ਵਿਭਾਗ ਵੱਲੋਂ ਤਤਕਾਲੀ ਬ੍ਰਿਟਿਸ਼ ਭਾਰਤ ਸਰਕਾਰ ਦੇ ਗਵਰਨਰ ਲਾਰਡ ਐਂਡਰਸਨ ਦੇ ਦਸਤਖਤ ਅਤੇ ਸਹੀ ਖਸਰਾ ਨੰਬਰ ਨਾਲ ਪਿੰਡ-ਵਾਰ ਮੰਗੀ ਜਾਂਦੀ ਹੈ ਤਾਂ ਜੰਗਲਾਤ ਵਿਭਾਗ ਇਸ ਸਾਰੇ ਮਾਮਲੇ ‘ਚ ਰਿਕਾਰਡ ਦੀ ਗੈਰ-ਉਪਲਬਧਤਾ ਦਾ ਬਹਾਨਾ ਬਣਾ ਕੇ ਟਾਲ-ਮਟੋਲ ਕਰ ਰਿਹਾ ਹੈ। ਹੁਣ ਸਾਲ 2019-2020 ਵਿੱਚ ਜੰਗਲਾਤ ਵਿਭਾਗ ਅਤੇ ਮਾਲ ਵਿਭਾਗ ਦੀ ਮਿਲੀਭੁਗਤ ਨਾਲ ਲੋਕਾਂ, ਪੰਚਾਇਤ ਅਤੇ ਸ਼ਾਮਲਾਤੀ ਦੀ ਜ਼ਮੀਨ ਬਿਨਾਂ ਕਿਸੇ ਨੋਟੀਫਿਕੇਸ਼ਨ ਅਤੇ ਬਿਨਾਂ ਕਿਸੇ ਅਦਾਲਤੀ ਫੈਸਲੇ ਦੇ ਜੰਗਲਾਤ ਵਿਭਾਗ ਦੇ ਨਾਂ ਤਬਦੀਲ ਕਰ ਦਿੱਤੀ ਗਈ ਹੈ। ਜੋ ਕਿ ਸਰਾਸਰ ਗਲਤ ਅਤੇ ਗੈਰ-ਕਾਨੂੰਨੀ ਹੈ। ਪਰ ਇਸ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਸ਼ਿਕਾਇਤ ਨਹੀਂ ਸੁਣੀ ਜਾ ਰਹੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਲਾਕ ਧਾਰਕਲਾ ਦੇ ਗਰੀਬ ਲੋਕ ਆਪਣੀ ਖੇਤੀ ਲਈ ਆਸਮਾਨੀ ਬਾਰਸ਼ਾਂ ‘ਤੇ ਨਿਰਭਰ ਹਨ ਅਤੇ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਸ਼ਰਮਾ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਧਾਰ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਜੰਗਲਾਤ ਵਿਭਾਗ ਦੇ ਨਾਂ ’ਤੇ ਕੀਤੀ ਜ਼ਮੀਨ ਦੀ ਮਾਲਕੀ ਅਤੇ ਇੰਤਕਾਲ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਜ਼ਮੀਨ ਦੀ ਮਾਲਕੀ ਵਾਪਸ ਪਿੰਡ ਵਾਸੀਆਂ, ਪੰਚਾਇਤਾਂ ਅਤੇ ਸ਼ਾਮਲਾਟ ਜ਼ਮੀਨਾਂ ਦੇ ਪੁਰਾਣੇ ਮਾਲਕਾਂ ਨੂੰ ਦਿੱਤੀ ਜਾਵੇI
ਇਸ ਭਾਜਪਾ ਵਫ਼ਦ ਵਿੱਚ ਅਸ਼ਵਨੀ ਸ਼ਰਮਾ ਦੇ ਨਾਲ ਭਾਜਪਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਸੁਜਾਨਪੁਰ ਤੋਂ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ, ਬਲਾਕ ਸਮਿਤੀ ਧਾਰਕਲਾਂ ਦੇ ਸਾਬਕਾ ਚੇਅਰਮੈਨ ਕਰਤਾਰ ਸਿੰਘ ਅਤੇ ਭਾਜਪਾ ਧਾਰਕਲਾਂ ਮੰਡਲ ਦੇ ਜਨਰਲ ਸਕੱਤਰ ਸਰਪੰਚ ਗਣੇਸ਼ ਚੜਕ ਸ਼ਾਮਲ ਸਨ।